ਕਿਸਾਨਾਂ ਦੇ ਵਿਰੋਧ ਦੇ ਚੱਲਦਿਆਂ ਸਿੰਗਲਾ ਨਾ ਪੁੱਜ ਸਕੇ ਸਮਾਗਮ ''ਚ, ਡੀ.ਸੀ ਨੇ ਵੰਡੇ ਸਰਟੀਫਿਕੇਟ

Wednesday, Nov 03, 2021 - 03:10 AM (IST)

ਕਿਸਾਨਾਂ ਦੇ ਵਿਰੋਧ ਦੇ ਚੱਲਦਿਆਂ ਸਿੰਗਲਾ ਨਾ ਪੁੱਜ ਸਕੇ ਸਮਾਗਮ ''ਚ, ਡੀ.ਸੀ ਨੇ ਵੰਡੇ ਸਰਟੀਫਿਕੇਟ

ਭਵਾਨੀਗੜ੍ਹ (ਵਿਕਾਸ) : ਲੋਕ ਭਲਾਈ ਸਕੀਮ ਦੇ ਅਧੀਨ ਅੱਜ ਇੱਥੇ ਗਾਂਧੀ ਨਗਰ ਵਿਖੇ ਲੋੜਵੰਦਾਂ ਨੂੰ ਪਲਾਟਾਂ ਦੀ ਵੰਡ ਸਬੰਧੀ ਸਰਟੀਫ਼ਿਕੇਟ ਦੇਣ ਲਈ ਰੱਖੇ ਸਮਾਗਮ ਵਿਚ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਪਹੁੰਚਣਾ ਸੀ ਪਰ ਐਨ ਮੌਕੇ ਕਿਸਾਨਾਂ ਦੇ ਵਿਰੋਧ ਦੇ ਚੱਲਦਿਆਂ ਸਿੰਗਲਾ ਸਮਾਗਮ ਵਿਚ ਨਾ ਪਹੁੰਚ ਸਕੇ। ਜਿਸ ਉਪਰੰਤ ਉਨ੍ਹਾਂ ਵੱਲੋਂ ਆਪਣੇ ਮੋਬਾਈਲ ਫੋਨ 'ਤੇ ਵੀਡੀਓ ਕਾਲ ਰਾਹੀਂ ਸਮਾਗਮ 'ਚ ਮੌਜੂਦ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਕਾਂਗਰਸ ਸਰਕਾਰ ਦੀਆਂ ਪ੍ਰਾਪਤੀਆਂ ਦੱਸੀਆਂ।

ਜ਼ਿਕਰਯੋਗ ਹੈ ਕਿ ਮਾਲਵਾ ਖੇਤਰ 'ਚ ਗੁਲਾਬੀ ਸੁੰਢੀ ਦੀ ਲਪੇਟ 'ਚ ਆਉਣ ਕਾਰਨ ਖ਼ਰਾਬ ਹੋਈ ਨਰਮੇ ਦੀ ਫਸਲ ਦਾ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਪੂਰਾ ਮੁਆਵਜ਼ਾ ਨਾ ਦੇਣ ਦੇ ਰੋਸ ਵੱਜੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸੂਬੇ 'ਚ ਕਾਂਗਰਸ ਸਰਕਾਰ ਦੇ ਵਿਧਾਇਕਾਂ ਅਤੇ ਮੰਤਰੀਆਂ ਦੇ ਪ੍ਰੋਗਰਾਮਾਂ 'ਚ ਪਹੁੰਚ ਕੇ ਘਿਰਾਓ ਕਰਨ ਦਾ ਐਲਾਨ ਕੀਤਾ ਹੋਇਆ ਹੈ ਅਤੇ ਮੰਗਲਵਾਰ ਨੂੰ ਜਦੋਂ ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਇੱਥੇ ਗਾਂਧੀ ਨਗਰ ਰੱਖੇ ਸਮਾਗਮ 'ਚ ਸ਼ਾਮਲ ਹੋਣ ਲਈ ਜਾ ਰਹੇ ਸਨ ਤਾਂ ਕਿਸਾਨਾਂ ਨੇ ਉਨ੍ਹਾਂ ਦਾ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਜਿਸ 'ਤੇ ਸਥਿਤੀ ਨੂੰ ਦੇਖਦਿਆਂ ਮੰਤਰੀ ਦਾ ਕਾਫ਼ਲਾ ਸਮਾਗਮ ਵਾਲੀ ਥਾਂ ’ਤੇ ਜਾਣ ਦੀ ਬਜਾਏ ਸਿੱਧਾ ਪਟਿਆਲਾ ਵੱਲ ਨੂੰ ਲੰਘ ਗਿਆ। ਬਾਅਦ ਵਿੱਚ ਕਾਫਲੇ ਦਾ ਪਿੱਛਾ ਕਰਦਿਆਂ ਕਿਸਾਨਾਂ ਨੇ ਪਟਿਆਲਾ ਰੋਡ 'ਤੇ ਸਥਿਤ ਇੱਕ ਢਾਬੇ ਨੇੜੇ ਪਹੁੰਚ ਕੇ ਧਰਨਾ ਦਿੰਦਿਆਂ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਸਿੰਗਲਾ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਓਧਰ ਸਮਾਗਮ 'ਚ ਹਾਜ਼ਰ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਵੱਲੋਂ ਲੋੜਵੰਦਾਂ ਨੂੰ ਪਲਾਟਾਂ ਦੇ ਸਰਟੀਫ਼ਿਕੇਟ ਵੰਡੇ ਗਏ। ਸਮਾਗਮ ਵਿਚ ਡਿਪਟੀ ਕਮਿਸ਼ਨਰ ਤੋਂ ਇਲਾਵਾ ਐੱਸ.ਡੀ.ਐੱਮ. ਭਵਾਨੀਗੜ੍ਹ ਅਮਰਿੰਦਰ ਸਿੰਘ ਟਿਵਾਣਾ ਤੋਂ ਇਲਾਵਾ ਵਰਿੰਦਰ ਪੰਨਵਾਂ, ਵਰਿੰਦਰ ਮਿੱਤਲ, ਰਣਜੀਤ ਤੂਰ, ਪਰਦੀਪ ਕੱਦ, ਫ਼ਕੀਰ ਚੰਦ ਸਿੰਗਲਾ, ਸੁਖਦਰਸ਼ਨ ਸਲਦੀ, ਸੰਜੀਵ ਲਾਲਕਾ, ਬਲਵਿੰਦਰ ਪੂਨੀਆ ਸਮੇਤ ਹੋਰ ਕਾਂਗਰਸੀ ਆਗੂ ਅਤੇ ਵਰਕਰ ਆਦਿ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


author

Inder Prajapati

Content Editor

Related News