ਗਰੀਬਾਂ ਦੀਆਂ ਝੁੱਗੀਆਂ ਤਾਂ ਹਟਾ ਦਿੱਤੀਆਂ ਪਰ ਸ਼ਰਾਬ ਦਾ ਠੇਕਾ ਕੌਣ ਹਟਾਊ?

05/02/2018 4:19:49 AM

ਸੁਲਤਾਨਪੁਰ ਲੋਧੀ, (ਸੋਢੀ)- ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਨਵੀਂ ਦਾਣਾ ਮੰਡੀ ਸੁਲਤਾਨਪੁਰ ਲੋਧੀ ਮੂਹਰੇ ਸੁਲਤਾਨਪੁਰ-ਕਪੂਰਥਲਾ ਮੇਨ ਰੋਡ 'ਤੇ ਲੱਗੀਆਂ ਗਰੀਬਾਂ ਦੀਆਂ ਝੁੱਗੀਆਂ ਚੁਕਵਾ ਦੇਣ ਤੋਂ ਬਾਅਦ ਸ਼ਹਿਰ 'ਚ ਇਸ ਗੱਲ ਦੀ ਜ਼ੋਰਦਾਰ ਚਰਚਾ ਛਿੜ ਗਈ ਹੈ ਕਿ ਆਖਿਰ ਨਵੀਂ ਦਾਣਾ ਮੰਡੀ ਦੇ ਨਾਲ ਸਰਕਾਰੀ ਜਗ੍ਹਾ 'ਚ ਨਾਜਾਇਜ਼ ਕਬਜ਼ਾ ਕਰ ਕੇ ਰੱਖਿਆ ਸ਼ਰਾਬ ਦਾ ਠੇਕਾ ਤੇ ਅਹਾਤਾ ਕਿਉਂ ਨਹੀਂ ਹਟਾਇਆ ਗਿਆ।  ਹਾਈ ਕੋਰਟ ਦੇ ਹੁਕਮਾਂ ਅਨੁਸਾਰ ਜ਼ਿਲਾ ਕਪੂਰਥਲਾ ਦੀ ਮਾਣਯੋਗ ਜੱਜ ਨੇ ਸੜਕਾਂ 'ਚ ਕੀਤੇ ਗਏ ਨਾਜਾਇਜ਼ ਕਬਜ਼ੇ ਸਖਤੀ ਨਾਲ ਖਤਮ ਕਰਵਾਉਣ ਦੇ ਆਦੇਸ਼ ਦਿੱਤੇ ਹਨ, ਜਿਨ੍ਹਾਂ 'ਤੇ ਅਮਲ ਕਰਦੇ ਹੋਏ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਲਗਭਗ ਸਾਰੇ ਦੁਕਾਨਦਾਰਾਂ ਵੱਲੋਂ ਸੜਕ 'ਚ ਬਣਾਏ ਗਏ ਥੜ੍ਹੇ, ਪੌੜੀਆਂ ਆਦਿ ਆਪ ਹੀ ਢਾਹ ਦਿੱਤੀਆਂ ਗਈਆਂ ਹਨ ਤੇ ਕੁਝ ਕੁ ਦੁਕਾਨਦਾਰ ਅਜੇ ਵੀ ਆਪਣੀਆਂ ਦੁਕਾਨਾਂ ਮੂਹਰੇ ਬਣਾਏ ਸ਼ੈੱਡ ਆਦਿ ਢਾਹੁਣ ਤੋਂ ਇਨਕਾਰੀ ਦੱਸੇ ਜਾ ਰਹੇ ਹਨ। ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਤੋਂ ਬਾਅਦ ਸਾਰੇ ਹੀ ਬਾਜ਼ਾਰ ਪਹਿਲਾਂ ਨਾਲੋਂ ਕਾਫੀ ਖੁੱਲ੍ਹੇ-ਖੁੱਲ੍ਹੇ ਲੱਗ ਰਹੇ ਹਨ, ਜਿਸ ਕਾਰਨ ਆਮ ਜਨਤਾ ਵੱਲੋਂ ਇਸ ਮੁਹਿੰਮ ਦੀ ਭਰਪੂਰ ਸ਼ਲਾਘਾ ਵੀ ਕੀਤੀ ਜਾ ਰਹੀ ਹੈ।
 ਇਸੇ ਲੜੀ ਤਹਿਤ ਹੀ ਸੁਲਤਾਨਪੁਰ ਲੋਧੀ-ਡਡਵਿੰਡੀ ਮੁੱਖ ਸੜਕ 'ਤੇ ਨਾਜਾਇਜ਼ ਕਬਜ਼ੇ ਕਰ ਕੇ ਕੁਝ ਪ੍ਰਵਾਸੀ ਮਜ਼ਦੂਰਾਂ ਦੀਆਂ ਲੱਗੀਆਂ ਝੁੱਗੀਆਂ ਵੀ ਪ੍ਰਸ਼ਾਸਨ ਤੇ ਨਗਰ ਕੌਂਸਲ ਵੱਲੋਂ ਹਟਾ ਦਿੱਤੀਆਂ ਗਈਆਂ ਹਨ ਪਰ ਝੁੱਗੀਆਂ ਦੇ ਨਾਲ ਹੀ ਸ਼ਰਾਬ ਦੇ ਠੇਕੇ ਤੇ ਅਹਾਤੇ ਸਰਕਾਰੀ ਥਾਂ 'ਚੋਂ ਅਜੇ ਤੱਕ ਨਹੀਂ ਹਟਾਏ ਗਏ, ਜਿਸ ਕਾਰਨ ਸ਼ਹਿਰ ਦੀਆਂ ਸੰਗਤਾਂ 'ਚ ਭਾਰੀ ਰੋਸ ਹੈ। ਇਹ ਵੀ ਪਤਾ ਲੱਗਾ ਹੈ ਕਿ ਸੜਕ 'ਚੋਂ ਕੁਝ ਝੁੱਗੀਆਂ ਹਟਾਏ ਜਾਣ ਤੋਂ ਬਾਅਦ ਪ੍ਰਵਾਸੀ ਮਜ਼ਦੂਰਾਂ ਦਾ ਇਕ ਵਫਦ ਸਥਾਨਕ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਮਿਲਿਆ, ਜਿਨ੍ਹਾਂ ਨਾਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਨੂੰ ਪੱਖਪਾਤੀ ਕਰਾਰ ਦਿੰਦੇ ਹੋਏ ਦੋਸ਼ ਲਾਇਆ ਕਿ ਨਗਰ ਕੌਂਸਲ ਦਾ ਜ਼ੋਰ ਸਿਰਫ ਗਰੀਬ ਝੁੱਗੀਆਂ-ਝੌਂਪੜੀਆਂ ਵਾਲਿਆਂ 'ਤੇ ਹੀ ਚੱਲਦਾ ਹੈ ਜਦਕਿ ਉਹ ਤਾਂ ਸੜਕ ਦੀ ਪਟੜੀ ਛੱਡ ਕੇ ਮੁੱਖ ਸੜਕ ਤੋਂ ਦੂਰ ਬੈਠੇ ਸਨ ਜਦਕਿ ਮੁੱਖ ਸੜਕ ਦੇ ਨਾਲ ਨਾਜਾਇਜ਼ ਕਬਜ਼ੇ ਕਰ ਕੇ ਪੀ. ਡਬਲਯੂ. ਡੀ. ਵਿਭਾਗ ਤੇ ਜੰਗਲਾਤ ਵਿਭਾਗ ਦੀ ਜਗ੍ਹਾ 'ਚ ਰੱਖੀਆਂ ਸ਼ਰਾਬ, ਮੀਟ ਵਾਲੀਆਂ ਦੁਕਾਨਾਂ ਨੂੰ ਕਿਸੇ ਨੇ ਛੇੜਿਆ ਵੀ ਨਹੀਂ। ਇਸ ਤੋਂ ਇਲਾਵਾ ਸ਼ਹਿਰ ਦੀ ਤਲਵੰਡੀ ਚੌਧਰੀਆਂ ਰੋਡ 'ਤੇ ਜੋ ਨਾਜਾਇਜ਼ ਕਬਜ਼ੇ ਕੁਝ ਦਿਨ ਪਹਿਲਾਂ ਨਗਰ ਕੌਂਸਲ ਨੇ ਹਟਾਏ ਸਨ, ਉਹ ਦੁਬਾਰਾ ਫਿਰ ਉਸੇ ਤਰ੍ਹਾਂ ਹੋ ਗਏ ਹਨ।
 ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ 2019 'ਚ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਕੌਮਾਂਤਰੀ ਪੱਧਰ 'ਤੇ ਮਨਾਇਆ ਜਾ ਰਿਹਾ ਹੈ, ਇਸ ਸਬੰਧੀ ਪੰਜਾਬ ਸਰਕਾਰ ਤੇ ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਵੱਲੋਂ ਲੋੜੀਂਦੇ ਪ੍ਰਬੰਧ ਕਰਨ ਲਈ ਤਿਆਰੀਆਂ ਚੱਲ ਰਹੀਆਂ ਹਨ। ਇਲਾਕੇ ਦੀਆਂ ਸਮੂਹ ਧਾਰਮਕ ਸਿੱਖ ਜਥੇਬੰਦੀਆਂ ਦੀ ਮੰਗ ਹੈ ਕਿ ਪਵਿੱਤਰ ਨਗਰੀ ਦੀਆਂ ਮੁੱਖ ਸੜਕਾਂ 'ਤੇ ਖੁੱਲ੍ਹੀਆਂ ਮੀਟ, ਆਂਡਿਆਂ ਦੀਆਂ ਦੁਕਾਨਾਂ, ਸ਼ਰਾਬ ਦੇ ਠੇਕੇ ਤੇ ਅਹਾਤੇ ਉਥੋਂ ਹਟਾ ਕੇ ਕਿਸੇ ਅਜਿਹੀ ਥਾਂ 'ਤੇ ਲਾਏ ਜਾਣ ਜੋ ਮੁੱਖ ਸੜਕਾਂ ਤੋਂ ਦੂਰ ਹੋਣ ਤਾਂ ਜੋ ਸਤਿਗੁਰੂ ਜੀ ਦੇ ਗੁਰੂਧਾਮਾਂ ਦੇ ਦਰਸ਼ਨਾਂ ਲਈ ਆਈਆਂ ਸੰਗਤਾਂ ਨੂੰ ਨਿਰਾਸ਼ਾ ਨਾ ਹੋਵੇ।


Related News