ਜਸਪਾਲ ਮਾਮਲੇ ''ਚ ਜਾਂਚ ਕਰ ਰਹੀ ਐੱਸ.ਆਈ.ਟੀ. ਨੇ ਕੀਤਾ ਵੱਡਾ ਖੁਲਾਸਾ
Wednesday, Jun 12, 2019 - 07:37 PM (IST)
ਫਰੀਦਕੋਟ (ਜਗਤਾਰ)— ਜ਼ਿਲਾ ਪੁਲਸ ਮੁਖੀ ਫਰੀਦਕੋਟ ਤੇ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਰਾਜਬਚਨ ਸਿੰਘ ਨੇ ਇਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕਰਦਿਆਂ ਇਹ ਖੁਲਾਸਾ ਕੀਤਾ ਕਿ ਜਸਪਾਲ ਮਾਮਲੇ 'ਚ ਜਾਂਚ ਦੌਰਾਨ ਮੁੱਖ ਦੋਸ਼ੀ ਰਣਬੀਰ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਵੱਡਾ ਖੁਲਾਸਾ ਇਹ ਹੋਇਆ ਹੈ ਕਿ ਰਣਬੀਰ ਸਿੰਘ ਸਾਥੀਆਂ ਨਾਲ ਮੱਧ ਪ੍ਰਦੇਸ਼ ਤੋਂ ਨਾਜਾਇਜ਼ ਅਸਲਾ ਲਿਆ ਕੇ ਪੰਜਾਬ 'ਚ ਵੇਚਦਾ ਸੀ ਤੇ ਨਾਲ ਹੀ ਉਹ ਆਪਣੇ ਸਾਥੀਆਂ ਨਾਲ ਮਿਲ ਕੇ ਹਥਿਆਰਾਂ ਦੀ ਨੋਕ 'ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।
ਐੱਸ.ਐੱਸ.ਪੀ. ਫਰੀਦਕੋਟ ਰਾਜਬਚਨ ਸਿੰਘ ਨੇ ਦੱਸਿਆ ਕਿ ਜਸਪਾਲ ਮਾਮਲੇ 'ਚ ਮੁੱਖ ਦੋਸ਼ੀ ਰਣਬੀਰ ਸਿੰਘ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਦੋਂ ਪੁਲਸ ਰਿਮਾਂਡ 'ਤੇ ਲੈ ਕੇ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਪਤਾ ਲੱਗਿਆ ਕਿ ਰਣਬੀਰ ਸਿੰਘ ਅਸਲ 'ਚ ਸੁਮਿਤ ਮੁਜਾਲ ਹੈ, ਜੋ ਜੀਂਦ ਹਰਿਆਣਾ ਦਾ ਰਹਿਣ ਵਾਲਾ ਹੈ ਤੇ ਅਪਰਾਧਿਕ ਪ੍ਰਵਿਰਤੀ ਵਾਲਾ ਵਿਅਕਤੀ ਹੈ। ਉਨ੍ਹਾਂ ਦੱਸਿਆ ਕਿ ਰਣਬੀਰ ਸਿੰਘ ਨੇ ਦੱਸਿਆ ਹੈ ਕਿ ਉਹ ਮੱਧ ਪ੍ਰਦੇਸ਼ ਤੋਂ ਨਾਜਾਇਜ਼ ਅਸਲਾ ਲਿਆ ਕੇ ਪੰਜਾਬ 'ਚ ਵੇਚਦਾ ਸੀ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਰਣਬੀਰ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਹਥਿਆਰਾਂ ਦੀ ਨੋਕ 'ਤੇ ਲੁੱਟਾਂ ਕਰਦਾ ਸੀ। ਉਨ੍ਹਾਂ ਦੱਸਿਆ ਕਿ ਰਣਬੀਰ ਸਣੇ ਕੁਲ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਨ੍ਹਾਂ ਕੋਲੋਂ 4 ਪਿਸਟਲ ਸਣੇ ਜ਼ਿੰਦਾ ਕਾਰਤੂਸ ਤੇ 4 ਚੋਰੀ ਦੇ ਮੋਟਰਸਾਈਕਲ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਚੋਰੀ ਤੇ ਲੁੱਟ ਦੀਆਂ ਵਾਰਦਾਤਾਂ 'ਚ ਜਸਪਾਲ ਦੀ ਭੂਮਿਕਾ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ।