ਨਿਮਿਸ਼ਾ ਮਹਿਤਾ ਵਲੋਂ ਪਿੰਡ-ਪਿੰਡ ਕੀਤੀ ਜਾ ਰਹੀ ਹੈ ਸਮਾਰਟ ਰਾਸ਼ਨ ਕਾਰਡਾਂ ਦੀ ਵੰਡ
Thursday, Mar 18, 2021 - 10:23 PM (IST)
ਗੜ੍ਹਸ਼ੰਕਰ (ਜ.ਬ.): ਕਾਂਗਰਸ ਪਾਰਟੀ ਦੀ ਆਗੂ ਨਿਮਿਸ਼ਾ ਮਹਿਤਾ ਵਲੋਂ ਪਿੰਡ-ਪਿੰਡ ਜਾ ਕੇ ਪੰਜਾਬ ਸਰਕਾਰ ਦੀ ਸਮਾਰਟ ਕਾਰਡ ਰਾਸ਼ਨ ਸਕੀਮ ਤਹਿਤ ਲੋਕਾਂ ਨੂੰ ਮਿਲਣ ਵਾਲੇ ਸਰਕਾਰੀ ਕਾਰਡਾਂ ਦੀ ਵੰਡ ਕੀਤੀ ਜਾ ਰਹੀ ਹੈ। ਵੱਖ-ਵੱਖ ਪਿੰਡਾਂ ’ਚ ਲੋਕਾਂ ਦੇ ਇਕੱਠ ਨੂੰ ਸੰਬੋਧਿਤ ਕਰਦਿਆਂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਸਮਾਰਟ ਰਾਸ਼ਨ ਕਾਰਡਾਂ ਨਾਲ ਲਾਭਪਾਤਰੀਆਂ ਦੇ ਆਧਾਰ ਕਾਰਡਾਂ ਨੂੰ ਜੋੜਨ ਨਾਲ ਲਾਭਪਾਤਰੀ ਪਰਿਵਾਰ ਤੋਂ ਇਲਾਵਾ ਉਨ੍ਹਾਂ ਦੇ ਹਿੱਸੇ ਦੀ ਕਣਕ ਹੁਣ ਕੋਈ ਹੋਰ ਪ੍ਰਾਪਤ ਨਹੀਂ ਕਰ ਸਕਦਾ ਅਤੇ ਪਿਛਲੇ ਅਕਾਲੀ ਭਾਜਪਾ ਰਾਜ ਦੌਰਾਨ ਅਕਸਰ ਲੋਕਾਂ ਦੇ ਹੱਕ ਦੀ ਕਣਕ ਝੂਠੇ ਦਸਤਖ਼ਤ ਅਤੇ ਅੰਗੂਠੇ ਲਗਾ ਕੇ ਗਾਇਬ ਕਰ ਲਈ ਜਾਂਦੀ ਸੀ। ਪਰ ਹੁਣ ਕੈਪਟਨ ਸਰਕਾਰ ਵਲੋਂ ਇਸ ਚੋਰੀ ਨੂੰ ਨੱਥ ਪਾਉਣ ਲਈ ਲੋਕਾਂ ਨੂੰ ਸਮਾਰਟ ਕਾਰਡ ਜਾਰੀ ਕੀਤੇ ਗਏ ਹਨ।
ਹਲਕਾ ਗੜ੍ਹਸ਼ੰਕਰ ’ਚ ਪਿਛਲੇ 4 ਸਾਲਾਂ ’ਚ ਨਿਮਿਸ਼ਾ ਮਹਿਤਾ ਨੇ ਪਿੰਡ-ਪਿੰਡ ’ਚ ਆਪ ਗਰੀਬ ਲੋਕਾਂ ਦੀ ਸਾਰ ਲਈ ਅਤੇ ਸੈਂਕੜੇ ਲੋੜਵੰਦਾਂ ਦੇ ਆਟਾ-ਦਾਲ ਕਾਰਡ ਬਣਵਾ ਕੇ ਪ੍ਰਦਾਨ ਕਰਵਾਏ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਅਕਾਲੀ ਭਾਜਪਾ ਰਾਜ ਦੌਰਾਨ ਸੈਂਕੜੇ ਜ਼ਰੂਰਤਮੰਦ ਪਰਿਵਾਰਾਂ ਨੂੰ ਉਨ੍ਹਾਂ ਦੇ ਸਰਕਾਰੀ ਕਣਕ ਦੇ ਹੱਕ ਤੋਂ ਵਾਂਝਾ ਰੱਖਿਆ ਗਿਆ ਸੀ ਪਰ ਕਾਂਗਰਸ ਰਾਜ ’ਚ ਨਿਮਿਸ਼ਾ ਮਹਿਤਾ ਨੇ ਉਨ੍ਹਾਂ ਨੂੰ ਇਹ ਲਾਭ ਆਪ ਦਵਾਇਆ ਹੈ।
ਸਮਾਰਟ ਕਾਰਡ ਵੰਡਣ ਲਈ ਪਦਰਾਣਾ, ਪੰਡੋਰੀ, ਮਹਿੰਦਵਾਨੀ, ਹਾਜ਼ੀਪੁਰ, ਬਿਲੜੋ, ਰਾਮਪੁਰ, ਸਲੇਮਪੁਰ, ਸਤਨੌਰ, ਸਦਰਪੁਰ, ਬੌੜਾ, ਘਾਗੋਂਰੋੜਾਵਾਲੀ, ਕੁੱਕੜਮਜਾਰਾ, ਮਹਿੰਦਵਾਨੀ ਗੁਜਰਾਂ, ਪਿੱਪਲੀਵਾਲ, ਵਿਖੇ ਸਮਾਗਮ ਕਰਵਾਏ ਗਏ। ਜ਼ਿਕਰਯੋਗ ਹੈ ਕਿ ਜਿਨ੍ਹਾਂ ਗਰੀਬ ਲੋਕਾਂ ਨੂੰ ਪਿਛਲੀ ਸਰਕਾਰ ਦੌਰਾਨ ਸਰਕਾਰੀ ਕਣਕ ਦੇ ਹੱਕ ਤੋਂ ਵਾਂਝਿਆਂ ਰੱਖਿਆ ਗਿਆ ਸੀ ਉਨ੍ਹਾਂ ਇਨ੍ਹਾਂ ਪ੍ਰੋਗਰਾਮਾਂ ’ਚ ਸਮਾਰਟ ਰਾਸ਼ਨ ਕਾਰਡ ਮਿਲਣ ’ਤੇ ਨਿਮਿਸ਼ਾ ਮਹਿਤਾ ਦਾ ਵਿਸ਼ੇਸ਼ ਧੰਨਵਾਦ ਕੀਤਾ, ਕਿਉਂਕਿ ਇਹ ਆਟੇ-ਦਾਲ ਵਾਲੇ ਸਮਾਰਟ ਰਾਸ਼ਨ ਕਾਰਡ ਉਨ੍ਹਾਂ ਨੂੰ ਕਾਂਗਰਸੀ ਆਗੂ ਨਿਮਿਸ਼ਾ ਮਹਿਤਾ ਦੀ ਮਦਦ ਨਾਲ ਹਾਸਲ ਹੋਏ ਹਨ।