ਪੰਜਾਬ ਦੇ ਲੱਖਾਂ ਸਮਾਰਟ ਰਾਸ਼ਨ ਕਾਰਡ ਧਾਰਕਾਂ ਲਈ ਬੁਰੀ ਖ਼ਬਰ, ਸੂਬਾ ਸਰਕਾਰ ਨੇ ਜਾਰੀ ਕੀਤੇ ਇਹ ਹੁਕਮ
Monday, Mar 06, 2023 - 06:28 PM (IST)
ਚੰਡੀਗੜ੍ਹ : ਪੰਜਾਬ ਦੇ ਖ਼ੁਰਾਕ ਤੇ ਸਪਲਾਈ ਵਿਭਾਗ ਨੇ ਪਿਛਲੇ ਦਿਨਾਂ ਵਿਚ ਸਮਾਰਟ ਰਾਸ਼ਨ ਸਕੀਮ (ਆਟਾ ਦਾਲ ਸਕੀਮ) ਦੇ 88,064 ਰਾਸ਼ਨ ਕਾਰਡ ਰੱਦ ਕਰ ਦਿੱਤੇ ਹਨ ਜਿਸ ਕਰਕੇ ਹੁਣ 3,59,926 ਲਾਭਪਾਤਰੀਆਂ ਨੂੰ ਸਰਕਾਰੀ ਰਾਸ਼ਨ ਨਹੀਂ ਮਿਲੇਗਾ। ਇਹ ਕਾਰਵਾਈ ਆਯੋਗ ਪਾਏ ਗਏ ਰਾਸ਼ਨ ਕਾਰਡ ਹੋਲਡਰਾਂ ’ਤੇ ਕੀਤੀ ਗਈ ਹੈ। ਦਰਅਸਲ ਪੰਜਾਬ ਸਰਕਾਰ ਨੇ ਆਟਾ-ਦਾਲ ਸਕੀਮ ਦੇ ਰਾਸ਼ਨ ਕਾਰਡਾਂ ਦੀ ਪੜਤਾਲ ਸ਼ੁਰੂ ਕੀਤੀ ਹੋਈ ਹੈ। ਇਸ ਜਾਂਚ ਦੌਰਾਨ ਜਿਹੜੇ ਰਾਸ਼ਨ ਕਾਰਡ ਹੋਲਡਰ ਆਯੋਗ ਪਾਏ ਜਾ ਰਹੇ ਹਨ, ਉਨ੍ਹਾਂ ਦੇ ਰਾਸ਼ਨ ਕਾਰਡ ਰੱਦ ਕੀਤੇ ਜਾ ਰਹੇ ਹਨ। ਸੂਤਰਾਂ ਮੁਤਾਬਕ ਖ਼ੁਰਾਕ ਤੇ ਸਪਲਾਈ ਵਿਭਾਗ ਕੋਲ ਡਿਪਟੀ ਕਮਿਸ਼ਨਰਾਂ ਤੋਂ ਪੜਤਾਲ ਦੀ 3 ਮਾਰਚ ਤੱਕ ਦੀ ਪੁੱਜੀ ਰਿਪੋਰਟ ਅਨੁਸਾਰ ਪੰਜਾਬ ਵਿਚ ਕੁੱਲ 40.68 ਲੱਖ ਰਾਸ਼ਨ ਕਾਰਡ ਹੋਲਡਰ ਹਨ। ਇਨ੍ਹਾਂ ਵਿਚੋਂ 37.79 ਲੱਖ ਕਾਰਡਾਂ ਦੀ ਪੜਤਾਲ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਜੋ 92.89 ਫ਼ੀਸਦੀ ਬਣਦਾ ਹੈ। ਇਸ ਪੜਤਾਲ ’ਚ 3.30 ਲੱਖ ਰਾਸ਼ਨ ਕਾਰਡ ਆਯੋਗ ਪਾਏ ਗਏ ਹਨ ਜੋ ਸ਼ਰਤਾਂ ਪੂਰੀਆਂ ਨਹੀਂ ਕਰਦੇ ਸਨ। ਆਯੋਗ ਰਾਸ਼ਨ ਕਾਰਡਾਂ ਵਿਚੋਂ 88,064 ਰਾਸ਼ਨ ਕਾਰਡ ਕੱਟ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਲਈ ਅਹਿਮ ਖ਼ਬਰ, ਸੂਬਾ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਉਧਰ ਇੰਨੀ ਵੱਡੀ ਗਿਣਤੀ ਵਿਚ ਰਾਸ਼ਨ ਕਾਰਡਾਂ ਦੇ ਕੱਟੇ ਜਾਣ ਨਾਲ ਹਲਚਲ ਮੱਚ ਗਈ ਹੈ ਅਤੇ ਵਿਰੋਧੀ ਧਿਰਾਂ ਨੇ ਇਸ ਮਾਮਲੇ ’ਤੇ ਸਰਕਾਰ ਨੂੰ ਨਿਸ਼ਾਨੇ ’ਤੇ ਲੈਣਾ ਸ਼ੁਰੂ ਕਰ ਦਿੱਤਾ ਹੈ। ਜਿੱਥੇ ਯੋਗ ਰਾਸ਼ਨ ਕਾਰਡ ਕੱਟੇ ਗਏ ਹਨ, ਉੱਥੇ ਸਰਕਾਰ ਖ਼ਿਲਾਫ਼ ਰੋਸ ਵਧਣ ਲੱਗਾ ਹੈ। ਜਿਹੜੇ ਰਸੂਖਵਾਨਾਂ ਦੇ ਰਾਸ਼ਨ ਕਾਰਡ ਕੱਟੇ ਹਨ, ਉਨ੍ਹਾਂ ਤੋਂ ਲੋਕ ਖ਼ੁਸ਼ ਵੀ ਹਨ। ਬਹੁਤੇ ਆਯੋਗ ਕਾਰਡ ਹੋਲਡਰ ਉਹ ਹਨ ਜਿਨ੍ਹਾਂ ਦੇ ਕੋਠੀਆਂ ਕਾਰਾਂ ਹਨ। ਇਸ ਪੜਤਾਲ ’ਚ ਬਹੁਤਾ ਰਗੜਾ ਗ਼ਰੀਬ ਲੋਕਾਂ ਨੂੰ ਲੱਗ ਗਿਆ ਹੈ। ਕਈ ਜ਼ਿਲ੍ਹਿਆਂ ਵਿਚ ਮੁੜ ਪੜਤਾਲ ਲਈ ਵੀ ਦਬਾਅ ਪੈ ਰਿਹਾ ਹੈ। ਪੜਤਾਲ ਰਿਪੋਰਟ ਅਨੁਸਾਰ ਤਰਨ ਤਾਰਨ ਜ਼ਿਲ੍ਹੇ ’ਚ ਔਸਤਨ ਹਰ ਚੌਥਾ ਰਾਸ਼ਨ ਕਾਰਡ ਹੀ ਆਯੋਗ ਪਾਇਆ ਗਿਆ ਹੈ। ਇਸ ਜ਼ਿਲ੍ਹੇ ਵਿਚ 1.41 ਲੱਖ ਕਾਰਡਾਂ ਦੀ ਪੜਤਾਲ ਹੋਈ ਹੈ ਜਿਸ ਵਿਚੋਂ 36,982 (26.08 ਫ਼ੀਸਦੀ) ਆਯੋਗ ਨਿਕਲੇ ਹਨ। ਦੂਸਰੇ ਨੰਬਰ ’ਤੇ ਜ਼ਿਲ੍ਹਾ ਲੁਧਿਆਣਾ ਹੈ ਜਿੱਥੇ 46 ਹਜ਼ਾਰ ਰਾਸ਼ਨ ਕਾਰਡ ਆਯੋਗ ਪਾਏ ਗਏ ਹਨ।
ਇਹ ਵੀ ਪੜ੍ਹੋ : ਮੌਸਮ ਵਿਭਾਗ ਨੇ ਜਾਰੀ ਕੀਤਾ ਵਿਸ਼ੇਸ਼ ਬੁਲੇਟਿਨ, ਆਉਣ ਵਾਲੇ ਦਿਨਾਂ ’ਚ ਜਾਣੋ ਕਿਹੋ ਜਿਹਾ ਰਹੇਗਾ ਮੌਸਮ
ਤੀਜਾ ਨੰਬਰ ਜ਼ਿਲ੍ਹਾ ਬਠਿੰਡਾ ਹੈ ਜਿੱਥੇ ਦੋ ਲੱਖ ਕਾਰਡਾਂ ਦੀ ਪੜਤਾਲ ’ਚ 31,219 ਰਾਸ਼ਨ ਕਾਰਡ ਆਯੋਗ ਪਾਏ ਗਏ ਹਨ ਜੋ 15.34 ਫ਼ੀਸਦੀ ਬਣਦੇ ਹਨ। ਇਵੇਂ ਹੀ ਰੋਪੜ ਜ਼ਿਲ੍ਹੇ ਵਿੱਚ 13.11 ਫ਼ੀਸਦੀ, ਫ਼ਤਿਹਗੜ੍ਹ ਸਾਹਿਬ ਵਿਚ 12.98 ਫ਼ੀਸਦੀ, ਫ਼ਰੀਦਕੋਟ ਵਿਚ 13.42 ਫ਼ੀਸਦੀ, ਮੁਹਾਲੀ ਜ਼ਿਲ੍ਹੇ ਵਿਚ 11.14 ਫ਼ੀਸਦੀ, ਮਾਨਸਾ ਜ਼ਿਲ੍ਹੇ ਵਿਚ 9.99 ਫ਼ੀਸਦੀ, ਫ਼ਿਰੋਜ਼ਪੁਰ ਵਿਚ 9.05 ਫ਼ੀਸਦੀ ਅਤੇ ਅੰਮ੍ਰਿਤਸਰ ਜ਼ਿਲ੍ਹੇ ਵਿਚ 9.74 ਫ਼ੀਸਦੀ ਰਾਸ਼ਨ ਕਾਰਡ ਆਯੋਗ ਪਾਏ ਹਨ। ਦੂਸਰੇ ਬੰਨ੍ਹੇ ਕੱਟੇ ਗਏ ਰਾਸ਼ਨ ਕਾਰਡਾਂ ’ਤੇ ਨਜ਼ਰ ਮਾਰੀਏ ਤਾਂ ਜ਼ਿਲ੍ਹਾ ਲੁਧਿਆਣਾ ਵਿਚ ਸਭ ਤੋਂ ਵੱਧ 29,725 ਰਾਸ਼ਨ ਕਾਰਡ ਰੱਦ ਕੀਤੇ ਗਏ ਹਨ ਜਦੋਂ ਕਿ ਰੋਪੜ ਜ਼ਿਲ੍ਹੇ ਵਿਚ 8567 ਕਾਰਡ ਕੱਟੇ ਗਏ ਹਨ। ਇਸ ਤੋਂ ਇਲਾਵਾ ਮੋਗਾ ਜ਼ਿਲ੍ਹੇ ਵਿਚ 7445 ਕਾਰਡ, ਹੁਸ਼ਿਆਰਪੁਰ ਵਿਚ 6155, ਬਠਿੰਡਾ ਵਿਚ 6063 ਅਤੇ ਪਠਾਨਕੋਟ ਵਿਚ 4596 ਰਾਸ਼ਨ ਕਾਰਡ ਰੱਦ ਕੀਤੇ ਗਏ ਹਨ।
ਇਹ ਵੀ ਪੜ੍ਹੋ : ਲਾਡਾਂ ਨਾਲ ਪਾਲ਼ੇ ਪੁੱਤ ਨੂੰ ਪੰਜਾਬ ਤੋਂ ਕੈਨੇਡਾ ਖਿੱਚ ਲਿਆਈ ਮੌਤ, ਇੰਝ ਉੱਜੜਨਗੀਆਂ ਖ਼ੁਸ਼ੀਆਂ ਸੋਚਿਆ ਨਾ ਸੀ
ਕੀ ਕਹਿਣਾ ਹੈ ਖੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦਾ
ਇਸ ਮਾਮਲੇ ’ਤੇ ਖ਼ੁਰਾਕ ਤੇ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਕਹਿਣਾ ਹੈ ਕਿ ਜਿੱਥੇ ਕਿਤੇ ਯੋਗ ਰਾਸ਼ਨ ਕਾਰਡ ਕੱਟੇ ਗਏ ਹਨ, ਉਨ੍ਹਾਂ ’ਤੇ ਮੁੜ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਰੀਬ ਤਿੰਨ ਲੱਖ ਲਾਭਪਾਤਰੀਆਂ ਦੇ ਨਾਮ ਕੱਟੇ ਗਏ ਹਨ ਅਤੇ ਪੜਤਾਲ ਦਾ ਕੰਮ ਦਸ ਦਿਨਾਂ ਦੇ ਅੰਦਰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋੜਵੰਦਾਂ ਨੂੰ ਸਕੀਮ ਤੋਂ ਬਾਹਰ ਨਹੀਂ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਕਿਸੇ ਦਾ ਯੋਗ ਰਾਸ਼ਨ ਕਾਰਡ ਕੱਟਿਆ ਗਿਆ ਹੈ ਤਾਂ ਇਸ ’ਤੇ ਮੁੜ ਵਿਚਾਰ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਨੂੰ ਮਿਲਿਆ ਨਵਾਂ ਐੱਸ. ਐੱਸ. ਪੀ., ਕੰਵਰਦੀਪ ਕੌਰ ਦੀ ਹੋਈ ਨਿਯੁਕਤੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।