ਵਾੜਾ ਭਾਈਕਾ ਵਾਸੀਆਂ ਤੇ ਕਿਸਾਨਾਂ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ
Friday, Jan 05, 2018 - 10:53 AM (IST)

ਬਰਗਾੜੀ (ਕੁਲਦੀਪ) - ਪਿੰਡ ਵਾੜਾ ਭਾਈਕਾ ਵਿਖੇ ਮੰਗਾਂ ਨੂੰ ਲੈ ਕੇ ਦਿੱਤਾ ਧਰਨਾ ਅੱਜ 13ਵੇਂ ਦਿਨ 'ਚ ਦਾਖਲ ਹੋ ਗਿਆ ਹੈ। ਧਰਨੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ।
ਇਸ ਸਮੇਂ ਇਕਾਈ ਪ੍ਰਧਾਨ ਮੋਹਨ ਸਿੰਘ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੇਸ਼ੱਕ ਪਿਛਲੇ ਦੋ ਦਿਨਾਂ ਤੋਂ ਠੰਡ ਕਾਫੀ ਵੱਧ ਗਈ ਹੈ ਪਰ ਅਸੀਂ ਹਾਰ ਨਹੀਂ ਮੰਨਣੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੇ ਪਿੰਡ ਪਾਣੀ ਨਹੀਂ ਪਹੁੰਚਦਾ ਅਤੇ ਯੋਗ ਬੱਸ ਸਟੈਂਡ ਦੀ ਉਸਾਰੀ ਨਹੀਂ ਕੀਤੀ ਜਾਂਦੀ, ਅਸੀਂ ਧਰਨਾ ਇਸੇ ਤਰ੍ਹਾਂ ਜਾਰੀ ਰੱਖਾਂਗੇ। ਉਨ੍ਹਾਂ ਕਿਹਾ ਕਿ ਧਰਨਾ ਦੇਣਾ ਸਾਡਾ ਕੋਈ ਸ਼ੌਕ ਨਹੀਂ ਹੈ ਪਰ ਗੂੰਗੀਆਂ-ਬੋਲ਼ੀਆਂ ਸਰਕਾਰਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਸਾਨੂੰ ਮਜਬੂਰੀਵੱਸ ਹੱਡ ਚੀਰਵੀਂ ਠੰਡ 'ਚ ਧਰਨਾ ਦੇਣਾ ਪੈ ਰਿਹਾ ਹੈ, ਜਿਸ 'ਚ ਔਰਤਾਂ ਵੀ ਸ਼ਾਮਲ ਹਨ। ਠੰਡ ਨੂੰ ਧਿਆਨ 'ਚ ਰੱਖਦਿਆਂ ਅਸੀਂ ਰਜਾਈਆਂ ਦਾ ਪ੍ਰਬੰਧ ਕਰ ਲਿਆ ਹੈ। ਅੱਜ ਦੇ ਧਰਨੇ ਦੌਰਾਨ ਧਨਵੰਤ ਸਿੰਘ, ਪਰਮਜੀਤ ਕੌਰ, ਗੁਰਦੀਪ ਕੌਰ, ਮਨਜੀਤ ਕੌਰ ਅਤੇ ਲਖਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।