ਸਿੰਘੂ ਬਾਰਡਰ ’ਤੇ ਕਤਲ ਕੀਤੇ ਨੌਜਵਾਨ ਦੀ ਹੋਈ ਪਛਾਣ, 3 ਮਾਸੂਮ ਧੀਆਂ ਦਾ ਸੀ ਪਿਤਾ (ਵੀਡੀਓ)
Friday, Oct 15, 2021 - 12:46 PM (IST)
ਤਰਨਤਾਰਨ (ਰਮਨ) : ਦਿੱਲੀ-ਹਰਿਆਣਾ ਦੀ ਸਿੰਘੂ ਸਰਹੱਦ ’ਤੇ ਅੱਜ ਉਸ ਸਮੇਂ ਹਫੜਾ-ਦਫੜੀ ਮਚ ਗਈ ਸੀ, ਜਦੋਂ ਨਿਹੰਗਾਂ ਵਲੋਂ ਇਕ ਨੌਜਵਾਨ ਦਾ ਕਤਲ ਕਰ ਉਸ ਦੀ ਲਾਸ਼ ਨੂੰ ਬੈਰੀਕੇਡ ਨਾਲ ਲਟਕਾ ਦਿੱਤਾ ਗਿਆ ਸੀ। ਲਟਕਦੀ ਹੋਈ ਲਾਸ਼ ਵੇਖ ਕੇ ਚਾਰੇ ਪਾਸੇ ਸਨਸਨੀ ਫੈਲ ਗਈ। ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਨਿਹੰਗਾਂ ਵਲੋਂ ਕਤਲ ਕੀਤੇ ਨੌਜਵਾਨ ਦੀ ਪਛਾਣ ਕਰ ਲਈ ਹੈ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਪੰਜਾਬ ਦਾ ਦੱਸਿਆ ਜਾ ਰਿਹਾ ਸੀ ਪਰ ਬਾਅਦ ਵਿਚ ਉਸ ਦੀ ਪਛਾਣ ਤਰਨਤਾਰਨ ਦੇ ਪਿੰਡ ਚੀਮਾ ਕਲਾਂ ਨਿਵਾਸੀ ਲਖਬੀਰ ਸਿੰਘ ਉਰਫ਼ ਟੀਟੂ ਪੁੱਤਰ ਹਰਨਾਮ ਸਿੰਘ ਵਜੋਂ ਹੋਈ ਹੈ। ਉਸ ਦੀ ਉਮਰ 35-36 ਸਾਲ ਦੇ ਕਰੀਬ ਹੈ। ਮ੍ਰਿਤਕ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਚੀਮਾ ਖੁਰਦ ਦਾ ਰਹਿਣ ਵਾਲਾ ਹੈ। ਇਹ ਪਿੰਡ ਸਰਾਏ ਅਮਾਨਤ ਖਾਂ ਦੇ ਅਧੀਨ ਆਉਂਦਾ ਹੈ।
ਪੜ੍ਹੋ ਇਹ ਵੀ ਖ਼ਬਰ - ਅਹਿਮ ਖ਼ਬਰ: ਪੰਜਾਬ ਸਰਕਾਰ ਵੱਲੋਂ ਸਹਿਕਾਰੀ ਬੈਂਕਾਂ 'ਚ ਨਵੀਆਂ ਭਰਤੀਆਂ ਦਾ ਐਲਾਨ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਸ਼ਹਿਰੀ ਤਰਨਤਾਰਨ ਸੁੱਚਾ ਸਿੰਘ ਬਲ ਨੇ ਦੱਸਿਆ ਕਿ ਮਰਨ ਵਾਲੇ ਵਿਅਕਤੀ ਦਾ ਪੁਲਸ ਰਿਕਾਰਡ ਖੰਗਾਲਿਆ ਜਾ ਰਿਹਾ ਹੈ। ਲਖਬੀਰ ਸਿੰਘ ਦਾ ਵਿਆਹ ਹੋ ਚੁੱਕਾ ਹੈ। ਉਸ ਦੀ ਪਤਨੀ ਜਸਪ੍ਰੀਤ ਕੌਰ ਤੋਂ ਇਲਾਵਾ ਉਸ ਦੀਆਂ ਤਿੰਨ ਕੁੜੀਆਂ ਤਾਨੀਆ (12), ਸੋਨੀਆ (10) ਅਤੇ ਕੁਲਦੀਪ ਕੌਰ (8) ਹਨ। ਉਹ ਆਪਣੀ ਭੈਣ ਰਾਜ ਕੌਰ ਨਾਲ ਰਹਿੰਦਾ ਸੀ। ਜਸਪ੍ਰੀਤ ਕੌਰ ਕੁਝ ਦਿਨ ਪਹਿਲਾਂ ਹੀ ਲਖਬੀਰ ਸਿੰਘ ਟੀਟੂ ਨਾਲ ਝਗੜ ਕੇ ਪੇਕੇ ਪਿੰਡ ਲੱਧੇਵਾਲ ਚਲੀ ਗਈ ਸੀ ਅਤੇ ਆਪਣੀਆਂ ਕੁੜੀਆਂ ਨੂੰ ਵੀ ਨਾਲ ਲੈ ਗਈ ਸੀ। ਪਤਾ ਲੱਗਾ ਹੈ ਕਿ ਮ੍ਰਿਤਕ ਲਖਬੀਰ ਸਿੰਘ ਨਸ਼ੇ ਅਤੇ ਸ਼ਰਾਬ ਪੀਣ ਦਾ ਆਦੀ ਸੀ। ਬੇਅਦਬੀ ਕਰਨ ਦੇ ਸ਼ੱਕ ਹੇਠ ਟੀਟੂ ਦੇ ਕਤਲ ਦੀ ਖਬਰ ਜਦੋਂ ਪਿੰਡ ਵਿਚ ਪਹੁੰਚੀ ਤਾਂ ਸਭ ਹੈਰਾਨ ਹੋ ਗਏ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਕਾਰ ਲੁੱਟਣ ਆਏ ਲੁਟੇਰਿਆਂ ਨੇ ਗੋਲੀਆਂ ਮਾਰ ਕੀਤਾ ਨੌਜਵਾਨ ਦਾ ਕਤਲ (ਵੀਡੀਓ)
ਦੱਸ ਦੇਈਏ ਕਿ ਦਿੱਲੀ-ਹਰਿਆਣਾ ਦੀ ਸਿੰਘੂ ਸਰਹੱਦ ’ਤੇ ਅੱਜ ਉਸ ਸਮੇਂ ਸਨਸਨੀ ਫੈਲ ਗਈ ਸੀ, ਜਦੋਂ ਇਕ ਨੌਜਵਾਨ ਦੀ ਲਾਸ਼ ਬੈਰੀਕੇਡ ਨਾਲ ਲਟਕੀ ਹੋਈ ਮਿਲੀ। ਦਰਅਸਲ ਕਿਸਾਨਾਂ ਦੇ ਮੰਚ ਨੇੜੇ ਨਿਹੰਗਾਂ ਵਲੋਂ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਦਾ ਇਕ ਹੱਥ ਵੱਢ ਕੇ ਲਾਸ਼ ਨੂੰ ਬੈਰੀਕੇਡ ਨਾਲ ਲਟਕਾ ਦਿੱਤਾ ਸੀ। ਘਟਨਾ ਦੀ ਸੂਚਨਾ ਮਿਲਣ ’ਤੇ ਪੁੱਜੀ ਪੁਲਸ ਨੂੰ ਨੌਜਵਾਨ ਦੇ ਸਰੀਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਹਮਲੇ ਦੇ ਨਿਸ਼ਾਨ ਮਿਲੇ ਹਨ।
ਪੜ੍ਹੋ ਇਹ ਵੀ ਖ਼ਬਰ = ਵਿਆਹ ਕਰਵਾਉਣ ਲਈ 3 ਦਿਨ ਪਹਿਲਾਂ ਦੁਬਈ ਤੋਂ ਪਰਤੇ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ (ਤਸਵੀਰਾਂ)

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            