ਭੂਆ ਨੂੰ ਦੀਵਾਲੀ ਗਿਫ਼ਟ ਦੇਣ ਜਾ ਰਹੀਆਂ ਸਕੀਆਂ ਭੈਣਾਂ ਨੂੰ ਟਰੱਕ ਨੇ ਮਾਰੀ ਟੱਕਰ, ਇਕ ਦੀ ਮੌਤ

Saturday, Oct 15, 2022 - 07:31 PM (IST)

ਭੂਆ ਨੂੰ ਦੀਵਾਲੀ ਗਿਫ਼ਟ ਦੇਣ ਜਾ ਰਹੀਆਂ ਸਕੀਆਂ ਭੈਣਾਂ ਨੂੰ ਟਰੱਕ ਨੇ ਮਾਰੀ ਟੱਕਰ, ਇਕ ਦੀ ਮੌਤ

ਬਟਾਲਾ (ਜ.ਬ., ਯੋਗੀ, ਅਸ਼ਵਨੀ)- ਬਟਾਲਾ-ਗੁਰਦਾਸਪੁਰ ਬਾਈਪਾਸ ਮੇਨ ਚੌਕ ਨੇੜੇ ਉਦੋਂ ਦਰਦਨਾਕ ਸੜਕ ਹਾਦਸਾ ਵਾਪਰ ਗਿਆ, ਜਦੋਂ ਭੂਆ ਨੂੰ ਦੀਵਾਲੀ ਦਾ ਗਿਫਟ ਦੇਣ ਜਾ ਰਹੀਆਂ ਦੋ ਸਕੀਆਂ ਭੈਣਾਂ ਨੂੰ ਇਕ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸੇ ’ਚ ਇਕ ਕੁੜੀ ਦੀ ਮੌਕੇ ’ਤੇ ਦਰਦਨਾਕ ਮੌਤ ਹੋ ਗਈ, ਜਦਕਿ ਦੂਜੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ।

ਪ੍ਰਾਪਤ ਜਾਣਕਾਰੀ ਮੁਤਾਬਕ ਅਮਨਜੋਤ ਕੌਰ ਪੁੱਤਰੀ ਪ੍ਰਨਾਮ ਸਿੰਘ ਵਾਸੀ ਪਿੰਡ ਬੱਲ ਡੀ. ਏ. ਵੀ. ਸੈਨਟੇਨਰੀ ਸਕੂਲ ਵਿਖੇ 12ਵੀਂ ਜਮਾਤ ਦੀ ਵਿਦਿਆਰਥਣ ਹੈ। ਉਹ ਅੱਜ ਆਪਣੀ ਭੈਣ ਪ੍ਰਭਜੋਤ ਕੌਰ ਨਾਲ ਸਕੂਟਰੀ ’ਤੇ ਸਵਾਰ ਹੋ ਕੇ ਧਾਰੀਵਾਲ ਦੇ ਨਜ਼ਦੀਕੀ ਪਿੰਡ ਕਲਿਆਣ ਵਿਖੇ ਆਪਣੀ ਭੂਆ ਨੂੰ ਦੀਵਾਲੀ ਦਾ ਗਿਫਟ ਦੇਣ ਜਾ ਰਹੀ ਸੀ। ਉਨ੍ਹਾਂ ਦੇ ਮਾਤਾ-ਪਿਤਾ ਵੱਖਰੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਉਨ੍ਹਾਂ ਦੇ ਪਿੱਛੇ-ਪਿੱਛੇ ਆ ਰਹੇ ਸਨ। 

ਜਦੋਂ ਇਹ ਦੋਵੇਂ ਭੈਣਾਂ ਬਟਾਲਾ-ਗੁਰਦਾਸਪੁਰ ਬਾਈਪਾਸ ਸਥਿਤ ਚੌਕ ਵਿਚ ਪਹੁੰਚੀਆਂ ਤਾਂ ਅਚਾਨਕ ਆਏ ਤੇਜ਼ ਰਫ਼ਤਾਰ ਅਣਪਛਾਤੇ ਟਰੱਕ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ। ਹਾਦਸੇ ’ਚ ਪ੍ਰਭਜੋਤ ਕੌਰ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਉਸਦੀ ਭੈਣ ਅਮਨਜੋਤ ਕੌਰ ਗੰਭੀਰ ਜ਼ਖ਼ਮੀ ਹੋ ਗਈ। ਮੌਕੇ ’ਤੇ ਪਹੁੰਚੇ ਪੁਲਸ ਚੌਕੀ ਸਿੰਬਲ ਬਟਾਲਾ ਦੇ ਇੰਚਾਰਜ ਏ. ਐੱਸ. ਆਈ. ਅਸ਼ੋਕ ਕੁਮਾਰ ਨੇ ਕਾਰਵਾਈ ਕਰਦਿਆਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ’ਤੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿਖੇ ਕੇਸ ਦਰਜ ਕਰ ਦਿੱਤਾ ਹੈ।


author

rajwinder kaur

Content Editor

Related News