...ਤੇ ਜਦੋਂ ਮੋਟਰਸਾਈਕਲ ਦੀ ਹੈੱਡਲਾਈਟ ''ਚ ਫਨੀਅਰ ਸੱਪ ਦੇਖ ਸੁੱਕੇ ਮੁੰਡੇ ਦੇ ਸਾਹ (ਤਸਵੀਰਾਂ)

Wednesday, Jul 05, 2017 - 02:13 PM (IST)

ਦੋਰਾਹਾ (ਗੁਰਮੀਤ ਕੌਰ) : ਸੱਪ ਤੋਂ ਕੌਣ ਨਹੀਂ ਡਰਦਾ? ਕਈ ਵਾਰ ਇਸ ਦਾ ਜ਼ਹਿਰੀਲਾ ਡੰਗ ਇਨਸਾਨ ਨੂੰ ਮੌਤ ਦੇ ਦਰਵਾਜ਼ੇ ਤੱਕ ਲੈ ਜਾਂਦਾ ਹੈ, ਜਿਸ ਕਾਰਨ ਹਰ ਇਨਸਾਨ ਸੱਪ ਨੂੰ ਦੇਖਦੇ ਹੀ ਕੰਬਣ ਲੱਗ ਜਾਂਦਾ ਹੈ। ਅਜਿਹੀ ਹੀ ਇਕ ਤਾਜ਼ਾ ਮਿਸਾਲ ਦੋਰਾਹਾ ਦੇ ਗੁਰਥਲੀ ਪੁਲ ਨੇੜੇ ਦੇਖਣ ਨੂੰ ਮਿਲੀ, ਜਿੱਥੇ ਇਕ ਮੋਟਰਸਾਈਕਲ ਦੀ ਹੈੱਡਲਾਈਟ 'ਚ ਸਾਢੇ ਪੰਜ ਫੁੱਟ ਲੰਬਾ ਫਨੀਅਰ ਸੱਪ ਵੜ ਗਿਆ। ਹੋਇਆ ਇੰਝ ਕਿ ਇਕ ਨੌਜਵਾਨ ਦੋਰਾਹਾ ਤੋਂ ਲੁਧਿਆਣਾ ਸਾਈਡ ਨੂੰ ਜਾ ਰਿਹਾ ਸੀ ਕਿ ਗੁਰਥਲੀ ਪੁਲ ਨੇੜੇ ਜਦੋਂ ਉਸ ਨੇ ਆਪਣਾ ਮੋਟਰਸਾਈਕਲ ਨਹਿਰ ਕਿਨਾਰੇ ਖੜ੍ਹਾ ਕੀਤਾ ਤਾਂ ਉਸ 'ਚ ਇਕ ਫਨੀਅਰ ਸੱਪ ਵੜ ਗਿਆ। ਜਿਉਂ ਹੀ ਮੋਟਰਸਾਈਕਲ ਚਾਲਕ ਨੇ ਮੋਟਰਸਾਈਕਲ ਸਟਾਰਟ ਕਰਨਾ ਸ਼ੁਰੂ ਕੀਤਾ ਤਾਂ ਉਸ ਦੀ ਨਜ਼ਰ ਸੱਪ 'ਤੇ ਪੈ ਗਈ। ਸੱਪ ਨੇ ਆਪਣਾ ਸਿਰ ਹੈੱਡਲਾਈਟ 'ਚੋਂ ਬਾਹਰ ਕੱਢਿਆ ਹੋਇਆ ਸੀ ਅਤੇ ਉਸ ਨੂੰ ਦੇਖਦੇ ਹੀ ਨੌਜਵਾਨ ਦਾ ਰੰਗ ਪੀਲਾ ਪੈ ਗਿਆ। ਬਾਅਦ 'ਚ ਆਉਂਦੇ- ਜਾਂਦੇ ਰਾਹਗੀਰਾਂ ਦੀ ਮਦਦ ਨਾਲ ਸੱਪ ਨੂੰ ਮੋਟਰਸਾਈਕਲ ਦੀ ਹੈੱਡਲਾਈਟ 'ਚੋਂ ਬਾਹਰ ਕੱਢਿਆ ਗਿਆ ਅਤੇ ਨੌਜਵਾਨ ਦੇ ਸਾਹ 'ਚ ਸਾਹ ਆਇਆ।  
ਜ਼ਿਕਰਯੋਗ ਹੈ ਕਿ ਬਰਸਾਤ ਦੇ ਮੌਸਮ ਕਾਰਨ ਸੱਪ ਵਗੈਰਾ ਆਮ ਦੇਖੇ ਜਾ ਸਕਦੇ ਹਨ ਪਰ ਇਸ ਮੌਸਮ 'ਚ ਲੋਕਾਂ ਨੂੰ ਆਪਣੇ ਵਾਹਨਾਂ ਕਾਰ, ਸਕੂਟਰ, ਮੋਟਰਸਾਈਕਲ ਆਦਿ ਨੂੰ ਪੂਰੀ ਤਰ੍ਹਾਂ ਚੈੱਕ ਕਰ ਕੇ ਘਰੋਂ ਨਿੱਕਲਣਾ ਚਾਹੀਦਾ ਹੈ ਕਿਉਂਕਿ ਜੀਵ-ਜੰਤੂਆਂ ਦਾ ਕੁਝ ਵੀ ਪਤਾ ਨਹੀਂ ਹੁੰਦਾ ਕਿ ਇਹ ਕਿਸ ਚੀਜ਼ ਨੂੰ ਆਪਣਾ ਟਿਕਾਣਾ ਬਣਾ ਲੈਣ। ਨਹੀਂ ਤਾਂ ਛੋਟੀ ਜਿਹੀ ਲਾਪ੍ਰਵਾਹੀ ਮਹਿੰਗੀ ਪੈ ਸਕਦੀ ਹੈ।


Related News