15 ਕਿਲੋ ਭੁੱਕੀ ਸਮੇਤ ਭੈਣ-ਭਰਾ ਕਾਬੂ
Friday, Oct 06, 2017 - 04:18 AM (IST)

ਸ੍ਰੀ ਚਮਕੌਰ ਸਾਹਿਬ, (ਕੌਸ਼ਲ)- ਅੱਜ ਵੀ ਸਥਾਨਕ ਪੁਲਸ ਨੇ ਨਸ਼ੀਲੇ ਪਦਾਰਥ ਵੇਚਣ ਵਾਲਿਆਂ ਵਿਰੁੱਧ ਇਕ ਹੋਰ ਪਰਚਾ ਦਰਜ ਕਰ ਦਿੱਤਾ। ਇਸ ਸਬੰਧੀ ਥਾਣਾ ਮੁਖੀ ਰਾਜਨਪਾਲ ਨੇ ਦੱਸਿਆ ਕਿ ਪੁਲਸ ਚੌਕੀ ਬੇਲਾ ਅਧੀਨ ਪੈਂਦੇ ਪਿੰਡ ਜਗਤਪੁਰ ਵਿਚ ਭੁੱਕੀ ਵੇਚਣ ਦੇ ਦੋਸ਼ ਅਧੀਨ ਭੈਣ-ਭਰਾ ਨੂੰ ਕਾਬੂ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਉਪਰੋਕਤ ਪਿੰਡ ਵਿਚ ਗੁਪਤ ਸੂਚਨਾ ਦੇ ਆਧਾਰ 'ਤੇ ਥਾਣੇਦਾਰ ਰਾਜਿੰਦਰ ਸਿੰਘ ਨੇ ਸਵੇਰੇ 10 ਵਜੇ ਛਾਪਾ ਮਾਰਿਆ ਤਾਂ ਸੁਖਵਿੰਦਰ ਸਿੰਘ ਉਰਫ ਸੁੱਖਾ ਪੁੱਤਰ ਸੁਰਮੁਖ ਸਿੰਘ ਤੇ ਉਸ ਦੀ ਭੈਣ ਰਾਜਵੰਤ ਕੌਰ ਦੇ ਘਰ ਦੇ ਬੈੱਡ ਬਾਕਸ ਵਿਚੋਂ 15 ਕਿਲੋਗ੍ਰਾਮ ਭੁੱਕੀ ਬਰਾਮਦ ਹੋਈ। ਪੁਲਸ ਨੇ ਦੋਵਾਂ ਨੂੰ ਮੌਕੇ 'ਤੇ ਹੀ ਫੜ ਲਿਆ। ਅੱਜ ਰੋਪੜ ਮਾਣਯੋਗ ਅਦਾਲਤ ਤੋਂ ਇਕ ਦਿਨ ਦਾ ਰਿਮਾਂਡ ਵੀ ਪ੍ਰਾਪਤ ਕਰ ਲਿਆ। ਇਸ ਛਾਪੇ ਵਿਚ ਹੋਰਨਾਂ ਤੋਂ ਇਲਾਵਾ ਪੁਲਸ ਮੁਲਾਜ਼ਮ ਸੁਭਾਸ਼ ਕੁਮਾਰ, ਗੁਰਨੈਬ ਸਿੰਘ ਤੇ ਮਹਿਲਾ ਅਧਿਕਾਰੀ ਖੁਸ਼ਪ੍ਰੀਤ ਕੌਰ ਵੀ ਸ਼ਾਮਲ ਸਨ।
ਉਪਰੋਕਤ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਇਸ ਪਰਿਵਾਰ ਦੀਆਂ ਲੰਮੇ ਸਮੇਂ ਤੋਂ ਉਕਤ ਧੰਦੇ ਵਿਚ ਸ਼ਾਮਲ ਹੋਣ ਦੀਆਂ ਰਿਪੋਰਟਾਂ ਮਿਲ ਰਹੀਆਂ ਸਨ। ਇਸ ਤੋਂ ਇਲਾਵਾ ਇਸੇ ਪਰਿਵਾਰ ਦੀ ਇਕ ਹੋਰ ਲੜਕੀ 'ਤੇ ਪਹਿਲਾਂ ਵੀ ਪੁਲਸ ਨੇ ਪਰਚਾ ਦਰਜ ਕੀਤਾ ਹੋਇਆ ਹੈ।