ਨਸ਼ੇ ਦਾ ਸੇਵਨ ਕਰਨ ਦੇ ਨਾਲ ਸਮੱਗਲਿੰਗ ਦਾ ਧੰਦਾ ਚਲਾਉਂਦਾ ਸੀ ਪੁਲਸ ਕਰਮਚਾਰੀ

Thursday, Jun 28, 2018 - 03:02 AM (IST)

ਨਸ਼ੇ ਦਾ ਸੇਵਨ ਕਰਨ ਦੇ ਨਾਲ ਸਮੱਗਲਿੰਗ ਦਾ ਧੰਦਾ ਚਲਾਉਂਦਾ ਸੀ ਪੁਲਸ ਕਰਮਚਾਰੀ

ਬਠਿੰਡਾ(ਵਰਮਾ)-ਨਸ਼ਾ ਸਮੱਗਲਿੰਗ ਦੇ ਮਾਮਲੇ ਵਿਚ ਪੁਲਸ ਮੁਲਾਜ਼ਮ ਵੀ ਅਛੂਤੇ ਨਹੀਂ। ਅਜਿਹਾ ਹੀ ਇਕ ਮਾਮਲਾ ਰਾਮਾਵਿਚ ਵੇਖਣ ਨੂੰ ਮਿਲਿਆ, ਜਿਥੇ ਆਈ. ਆਰ. ਬੀ. ਵਿਚ ਤਾਇਨਾਤ ਇਕ ਸਿਪਾਹੀ ਨਸ਼ਾ ਸੇਵਨ ਦੇ ਨਾਲ-ਨਾਲ ਸਮੱਗਲਿੰਗ ਦਾ ਧੰਦਾ ਵੀ ਵੱਡੇ ਪੈਮਾਨੇ ’ਤੇ ਚਲਾ ਰਿਹਾ ਹੈ। ਇਸ ਮੁਲਾਜ਼ਮ ਕੋਲੋਂ ਮੰਡੀ ਵਾਸੀਆਂ ਤੋਂ ਇਲਾਵਾ ਰਾਜਸੀ ਲੋਕ ਵੀ ਪ੍ਰੇਸ਼ਾਨ ਹਨ, ਜਿਨ੍ਹਾਂ ਨੇ ਇਸਦੀ ਸ਼ਿਕਾਇਤ ਪੁਲਸ ਨੂੰ ਦਿੱਤੀ, ਬਾਵਜੂਦ ਇਸਦੇ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਆਖਿਰ ਮੰਗਲਵਾਰ ਨੂੰ ਰਾਤ 11:30 ਵਜੇ ਮੰਡੀ ਵਾਸੀਆਂ ਦੇ ਦਬਾਅ ਵਿਚ ਆ ਕੇ ਪੁਲਸ ਨੇ ਉਕਤ ਪੁਲਸ ਮੁਲਾਜ਼ਮ ਨੂੰ ਗ੍ਰਿਫਤਾਰ ਕੀਤਾ ਪਰ ਉਸ ਕੋਲੋਂ ਕੋਈ ਨਸ਼ਾ ਬਰਾਮਦ ਨਹੀਂ ਹੋਇਆ। ਪੁਲਸ ਨੇ ਉਸਦਾ ਡੋਪ ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਇਸ ਮਾਮਲੇ ਵਿਚ ਥਾਣਾ ਰਾਮਾਂ ਮੰਡੀ ਦੇ ਮੁਖੀ ਮਨੋਜ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ ’ਤੇ ਆਈ. ਆਰ. ਬੀ. ਬਟਾਲੀਅਨ ਵਿਚ ਤਾਇਨਾਤ ਸੀ. ਆਈ. ਡੀ. ਮੁਲਾਜ਼ਮ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ, ਜਿਸ ਨੂੰ ਡੀ. ਐੱਸ. ਪੀ. ਤਲਵੰਡੀ ਸਾਬੋ ਸਾਹਮਣੇ ਪੇਸ਼ ਕੀਤਾ। ਉਨ੍ਹਾਂ ਦੇ ਹੀ ਹੁਕਮ ’ਤੇ ਉਸਦਾ ਡੋਪ ਟੈਸਟ ਵੀ ਕਰਵਾਇਆ ਗਿਆ।
 ਕੀ ਕਹਿਣੈ ਡੀ. ਐੱਸ. ਪੀ. ਦਾ
ਥਾਣਾ ਤਲਵੰਡੀ ਸਾਬੋ ਦੇ ਡੀ. ਐੱਸ. ਪੀ. ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸੇ ਵੀ ਪੁਲਸ ਮੁਲਾਜ਼ਮ ਨੂੰ ਉਨ੍ਹਾਂ ਸਾਹਮਣੇ ਪੇਸ਼ ਨਹੀਂ ਕੀਤਾ ਅਤੇ ਨਾ ਹੀ ਗ੍ਰਿਫਤਾਰ ਕੀਤਾ। ਡੀ. ਐੱਸ. ਪੀ. ਇਸ ਮਾਮਲੇ ਵਿਚ ਜਾਣ-ਬੁੱਝ ਕੇ ਅਣਜਾਣ ਬਣ ਗਏ।
 ਕੀ ਕਹਿਣੈ ਐੱਸ. ਐੱਸ. ਪੀ. ਦਾ
ਬਠਿੰਡਾ ਦੇ ਐੱਸ.ਐੱਸ. ਪੀ. ਨਵੀਨ ਸਿੰਗਲਾ ਨੇ ਦੱਸਿਆ ਕਿ ਉਕਤ ਪੁਲਸ ਮੁਲਾਜ਼ਮ ਨੂੰ ਰਾਮਾਂ ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫਤਾਰ ਕੀਤਾ ਸੀ ਪਰ ਉਸ ਵੇਲੇ ਉਸ ਕੋਲੋਂ ਕੁਝ ਬਰਾਮਦ ਨਹੀਂ ਹੋਇਆ। ਉਕਤ ਪੁਲਸ ਮੁਲਾਜ਼ਮ ਦਾ ਡੋਪ ਟੈਸਟ ਕਰਵਾ ਲਿਆ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਸਦੀ ਬਟਾਲੀਅਨ ਨੂੰ ਵਿਭਾਗੀ ਕਾਰਵਾਈ ਲਈ ਲਿਖਿਆ ਜਾ ਚੁੱਕਾ ਹੈ, ਜਿਸ ’ਤੇ ਵੀਰਵਾਰ ਨੂੰ ਕਾਰਵਾਈ ਹੋਵੇਗੀ।
 ਕੀ ਕਹਿਣੈ ਖੁਸ਼ਬਾਜ ਜਟਾਣਾ ਦਾ
 ਕਾਂਗਰਸੀ ਆਗੂ ਖੁਸ਼ਬਾਜ ਸਿੰਘ ਜਟਾਣਾ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਉਹ 3 ਵਾਰ ਐੱਸ.ਐੱਸ. ਪੀ. ਨਵੀਨ ਸਿੰਗਲਾ ਨੂੰ ਸ਼ਿਕਾਇਤ ਪੱਤਰ ਦੇ ਚੁੱਕੇ ਹਨ। ਰਾਮਾਂ ਪੁਲਸ ਤੇ ਡੀ.ਐੱਸ. ਪੀ. ਤਲਵੰਡੀ ਸਾਬੋ ਨੂੰ ਵੀ ਸੂਚਿਤ ਕੀਤਾ ਜਾ ਚੁੱਕਾ ਹੈ ਕਿ ਉਕਤ ਪੁਲਸ ਮੁਲਾਜ਼ਮ ਨੇ ਪੂਰੀ ਰਾਮਾਂ ਮੰਡੀ ਵਿਚ ਆਪਣਾ ਤਸਕਰੀ ਦਾ ਅੱਡਾ ਬਣਾ ਰੱਖਿਆ ਹੈ, ਜਿਥੇ ਭੋਲੇ-ਭਾਲੇ ਨੌਜਵਾਨਾਂ ਨੂੰ ਨਸ਼ਾ ਵੰਡਿਆ ਜਾ ਰਿਹਾ ਹੈ ਅਤੇ ਉਕਤ ਮੁਲਜ਼ਮ ਵੀ ਖੁਦ ਨਸ਼ੇ ਵਿਚ ਘੁੰਮਦਾ ਆਮ ਨਜ਼ਰ ਆਉਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਉਹ ਆਈ.ਆਰ. ਬੀ. ਬਟਾਲੀਅਨ ਦੇ ਐੱਸ. ਪੀ. ਨਾਲ ਵੀ ਗੱਲ ਕਰ ਕੇ ਕਾਰਵਾਈ ਲਈ ਕਹਿਣਗੇ। ਜਟਾਣਾ ਨੇ ਦੱਸਿਆ ਕਿ ਡੋਪ ਟੈਸਟ ਪਾਜ਼ੇਟਿਵ ਆਵੇਗਾ।


Related News