ਸਮੈਕ ਤੇ ਨਸ਼ੀਲੇ ਟੀਕੇ ਸਪਲਾਈ ਕਰਨ ਵਾਲੇ 4 ਸਮੱਗਲਰ ਕਾਬੂ
Tuesday, Jun 13, 2017 - 04:35 AM (IST)
ਚੰਡੀਗੜ੍ਹ, (ਸੁਸ਼ੀਲ)- ਕਾਲੋਨੀਆਂ 'ਚ ਸਮੈਕ ਅਤੇ ਨਸ਼ੀਲੇ ਪਦਾਰਥ ਸਪਲਾਈ ਕਰਨ ਵਾਲੇ ਚਾਰ ਸਮੱਗਲਰਾਂ ਨੂੰ ਪੁਲਸ ਨੇ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਤੋਂ ਐਤਵਾਰ ਰਾਤ ਗ੍ਰਿਫਤਾਰ ਕੀਤਾ। ਸੈਕਟਰ-39 ਥਾਣਾ ਪੁਲਸ ਵਲੋਂ ਫੜੇ ਗਏ ਸਮੱਗਲਰ ਯਾਦਵਿੰਦਰ ਸਿੰਘ ਕੋਲੋਂ 8.25 ਗ੍ਰਾਮ ਸਮੈਕ, ਪ੍ਰਵੀਨ ਕੁਮਾਰ ਯਾਦਵ ਕੋਲੋਂ 5.5 ਗ੍ਰਾਮ ਸਮੈਕ, ਕੁਲਬੀਰ ਕੋਲੋਂ 25 ਗ੍ਰਾਮ ਸਮੈਕ, 44 ਨਸ਼ੀਲੇ ਟੀਕੇ ਅਤੇ ਮਲੋਆ ਥਾਣਾ ਪੁਲਸ ਨੇ ਪ੍ਰਦੀਪ ਕੁਮਾਰ ਤੋਂ 20 ਗ੍ਰਾਮ ਸਮੈਕ ਤੇ 24 ਨਸ਼ੀਲੇ ਟੀਕੇ ਬਰਾਮਦ ਕੀਤੇ। ਸੈਕਟਰ-39 ਅਤੇ ਮਲੋਆ ਥਾਣਾ ਪੁਲਸ ਨੇ ਚਾਰੋਂ ਸਮੱਗਲਰਾਂ ਦੇ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਸੈਕਟਰ-39 ਥਾਣਾ ਮੁਖੀ ਰਾਜਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸੈਕਟਰ-38 ਵਾਸੀ ਯਾਦਵਿੰਦਰ ਸਿੰਘ ਸਮੈਕ ਸਪਲਾਈ ਕਰਦਾ ਹੈ। ਸੂਚਨਾ ਮਿਲਦੇ ਹੀ ਪੁਲਸ ਟੀਮ ਨੇ ਯਾਦਵਿੰਦਰ ਨੂੰ ਫੜਨ ਲਈ ਸੈਕਟਰ-37/41 ਲਾਈਟ ਪੁਆਇੰਟ ਨੇੜੇ ਨਾਕਾ ਲਗਾਇਆ। ਪੁਲਸ ਜਵਾਨਾਂ ਨੂੰ ਵੇਖ ਕੇ ਯਾਦਵਿੰਦਰ ਭੱਜਣ ਲੱਗਾ, ਪੁਲਸ ਨੇ ਉਸਦਾ ਪਿੱਛਾ ਕਰਕੇ ਉਸਨੂੰ ਫੜ ਕੇ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ 8.25 ਗ੍ਰਾਮ ਸਮੈਕ ਬਰਾਮਦ ਹੋਈ। ਉਥੇ ਹੀ ਸਨੈਚਿੰਗ ਰੋਕਣ ਲਈ ਸੈਕਟਰ-39 ਥਾਣਾ ਪੁਲਸ ਨੇ ਸੈਕਟਰ-56 'ਚ ਨਾਕਾ ਲਗਾਇਆ ਹੋਇਆ ਸੀ। ਪੁਲਸ ਜਵਾਨਾਂ ਨੂੰ ਵੇਖ ਕੇ ਇਕ ਨੌਜਵਾਨ ਭੱਜਣ ਲੱਗਾ ਤਾਂ ਉਸਨੂੰ ਪੁਲਸ ਨੇ ਦਬੋਚ ਲਿਆ। ਫੜੇ ਗਏ ਧਨਾਸ ਵਾਸੀ ਪ੍ਰਵੀਨ ਕੁਮਾਰ ਯਾਦਵ ਤੋਂ 5.5 ਗ੍ਰਾਮ ਸਮੈਕ ਬਰਾਮਦ ਹੋਈ। ਇਸਦੇ ਬਾਅਦ ਨਸ਼ੀਲੇ ਟੀਕੇ ਅਤੇ ਸਮੈਕ ਕਾਲੋਨੀ 'ਚ ਸਪਲਾਈ ਕਰਨ ਜਾ ਰਹੇ ਸੈਕਟਰ-38 ਵੈਸਟ ਵਾਸੀ ਕੁਲਬੀਰ ਸਿੰਘ ਉਰਫ ਡੋਗਰਾ ਨੂੰ ਸੈਕਟਰ-39 ਥਾਣਾ ਪੁਲਸ ਨੇ ਸੈਕਟਰ-37 'ਚ ਨਾਕਾ ਲਗਾ ਕੇ ਦਬੋਚਿਆ। ਡੋਗਰਾ ਕੋਲੋਂ 25 ਗ੍ਰਾਮ ਸਮੈਕ, 44 ਨਸ਼ੀਲੇ ਟੀਕੇ ਬਰਾਮਦ ਹੋਏ। ਉਥੇ ਹੀ ਮਲੋਆ ਥਾਣਾ ਪੁਲਸ ਨੇ ਸੈਕਟਰ-38 ਵੈਸਟ 'ਚ ਸ਼ੀਤਲਾ ਮਾਤਾ ਮੰਦਰ ਨੇੜੇ ਨਾਕਾ ਲਗਾ ਕੇ ਸਮੱਗਲਰ ਨੂੰ ਦਬੋਚ ਲਿਆ। ਸੈਕਟਰ-38 ਵਾਸੀ ਪ੍ਰਦੀਪ ਕੁਮਾਰ ਕੋਲੋਂ ਪੁਲਸ ਨੂੰ 20 ਗ੍ਰਾਮ ਸਮੈਕ ਤੇ 24 ਨਸ਼ੀਲੇ ਟੀਕੇ ਬਰਾਮਦ ਹੋਏੇ।
