ਸਰਕਾਰੀ ਸਕੂਲ ਬੰਦ ਕਰਨ ਵਿਰੁੱਧ ਲੋਕਾਂ ਵੱਲੋਂ ਨਾਅਰੇਬਾਜ਼ੀ

Monday, Oct 30, 2017 - 02:48 AM (IST)

ਸਰਕਾਰੀ ਸਕੂਲ ਬੰਦ ਕਰਨ ਵਿਰੁੱਧ ਲੋਕਾਂ ਵੱਲੋਂ ਨਾਅਰੇਬਾਜ਼ੀ

ਹੁਸ਼ਿਆਰਪੁਰ, (ਜਸਵਿੰਦਰਜੀਤ)-  ਸਰਕਾਰੀ ਪ੍ਰਾਇਮਰੀ ਸਕੂਲ ਨੂੰ ਮਰਜ ਕਰ ਕੇ ਦੂਰ-ਦੁਰਾਡੇ ਦੇ ਸਕੂਲ ਵਿਚ ਪਿੰਡ ਦੇ ਬੱਚਿਆਂ ਨੂੰ ਭੇਜਣ ਸਬੰਧੀ ਜਾਰੀ ਹਦਾਇਤਾਂ ਦੇ ਵਿਰੋਧ ਵਿਚ ਪਿੰਡ ਸਹੋਤਾ ਵਿਖੇ ਸਰਪੰਚ ਕਰਤਾਰ ਕੌਰ ਦੀ ਅਗਵਾਈ ਵਿਚ ਪਿੰਡ ਵਾਸੀਆਂ ਦਾ ਭਾਰੀ ਇਕੱਠ ਹੋਇਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ 'ਸਕੂਲ ਬਚਾਓ' ਮੁਹਿੰਮ ਦੇ ਜ਼ਿਲਾ ਪ੍ਰਧਾਨ ਪ੍ਰਿੰ. ਅਮਨਦੀਪ ਸ਼ਰਮਾ, ਜੁਆਇੰਟ ਸਕੱਤਰ ਅਜੀਬ ਦਿਵੇਦੀ, ਜਸਵਿੰਦਰ ਪਾਲ ਅਧਿਆਪਕ ਆਗੂ, ਜੇ. ਪੀ. ਐੱਮ. ਜ਼ਿਲਾ ਕਮੇਟੀ ਦੇ ਮੈਂਬਰ ਡਾ. ਤਰਲੋਚਨ ਸਿੰਘ ਅਤੇ ਬਲਾਕ ਪ੍ਰਧਾਨ ਦਵਿੰਦਰ ਸਿੰਘ ਧਨੋਤਾ ਨੇ ਪਿੰਡ ਵਾਸੀਆਂ ਨੂੰ ਸਕੂਲ ਨੂੰ ਬੰਦ ਕਰਨ ਦੇ ਸਰਕਾਰ ਦੇ ਮਨਸੂਬਿਆਂ ਬਾਰੇ ਜਾਣਕਾਰੀ ਦਿੱਤੀ । 
ਉਨ੍ਹਾਂ ਕਿਹਾ ਕਿ ਸਰਕਾਰਾਂ ਗਰੀਬਾਂ, ਮਜ਼ਦੂਰਾਂ ਅਤੇ ਕਿਰਤੀਆਂ ਦੇ ਬੱਚਿਆਂ ਨੂੰ ਪਿੰਡ ਵਿਚ ਸਿੱਖਿਆ ਦੇਣ ਤੋਂ ਭੱਜ ਰਹੀ ਹੈ ਅਤੇ ਉਨ੍ਹਾਂ ਨੂੰ ਸਿੱਖਿਆ ਲੈਣ ਦੇ ਹੱਕ ਤੋਂ ਵਾਂਝੇ ਕਰ ਰਹੀ ਹੈ। ਜ਼ਿਲਾ ਜਥੇਬੰਦੀ ਕਦੇ ਵੀ ਸਰਕਾਰ ਦੇ ਸਿੱਖਿਆ ਵਿਰੋਧੀ ਮਨਸੂਬੇ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ। ਪਿੰਡ ਵਾਸੀਆਂ ਨੇ ਪਹੁੰਚੇ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਪਿੰਡ ਦੇ ਸਕੂਲ ਨੂੰ ਜਾਰੀ ਰੱਖਣ ਲਈ ਹਰ ਸੰਘਰਸ਼ ਕਰਾਂਗੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਆਪਣੀਆਂ ਕਮੀਆਂ ਨੂੰ ਦੂਰ ਕਰਨਾ ਚਾਹੀਦਾ ਹੈ। ਸਰਕਾਰਾਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਕੀਤੇ ਜਾ ਰਹੇ ਤਜਰਬਿਆਂ ਅਤੇ ਧੜਾਧੜ ਖੋਲ੍ਹੇ ਜਾ ਰਹੇ ਪ੍ਰਾਈਵੇਟ ਸਕੂਲਾਂ ਨੂੰ ਬੰਦ ਨਾ ਕਰਨ ਕਾਰਨ ਬੱਚਿਆਂ ਦੀ ਗਿਣਤੀ ਘਟੀ ਹੈ। ਅਸੀਂ ਪਿੰਡ ਦੇ ਸਕੂਲ ਨੂੰ ਕਿਸੇ ਵੀ ਕੀਮਤ ਵਿਚ ਬੰਦ ਨਹੀਂ ਕਰਨ ਦੇਵਾਂਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਇਸ ਸਕੂਲ ਨੂੰ ਚਾਲੂ ਰੱਖਣ ਤੱਕ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਪਿੰਡ ਵਾਸੀਆਂ ਨੇ ਮੌਜੂਦਾ ਸਰਕਾਰ ਦੇ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦੇ ਫੈਸਲੇ ਦੇ ਵਿਰੋਧ ਵਿਚ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਬਲਵਿੰਦਰ ਸਿੰਘ, ਪਰਮਜੀਤ ਹੈਪੀ, ਸਰਬਜੀਤ ਸਿੰਘ, ਲਸ਼ਕਰ ਸਿੰਘ, ਮਹਿੰਗਾ ਰਾਮ, ਲਖਵੀਰ ਸਿੰਘ, ਨਸੀਬ ਸਿੰਘ, ਰਣਜੀਤ ਕੌਰ ਪੰਚ, ਹਰਗੋਪਾਲ, ਨਿਰਮਲ, ਤਰਸੇਮ ਸਿੰਘ, ਕਰਤਾਰ ਕੌਰ, ਪਰਮਜੀਤ ਕੌਰ, ਬਲਦੇਵ ਕੌਰ, ਜਗਦੀਸ਼ ਕੌਰ, ਅਮਰਜੀਤ ਕੌਰ, ਰਿਤੂ ਬਾਲਾ, ਸੰਦੀਪ ਕੌਰ, ਸ਼ੰਕੁਤਲਾ, ਕਮਲਜੀਤ ਕੌਰ, ਰੇਸ਼ਮ ਕੌਰ, ਰਾਮ ਪਿਆਰੀ, ਮਨਜੀਤ ਕੌਰ, ਅਧਿਆਪਕ ਇੰਦੂ ਬਾਲਾ, ਰਾਜਿੰਦਰ ਕੁਮਾਰ, ਮਨਜੀਤ ਸਿੰਘ, ਬਲਵੀਰ ਸਿੰਘ ਧਾਮੀ, ਬਲਜਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਵਾਸੀ ਅਤੇ ਸਕੂਲ ਵਿਚ ਪੜ੍ਹ ਰਹੇ ਬੱਚਿਆਂ ਦੇ ਮਾਪੇ ਵੀ ਹਾਜ਼ਰ ਸਨ।


Related News