ਬਿਜ਼ਲੀ ਮੁਲਾਜ਼ਮਾਂ ਨੂੰ ਲੋਕਾਂ ਨੇ ਮਾਰੀਆਂ ਚੱਪਲਾਂ, ਡਿਫਾਲਟਰਾਂ ਪਾਸੋਂ ਕਰਨ ਗਏ ਸਨ ਰਿਕਵਰੀ
Tuesday, Sep 01, 2020 - 12:01 PM (IST)
ਗੁਰਾਇਆ (ਮੁਨੀਸ਼ ਬਾਵਾ) - ਪੀ ਐਸ ਪੀ ਸੀ ਐਲ ਦਫਤਰ ਗੁਰਾਇਆ ਦਿਹਾਤੀ ਦੇ ਮੁਲਾਜ਼ਮਾਂ ਵੱਲੋਂ ਸੀਨੀਅਰ ਅਫਸਰਾਂ ਦੇ ਹੁਕਮਾਂ ਤੇ ਬਿਜਲੀ ਡਿਫਾਲਟਰਾਂ ਪਾਸੋਂ ਰਿਕਵਰੀ ਕਰਨ ਲਈ ਹੁਕਮ ਦਿੱਤੇ ਗਏ ਹਨ। ਜਿਸ ਦੇ ਤਹਿਤ ਸੰਜੀਵ ਕੁਮਾਰ ਫੋਰਮੈਨ,ਦਵਿੰਦਰ ਸਿੰਘ ਅਤੇ ਰੋਸ਼ਨ ਲਾਲ ਲਾਈਨ ਮੇਨ,ਗੁਰਪ੍ਰੀਤ ਕੁਮਾਰ ਸੀ ਐਚ ਬੀ ਕਾਮਾ ਰਿਕਵਰੀ ਕਰਨ ਲਈ ਪਿੰਡ ਜਮਾਲਪੁਰ ਵਿਖੇ ਗਏ ਸਨ। ਜਿਥੇ ਡਿਫਲਟਰਾ ਵੱਲੋਂ ਪੈਸੇ ਨਾ ਦਿੱਤੇ ਜਾਣ ਦੀ ਸੁਰਤ ਵਿੱਚ ਮੁਲਾਜ਼ਮਾਂ ਵੱਲੋਂ ਪੰਜ ਦੇ ਕਰੀਬ ਬਿਜਲੀ ਦੇ ਕੁਨੈਕਸ਼ਨ ਕੱਟੇ ਗਏ ਸਨ।
ਜਿਸ ਤੋ ਬਾਅਦ ਪਿੰਡ ਵਾਸੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਅਤੇ ਬਿਜਲੀ ਮੁਲਾਜ਼ਮਾਂ ਨੂੰ ਘੇਰਾ ਪਾ ਲਿਆ ਗਿਆ। ਜਿਥੇ ਪਿੰਡ ਵਾਸੀਆਂ ਵੱਲੋਂ ਬਿਜਲੀ ਮੁਲਾਜ਼ਮਾਂ ਤੇ ਧੱਕੇ ਸ਼ਾਹੀ ਦੇ ਦੋਸ਼ ਲਾਏ ਜਾ ਰਹੇ ਹਨ ਉਥੇ ਹੀ ਬਿਜਲੀ ਮੁਲਾਜ਼ਮਾਂ ਦੇ ਫੋਰਮੇਨ ਸੰਜੀਵ ਕੁਮਾਰ, ਜੇ ਈ ਅਰਵਿੰਦ ਢਡਵਾਲ ਨੇ ਕਿਹਾ ਕਿ ਉਹ ਆਪਣੇ ਸੀਨੀਅਰ ਅਧਿਕਾਰੀਆਂ ਦੇ ਹੁਕਮਾਂ ਤਹਿਤ ਰਿਕਵਰੀ ਕਰਨ ਗਏ ਸਨ। ਜਿਥੇ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਬਿਜਲੀ ਮੁਲਾਜ਼ਮਾਂ ਦੇ ਨਾਲ ਧੱਕਾ ਮੁੱਕੀ ਕੀਤੀ ਅਤੇ ਉਹਨਾ ਦੇ ਚੱਪਲਾਂ ਮਾਰਦੇ ਹੋਏ ਸਰਕਾਰੀ ਕੰਮ ਵਿੱਚ ਵਿਘਨ ਪਾਇਆ ਅਤੇ ਧੱਕੇ ਨਾਲ ਕੱਟੇ ਹੋਏ ਕੁਨੈਕਸ਼ਨ ਵੀ ਜੁੜਵਾਏ ਗਏ।ਉਹਨਾ ਕਿਹਾ ਕਿ ਉਹਨਾ ਇਸ ਦੀ ਸ਼ਿਕਾਇਤ ਫਗਵਾੜਾ ਪੁਲਿਸ ਨੂੰ ਸ਼ਨੀਵਾਰ ਨੂੰ ਹੀ ਦੇ ਦਿੱਤੀ ਸੀ। ਪਰ ਕੋਈ ਵੀ ਕਾਰਵਾਈ ਨਾ ਹੁੰਦੀ ਦੇਖ ਸੋਮਵਾਰ ਨੂੰ ਬਿਜਲੀ ਮੁਲਾਜ਼ਮਾਂ ਵੱਲੋਂ ਰੁੜਕਾ ਖੁਰਦ ਬਿਜਲੀ ਦਫਤਰ ਵਿਖੇ ਕੰਮ ਕਾਰ ਠੱਪ ਰੱਖ ਕੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਧਰਨਾ ਲਾਇਆ ਗਿਆ ਹੈ। ਜਿਥੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਦੋ ਤੱਕ ਸਾਨੂੰ ਇਨਸਾਫ਼ ਨਹੀਂ ਮਿਲਦਾ ਉਦੋ ਤੱਕ ਕੰਮ ਕਾਰ ਠੱਪ ਰੱਖਿਆ ਜਾਵੇਗਾ ਅਤੇ ਇਸ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ।