ਮਿਊਂਸੀਪਲ ਪੈਨਸ਼ਨਰਜ਼ ਵੱਲੋਂ ਸਰਕਾਰ ਖਿਲਾਫ਼ ਨਾਅਰੇਬਾਜ਼ੀ
Tuesday, Mar 13, 2018 - 06:02 AM (IST)

ਟਾਂਡਾ ਉੜਮੁੜ, (ਗੁਪਤਾ)- ਮਿਊਂਸੀਪਲ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਟਾਂਡਾ ਉੜਮੁੜ ਦੀ ਇਕ ਮੀਟਿੰਗ ਪ੍ਰਧਾਨ ਸ਼ਿੰਗਾਰਾ ਸਿੰਘ ਸੈਣੀ ਦੀ ਅਗਵਾਈ ਵਿਚ ਸ਼ਿਮਲਾ ਪਹਾੜੀ ਉੜਮੁੜ ਵਿਖੇ ਹੋਈ, ਜਿਸ 'ਚ ਐਸੋਸੀਏਸ਼ਨ ਦੀਆਂ ਮੰਗਾਂ ਪ੍ਰਵਾਨ ਨਾ ਕਰਨ ਦੇ ਰੋਸ ਵਜੋਂ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਕੱਤਰਤਾ ਨੂੰ ਸੰਬੋਧÎਨ ਕਰਦਿਆਂ ਪ੍ਰਧਾਨ ਸ਼ਿੰਗਾਰਾ ਸਿੰਘ ਸੈਣੀ ਨੇ ਕਿਹਾ ਕਿ ਕੈਪਟਨ ਸਰਕਾਰ ਦਾ ਇਕ ਸਾਲ ਦਾ ਕਾਰਜਕਾਲ ਪੂਰਾ ਹੋ ਗਿਆ ਹੈ ਪਰ ਇਸ ਨੇ ਅੱਜ ਤੱਕ ਪੈਨਸ਼ਨਰਾਂ ਦੀ ਡੀ.ਏ. ਦੀ ਕਿਸ਼ਤ ਦਾ ਬਕਾਇਆ ਨਹੀਂ ਦਿੱਤਾ। ਜਨਵਰੀ 2017 ਅਤੇ ਜੁਲਾਈ 2017 ਦੀਆਂ ਬਣਦੀਆਂ ਡੀ. ਏ. ਦੀਆਂ ਕਿਸ਼ਤਾਂ ਦਾ ਬਕਾਇਆ ਵੀ ਖੜ੍ਹਾ ਹੈ, ਜਿਸ ਕਾਰਨ ਪੈਨਸ਼ਨਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨਰਾਂ ਨੇ ਸਰਕਾਰ ਤੋਂ ਇਹ ਵੀ ਮੰਗ ਕੀਤੀ ਸੀ ਕਿ ਮੈਡੀਕਲ ਭੱਤਾ 2500 ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ ਅਤੇ 100 ਫੀਸਦੀ ਡੀ. ਏ. ਬੇਸਿਕ-ਪੇ 'ਚ ਮਰਜ ਕੀਤਾ ਜਾਵੇ ਪਰ ਕਾਂਗਰਸ ਸਰਕਾਰ ਨੇ ਐਸੋਸੀਏਸ਼ਨ ਦੀ ਇਸ ਮੰਗ ਨੂੰ ਅਜੇ ਤੱਕ ਮਨਜ਼ੂਰੀ ਨਹੀਂ ਦਿੱਤੀ, ਜਿਸ ਕਾਰਨ ਪੈਨਸ਼ਨਰਾਂ 'ਚ ਰੋਸ ਦੀ ਲਹਿਰ ਵਧਦੀ ਜਾ ਰਹੀ ਹੈ।
ਸੈਣੀ ਨੇ ਕਿਹਾ ਕਿ ਪੇ-ਕਮਿਸ਼ਨ ਦੀ ਰਿਪੋਰਟ ਨੂੰ ਇਸ ਸਰਕਾਰ ਨੇ ਅੱਜ ਤੱਕ ਸਮਾਂ-ਬੱਧ ਨਹੀਂ ਕੀਤਾ, ਜੋ ਕਿ ਪੈਨਸ਼ਨਰਾਂ ਨਾਲ ਸਰਾਸਰ ਧੱਕਾ ਹੈ। ਜੇਕਰ ਸਰਕਾਰ ਆਪਣੀ ਜ਼ਿੱਦ 'ਤੇ ਅੜੀ ਰਹੀ ਅਤੇ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ ਸਾਡੀ ਐਸੋਸੀਏਸ਼ਨ ਬਾਕੀ ਸੰਸਥਾਵਾਂ ਦਾ ਸਹਿਯੋਗ ਲੈ ਕੇ ਸਰਕਾਰ ਖਿਲਾਫ਼ ਸੰਘਰਸ਼ ਨੂੰ ਹੋਰ ਤੇਜ਼ ਕਰ ਦੇਵੇਗੀ ਅਤੇ ਸੜਕਾਂ 'ਤੇ ਜਾਮ ਲਾਏਗੀ।
ਇਸ ਮੌਕੇ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਸਰਕਾਰ ਦੇ ਅੜੀਅਲ ਰਵੱਈਏ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਅਸ਼ੋਕ ਕੁਮਾਰ, ਐੱਨ.ਪੀ. ਸਿੰਘ, ਸੋਮਨਾਥ, ਰਤਨ ਸਿੰਘ, ਸੋਹਣ ਲਾਲ, ਅੱਛਰ ਰਾਮ, ਗੁਰਦਿਆਲ ਸਿੰਘ, ਧਰਮ ਚੰਦ, ਸੋਮਨਾਥ ਭੱਟੀ, ਕਰਨੈਲ ਸਿੰਘ, ਧਰਮ ਚੰਦ, ਕੇਵਲ ਕ੍ਰਿਸ਼ਨ, ਸੁਦਰਸ਼ਨ ਕੁਮਾਰ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।