ਕੋਰੀਅਰ ’ਚ 100 ਕਰੋੜ ਦੀ ਕੋਕੀਨ ਲੁਕਾ ਕੇ ਆਸਟ੍ਰੇਲੀਆ ਭੇਜ ਰਿਹਾ ਸਮੱਗਲਰ ਗ੍ਰਿਫਤਾਰ

Friday, May 14, 2021 - 01:59 PM (IST)

ਕੋਰੀਅਰ ’ਚ 100 ਕਰੋੜ ਦੀ ਕੋਕੀਨ ਲੁਕਾ ਕੇ ਆਸਟ੍ਰੇਲੀਆ ਭੇਜ ਰਿਹਾ ਸਮੱਗਲਰ ਗ੍ਰਿਫਤਾਰ

ਚੰਡੀਗੜ੍ਹ (ਸੁਸ਼ੀਲ) : ਕਰੋਡ਼ਾਂ ਰੁਪਏ ਦੀ ਕੋਕੀਨ ਆਸਟ੍ਰੇਲੀਆ ਭੇਜਣ ਆਏ ਸਮੱਗਲਰ ਨੂੰ ਕੋਰੀਅਰ ਕੰਪਨੀ ਦੇ ਕਰਮਚਾਰੀ ਦੀ ਚੌਕਸੀ ਕਾਰਨ ਪੁਲਸ ਨੇ ਗ੍ਰਿਫਤਾਰ ਕਰ ਲਿਆ। ਪੁਲਸ ਨੇ ਤਿੰਨ ਬਕਸਿਆਂ ਵਿਚੋਂ ਕੋਕੀਨ ਦੇ 14 ਪੈਕੇਟ (10 ਕਿਲੋ) ਬਰਾਮਦ ਕੀਤੇ ਹਨ। ਕੋਕੀਨ ਲੱਕੜ ਦੀ ਟ੍ਰੇਅ ਵਿਚ ਲੁਕਾਈ ਹੋਈ ਸੀ। ਸਮੱਗਲਰ ਦੀ ਪਛਾਣ ਚੇਨਈ ਨਿਵਾਸੀ ਅਸਫਾਕ ਰਹਿਮਾਨ ਵਜੋਂ ਹੋਈ ਹੈ। ਸੈਕਟਰ-31 ਥਾਣਾ ਪੁਲਸ ਨੇ ਹੈਰੋਇਨ ਜ਼ਬਤ ਕਰ ਕੇ ਸਮੱਗਲਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ । ਐੱਸ. ਐੱਸ. ਪੀ. ਨੇ ਦੱਸਿਆ ਕਿ ਇਕ ਨੌਜਵਾਨ ਇੰਡਸਟਰੀਅਲ ਏਰੀਆ ਫੇਜ਼-2 ਸਥਿਤ ਐਕਸਲ ਵਰਲਡ ਵਾਈਡ ਪ੍ਰਾਈਵੇਟ ਲਿਮਿਟਡ ਕੋਰੀਅਰ ਕੰਪਨੀ ਵਿਚ ਆਸਟ੍ਰੇਲੀਆ ਲਈ ਕੋਰੀਅਰ ਕਰਵਾਉਣ ਆਇਆ ਸੀ। ਕੰਪਨੀ ਦਾ ਕਰਮਚਾਰੀ ਨਵਨੀਤ ਤਿੰਨਾਂ ਬਕਸਿਆਂ ਵਿਚ ਰੱਖਿਆ ਸਾਮਾਨ ਚੈੱਕ ਕਰਨ ਲੱਗਾ ਤਾਂ ਬਕਸੇ ਵਿਚਲੀ ਲੱਕੜ ਦੀ ਟ੍ਰੇਅ ਵਿਚੋਂ ਚਿੱਟੇ ਰੰਗ ਦਾ ਪਾਊਡਰ ਨਿਕਲਣ ਲੱਗਾ। ਨਸ਼ੇ ਵਾਲਾ ਪਦਾਰਥ ਹੋਣ ਦੇ ਸ਼ੱਕ ’ਚ ਉਸਨੇ ਸਟਾਫ਼ ਮੈਂਬਰਾਂ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਸਟਾਫ ਮੈਂਬਰ ਅਸਫਾਕ ਨੂੰ ਕਾਬੂ ਕਰਨ ਲੱਗੇ ਤਾਂ ਉਹ ਭੱਜ ਗਿਆ । ਕੰਪਨੀ ਦੇ ਬਾਹਰ ਗਸ਼ਤ ਕਰ ਰਹੇ ਬੀਟ ਬਾਕਸ ਦੇ ਜਵਾਨ ਨੇ ਉਸਨੂੰ ਕਾਬੂ ਕਰ ਲਿਆ। ਬੀਟ ਬਾਕਸ ਸਟਾਫ ਦੀ ਸੂਚਨਾ ’ਤੇ ਐੱਸ. ਐੱਸ. ਪੀ. ਕੁਲਦੀਪ ਸਿੰਘ ਚਹਿਲ , ਏ. ਐੱਸ. ਪੀ. ਸਾਊਥ ਸ਼ਰੂਤੀ ਅਰੋੜਾ ਅਤੇ ਥਾਣਾ ਮੁਖੀ ਨਰਿੰਦਰ ਪਟਿਆਲ ਪੁੱਜੇ । 

ਇਹ ਵੀ ਪੜ੍ਹੋ :  ਪੰਜਾਬ ’ਚ ਕੋਰੋਨਾ ਕਾਰਨ ਹਾਲਾਤ ਹੋਏ ਬਦ ਤੋਂ ਬਦਤਰ, 186 ਦੀ ਮੌਤ; ਦਵਾਈਆਂ ਦੀ ਕਾਲਾਬਾਜ਼ਾਰੀ ਨੇ ਵਧਾਈ ਚਿੰਤਾ

ਸਤਿਸੰਗ ਭਵਨ ’ਚ ਠਹਿਰਿਆ ਸੀ ਸਮੱਗਲਰ, ਇਕ ਮਹੀਨਾ ਪਹਿਲਾਂ ਕੀਤੀ ਸੀ ਰੈਕੀ
ਐੱਸ. ਐੱਸ. ਪੀ. ਕੁਲਦੀਪ ਸਿੰਘ ਚਹਿਲ ਨੇ ਕੋਰੀਅਰ ਕੰਪਨੀ ਵਿਚ ਪਹੁੰਚ ਕੇ ਸਮੱਗਲਰ ਤੋਂ ਪੁੱਛਗਿਛ ਕੀਤੀ। ਐੱਸ. ਐੱਸ. ਪੀ. ਨੇ ਦੱਸਿਆ ਕਿ 10 ਕਿਲੋ ਕੋਕੀਨ ਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਕੀਮਤ 100 ਕਰੋਡ਼ ਰੁਪਏ ਹੈ। ਜਾਂਚ ਵਿਚ ਪਤਾ ਲੱਗਾ ਹੈ ਕਿ ਸਮੱਗਲਰ ਸੈਕਟਰ-26 ਸਥਿਤ ਸਤਿਸੰਗ ਭਵਨ ਵਿਚ ਠਹਿਰਿਆ ਹੋਇਆ ਸੀ । ਮੁਲਜ਼ਮ ਇਕ ਮਹੀਨਾ ਪਹਿਲਾਂ ਰੈਕੀ ਕਰਨ ਆਇਆ ਸੀ। ਪੁਲਸ ਅਧਿਕਾਰੀਆਂ ਨੇ ਬਕਸੇ ਚੈੱਕ ਕੀਤੇ ਤਾਂ ਉਨ੍ਹਾਂ ਵਿਚ 14 ਪੈਕੇਟ ਕੋਕੀਨ ਸੀ। ਉਸਨੇ ਦੱਸਿਆ ਕਿ ਉਹ ਕੋਕੀਨ ਚੇਨਈ ਤੋਂ ਲੈ ਕੇ ਆਇਆ ਸੀ। ਮੁਲਜ਼ਮ ਅਸਫਾਕ ਦਾ ਰਿਕਾਰਡ ਚੇਨਈ ਤੋਂ ਮੰਗਵਾਇਆ ਜਾ ਰਿਹਾ ਹੈ। ਪੁਲਸ ਵੱਲੋਂ ਮੁਲਜ਼ਮ ਦਾ ਰਿਮਾਂਡ ਹਾਸਲ ਕੀਤਾ ਜਾਏਗਾ, ਤਾਂਕਿ ਗਿਰੋਹ ਦੇ ਹੋਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ।

ਇਹ ਵੀ ਪੜ੍ਹੋ : ਆਨਲਾਈਨ ਪੜ੍ਹਾਈ ਤੋਂ ਪ੍ਰੇਸ਼ਾਨ ਵਿਦਿਆਰਥੀ ਨੇ ਫਾਹਾ ਲਾ ਕੇ ਦਿੱਤੀ ਜਾਨ 

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
 


author

Anuradha

Content Editor

Related News