ਲੁਧਿਆਣਾ ''ਚ ਐਲੀਵੇਟਿਡ ਰੋਡ ''ਤੇ ਬਣੇ ਫਲਾਈਓਵਰ ਤੋਂ ਡਿੱਗੀ ਸਲੈਬ, ਦਹਿਸ਼ਤ ''ਚ ਲੋਕ
Monday, Feb 19, 2024 - 01:52 PM (IST)
ਲੁਧਿਆਣਾ (ਹਿਤੇਸ਼) : ਨੈਸ਼ਨਲ ਹਾਈਵੇਅ ਅਥਾਰਟੀ ਵੱਲੋਂ ਲਗਭਗ ਇਕ ਹਜ਼ਾਰ ਕਰੋੜ ਦੀ ਲਾਗਤ ਨਾਲ ਫਿਰੋਜ਼ਪੁਰ ਰੋਡ ’ਤੇ ਜੋ ਐਲੀਵੇਟਿਡ ਰੋਡ ਦਾ ਪ੍ਰਾਜੈਕਟ ਬਣਾਇਆ ਗਿਆ ਹੈ, ਉਹ ਤਕਨੀਕੀ ਰੂਪ ਵਿਚ ਸੇਫ ਨਹੀਂ ਹੈ। ਇਸ ਨਾਲ ਜੁੜਿਆ ਮਾਮਲਾ ਐਤਵਾਰ ਨੂੰ ਉਸ ਸਮੇਂ ਸਾਹਮਣੈ ਆਇਆ, ਜਦ ਭਾਰਤ ਨਗਰ ਚੌਂਕ ਦੇ ਨੇੜੇ ਹਾਲ ਹੀ ਵਿਚ ਵਾਹਨਾਂ ਦੀ ਆਵਾਜਾਈ ਲਈ ਖੋਲ੍ਹੇ ਫਲਾਈਓਵਰ ਦੇ ਇਕ ਹਿੱਸੇ ਦੀ ਸਲੈਬ ਡਿੱਗਣ ਦੀ ਗੱਲ ਸੁਣਨ ਨੂੰ ਮਿਲੀ ਹੈ। ਭਾਵੇਂ ਕਿ ਇਸ ਘਟਨਾ ਦੌਰਾਨ ਹੇਠਾਂ ਕੋਈ ਰਾਹਗੀਰ ਜਾਂ ਵਾਹਨ ਚਾਲਕ ਦਾ ਨੁਕਸਾਨ ਹੋਣ ਦੀ ਗੱਲ ਸਾਹਮਣੇ ਨਹੀਂ ਆਈ। ਉਧਰ ਐੱਨ. ਐੱਚ. ਏ. ਆਈ. ਸਟਾਫ਼ ਵਲੋਂ ਜਲਦਬਾਜ਼ੀ ਵਿਚ ਉਸ ਪੁਆਇੰਟ ਦੀ ਰਿਪੇਅਰ ਕਰਵਾ ਦਿੱਤੀ ਗਈ ਹੈ ਪਰ ਹੁਣ ਇਹ ਕਹਿ ਕੇ ਮਾਮਲੇ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਲੈਬ ਡਿੱਗੀ ਨਹੀਂ, ਸਗੋਂ ਉਸ ਨੂੰ ਰਿਪੇਅਰ ਲਈ ਉਤਾਰਿਆ ਗਿਆ ਸੀ।
ਫਲਾਈਓਵਰ ਚਾਲੂ ਹੋਣ ਦੇ ਬਾਵਜੂਦ ਘੱਟ ਨਹੀਂ ਹੋਈ ਟ੍ਰੈਫਿਕ ਸਮੱਸਿਆ
ਐਲੀਵੇਟਿਡ ਰੋਡ ਦੇ ਪ੍ਰਾਜੈਕਟ ਵਿਚ ਇਕ ਦੇ ਬਾਅਦ ਇਕ ਕਰ ਕੇ ਖਾਮੀਆਂ ਸਾਹਮਣੇ ਆ ਰਹੀਆਂ ਹਨ, ਜਿਸ ’ਚ ਭਾਰਤ ਨਗਰ ਚੌਂਕ ਦੇ ਡਿਜ਼ਾਈਨ ਦਾ ਮੁੱਦਾ ਮੁੱਖ ਰੂਪ ਵਿਚ ਸ਼ਾਮਲ ਹੈ। ਇਸ ਦੀ ਵਜ੍ਹਾ ਨਾਲ ਟ੍ਰੈਫਿਕ ਜਾਮ ਦੀ ਸਮੱਸਿਆ ਆ ਰਹੀ ਹੈ, ਜਿਸ ਨੂੰ ਲੈ ਕੇ ਟ੍ਰੈਫਿਕ ਪੁਲਸ ਦੇ ਅਫ਼ਸਰਾਂ ਅਤੇ ਰੋਡ ਸੇਫਟੀ ਐਡਵਾਈਜ਼ਰ ਵੱਲੋਂ ਸਾਈਟ ਵਿਜ਼ਿਟ ਕਰਨ ਦੌਰਾਨ ਐੱਨ. ਐੱਚ. ਏ. ਆਈ ਦੇ ਅਫ਼ਸਰਾਂ ਵਲੋਂ ਬੱਸ ਸਟੈਂਡ ਵੱਲ ਜਾਣ ਵਾਲਾ ਫਲਾਈਓਵਰ ਚਾਲੂ ਹੋਣ ਦੇ ਬਾਅਦ ਵਾਹਨਾਂ ਦਾ ਲੋਡ ਘੱਟ ਹੋਣ ਦਾ ਦਾਅਵਾ ਕੀਤਾ ਗਿਆ ਸੀ ਪਰ ਕਾਫੀ ਦਿਨ ਬਾਅਦ ਵੀ ਭਾਰਤ ਨਗਰ ਚੌਂਕ ਅਤੇ ਜਗਰਾਓਂ ਪੁਲ ’ਤੇ ਟ੍ਰੈਫਿਕ ਜਾਮ ਦੀ ਸਮੱਸਿਆ ਹਾਲਾਤ ਵਿਚ ਕੋਈ ਸੁਧਾਰ ਨਹੀਂ ਹੋਇਆ। ਇਸ ਦੇ ਬਾਵਜੂਦ ਐੱਨ. ਐੱਚ. ਏ. ਆਈ. ਵੱਲੋਂ ਭਾਰਤ ਨਗਰ ਚੌਂਕ ਦੇ ਡਿਜ਼ਾਈਨ ਵਿਚ ਬਦਲਾਅ ਕਰਨ ਦਾ ਕੰਮ ਹੁਣ ਤੱਕ ਸ਼ੁਰੂ ਨਹੀਂ ਕੀਤਾ ਗਿਆ ਹੈ।