ਸਿੰਘੂ ਬਾਰਡਰ ’ਤੇ ਹੋਏ ਕਤਲ ਨੇ ਲਿਆ ਨਵਾਂ ਮੋੜ, ਨਿਹੰਗ ਆਗੂ ਦੀਆਂ ਭਾਜਪਾ ਮੰਤਰੀ ਨਾਲ ਤਸਵੀਰਾਂ ਵਾਇਰਲ

10/19/2021 11:19:21 PM

ਜਲੰਧਰ : ਸਿੰਘੂ ਬਾਰਡਰ ’ਤੇ ਲਖਬੀਰ ਸਿੰਘ ਨਾਮਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰਨ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗਾ ਸਿੰਘਾਂ ਦੇ ਆਗੂ ਬਾਬਾ ਅਮਨ ਸਿੰਘ ਦੀਆਂ ਭਾਜਪਾ ਆਗੂਆਂ ਨਾਲ ਤਸਵੀਰਾਂ ਵਾਇਰਲ ਹੋਈਆਂ ਹਨ। ਜਿਸ ਤੋਂ ਬਾਅਦ ਇਸ ਕਤਲ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਸੰਯੁਕਤ ਕਿਸਾਨ ਮੋਰਚੇ ਸਮੇਤ ਦੂਜੇ ਸਿਆਸੀ ਆਗੂਆਂ ਵਲੋਂ ਵੀ ਇਸ ’ਤੇ ਸਵਾਲ ਚੁੱਕੇ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਪੂਰੇ ਮਾਮਲੇ ਤੋਂ ਬਾਅਦ ਸਾਫ ਹੋ ਗਿਆ ਹੈ ਕਿ ਭਾਜਪਾ ਮੋਰਚੇ ਨੂੰ ਖ਼ਤਮ ਕਰਨ ਲਈ ਹਰ ਤਰ੍ਹਾਂ ਦਾ ਪੈਂਤੜਾ ਅਪਣਾ ਸਕਦੀ ਹੈ। ਹੁਣ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਹੋਣੀ ਬੇਹੱਦ ਜ਼ਰੂਰੀ ਹੋ ਗਈ ਹੈ।

ਇਹ ਵੀ ਪੜ੍ਹੋ : ਸਿੰਘੂ ਬਾਰਡਰ ’ਤੇ ਵਾਪਰੀ ਕਤਲ ਦੀ ਘਟਨਾ ’ਤੇ ਢੱਡਰੀਆਂ ਵਾਲਿਆਂ ਨੇ ਨਿਹੰਗ ਸਿੰਘਾਂ ’ਤੇ ਚੁੱਕੇ ਸਵਾਲ

PunjabKesari

ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਤਸਵੀਰਾਂ ਵਿਚ ਬਾਬਾ ਅਮਨ ਸਿੰਘ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨਾਲ ਨਜ਼ਰ ਆ ਰਹੇ ਹਨ। ਇਨ੍ਹਾਂ ਵਿਚ ਤਸਵੀਰਾਂ ਵਿਚ ਬਰਖਾਸਤ ਪੁਲਸ ਕਰਮਚਾਰੀ ਅਤੇ ਸਾਬਕਾ ਪੁਲਸ ਕੈਟ ਗੁਰਮੀਤ ਸਿੰਘ ਪਿੰਕੀ ਜੋ ਕਿ ਕਤਲ ਦਾ ਵੀ ਮੁਲਜ਼ਮ ਹੈ ਵੀ ਇਕ ਮਿਲਣੀ ਮੌਕੇ ਨਜ਼ਰ ਆ ਰਿਹਾ ਹੈ। ਸੂਤਰਾਂ ਮੁਤਾਬਕ ਬਾਬਾ ਅਮਨ ਕੇਂਦਰ ਸਰਕਾਰ ਨਾਲ ਕਿਸਾਨਾਂ ਦੇ ਚੱਲ ਰਹੇ ਟਕਰਾਅ ਨੂੰ ਹੱਲ ਕਰਨ ਲਈ ‘ਪਰਦੇ ਪਿੱਛਿਓਂ ਭੂਮਿਕਾ ਨਿਭਾਉਣ ਵਾਲਿਆਂ’ ਵਿਚ ਸ਼ਾਮਲ ਸੀ।

ਇਹ ਵੀ ਪੜ੍ਹੋ : ਅੱਧੀ ਰਾਤ ਨੂੰ ਲੁਧਿਆਣਾ ’ਚ ਵੱਡੀ ਵਾਰਦਾਤ, ਵੱਢ-ਟੁੱਕ ਕਰਕੇ ਸੜਕ ’ਤੇ ਸੁੱਟਿਆ ਮੁੰਡਾ

PunjabKesari

ਸੋਸ਼ਲ ਮੀਡੀਆ ’ਤੇ ਕੁੱਲ ਤਿੰਨ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਵਿਚੋਂ ਇਕ ’ਚ ਕੇਂਦਰੀ ਮੰਤਰੀ ਨਰੇਂਦਰ ਤੋਮਰ ਨਿਹੰਗ ਬਾਬਾ ਅਮਨ ਸਿੰਘ ਦੇ ‘ਸਿਰੋਪਾ’ ਪਾ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਹ ਮੀਟਿੰਗ ਜੁਲਾਈ ਦੇ ਅਖ਼ੀਰ ਵਿਚ ਹੋਈ ਸੀ। ਇਕ ਹੋਰ ਤਸਵੀਰ ਵਿਚ ਬਾਬਾ ਅਮਨ ਸਿੰਘ ਤੇ ਪਿੰਕੀ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਰਾਜ ਮੰਤਰੀ ਕੈਲਾਸ਼ ਚੌਧਰੀ ਨਾਲ ਬੈਠ ਕੇ ਲੰਚ ਕਰਦੇ ਨਜ਼ਰ ਆ ਰਹੇ ਹਨ। ਇਸ ਮੌਕੇ ਸੁਨੀਲ ਕੁਮਾਰ ਸਿੰਘ (ਝਾਰਖੰਡ ਤੋਂ ਸੰਸਦ ਮੈਂਬਰ), ਰਾਜਸਥਾਨ ਤੋਂ ਸੌਰਭ ਸਰਸਵਤ (ਕੌਮੀ ਜਨਰਲ ਸਕੱਤਰ, ਭਾਰਤ-ਤਿੱਬਤ ਸੰਘ), ਸੁਖਮਿੰਦਰਪਾਲ ਸਿੰਘ ਗਰੇਵਾਲ (ਕੌਮੀ ਕਿਸਾਨ ਆਗੂ ਭਾਜਪਾ ਤੇ ਸਾਬਕਾ ਕੌਮੀ ਸਕੱਤਰ-ਭਾਜਪਾ ਕਿਸਾਨ ਮੋਰਚਾ) ਵੀ ਹਾਜ਼ਰ ਸਨ। ਗਰੇਵਾਲ ਜੰਮੂ ਤੇ ਕਸ਼ਮੀਰ, ਭਾਰਤ-ਤਿੱਬਤ ਸੰਘ ਦੀਆਂ ਇਕਾਈਆਂ ਨਾਲ ਵੀ ਜੁੜੇ ਹੋਏ ਹਨ।

ਇਹ ਵੀ ਪੜ੍ਹੋ : ਸਿੰਘੂ ਬਾਰਡਰ ’ਤੇ ਨਿਹੰਗਾਂ ਵਲੋਂ ਕਤਲ ਕੀਤੇ ਲਖਬੀਰ ਦੇ ਮਾਮਲੇ ’ਚ ਨਵਾਂ ਮੋੜ, ਭੈਣ ਨੇ ਕੀਤਾ ਸਨਸਨੀਖੇਜ਼ ਖੁਲਾਸਾ

PunjabKesari

ਮੋਰਚਾ ਪਹਿਲਾਂ ਹੀ ਕਰ ਚੁੱਕਾ ਹੈ ਜਾਂਚ ਦੀ ਮੰਗ
ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਰਾਕੇਸ਼ ਟਕੈਤ, ਜੋਗਿੰਦਰ ਯਾਦਵ ਅਤੇ ਬਲਬੀਰ ਸਿੰਘ ਰਾਜੇਵਾਲ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ। ਬੇਅਦਬੀ ਦੇ ਸਬੂਤ ਸਾਹਮਣੇ ਆਉਣੇ ਚਾਹੀਦੇ ਹਨ ਅਤੇ ਕਾਤਲਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ। ਇਹੀ ਨਹੀਂ ਉਨ੍ਹਾਂ ਵਲੋਂ ਇਹ ਵੀ ਕਿਹਾ ਗਿਆ ਸੀ ਕਿ ਉਹ ਨਿਹੰਗ ਜਥੇਬੰਦੀਆਂ ਨੂੰ ਪਹਿਲਾਂ ਹੀ ਆਖ ਚੁੱਕੇ ਹਨ ਕਿ ਉਹ ਇਥੋਂ ਚਲੇ ਜਾਣ, ਇਹ ਧਾਰਮਿਕ ਸੰਘਰਸ਼ ਨਹੀਂ ਸਗੋਂ ਕਿਸਾਨ ਸੰਘਰਸ਼ ਹੈ। ਇਸ ਤੋਂ ਇਲਾਵਾ ਕਿਸਾਨ ਮੋਰਚਾ ਨੇ ਸਾਫ ਕਿਹਾ ਸੀ ਕਿ ਉਹ ਕਿਸੇ ਵੀ ਤਰ੍ਹਾਂ ਦੇ ਹਿੰਸਕ ਘਟਨਾ ਦੇ ਪੱਖ ਵਿਚ ਨਹੀਂ ਹਨ।

ਇਹ ਵੀ ਪੜ੍ਹੋ : ਕੋਰੋਨਾ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਨਵੀਆਂ ਗਾਈਡਲਾਈਨਜ਼ ਜਾਰੀ

PunjabKesari

ਮ੍ਰਿਤਕ ਦੀ ਭੈਣ ਨੇ ਪਹਿਲਾਂ ਹੀ ਕੀਤਾ ਸੀ ਵੱਡਾ ਖੁਲਾਸਾ
ਨਿਹੰਗ ਸਿੰਘਾਂ ਵਲੋਂ ਸਿੰਘੂ ਬਾਰਡਰ ’ਤੇ ਬੇਰਹਿਮੀ ਨਾਲ ਕਤਲ ਕੀਤੇ ਗਏ ਤਰਨਤਾਰਨ ਦੇ ਪਿੰਡ ਚੀਮਾ ਕਲਾਂ ਦੇ ਲਖਬੀਰ ਸਿੰਘ ਉਰਫ ਟੀਟੂ ਦੀ ਭੈਣ ਨੇ ਖੁਲਾਸਾ ਕਰਦਿਆਂ ਦੱਸਿਆ ਸੀ ਕਿ ਕਤਲ ਤੋਂ 6 ਦਿਨ ਪਹਿਲਾਂ ਉਹ ਘਰੋਂ 50 ਰੁਪਏ ਲੈਕੇ ਝਬਾਲ ਦੀ ਦਾਨਾਮੰਡੀ ਵਿਚ ਦਿਹਾੜੀ ਲਗਾਉਣ ਗਿਆ ਸੀ। ਮ੍ਰਿਤਕ ਦੀ ਵੱਡੀ ਭੈਣ ਰਾਜਵਿੰਦਰ ਕੌਰ ਅਤੇ ਲਖਬੀਰ ਇਕੋ ਮਕਾਨ ਵਿਚ ਰਹਿੰਦੇ ਸਨ। ਰਾਜਵਿੰਦਰ ਨੇ ਦੱਸਿਆ ਕਿ ਲਖਬੀਰ ਸਿੰਘ ਨੇ 13 ਅਕਤੂਬਰ ਨੂੰ ਪਿੰਡ ਵਿਚ ਇਕ ਵਿਆਹ ਸਮਾਗਮ ਵਿਚ ਭਾਗ ਲਿਆ ਸੀ ਅਤੇ ਸ਼ਾਮ ਵੇਲੇ ਇਕ ਨਿਹੰਗ ਸਿੰਘ ਦੇ ਭੇਸ ਵਿਚ ਆਇਆ ਕੋਈ ਵਿਅਕਤੀ ਉਸ ਨੂੰ ਆਪਣੇ ਨਾਲ ਲੈ ਗਿਆ ਸੀ। ਭੈਣ ਨੇ ਦੱਸਿਆ ਕਿ ਉਹ ਅਕਸਰ ਕਿਸੇ ‘ਸੰਧੂ’ ਨਾਮ ਦੇ ਵਿਅਕਤੀ ਨਾਲ ਲੰਮਾ ਸਮਾਂ ਮੋਬਾਈਲ ’ਤੇ ਗੱਲਾਂ ਕਰਦਾ ਰਹਿੰਦਾ ਸੀ ਅਤੇ ਉਹ ਇਹ ਵੀ ਆਖਦਾ ਸੀ ਕਿ ਉਸ ਦੀ ਪਹੁੰਚ ਹੁਣ ਬਹੁਤ ਦੂਰ ਤੱਕ ਹੋ ਗਈ ਹੈ। ਉਕਤ ਨੇ ਇਹ ਵੀ ਦੱਸਿਆ ਕਿ ਫੋਨ ਕਰਨ ਸਮੇਂ ਉਹ ਸਾਰਿਆਂ ਨੂੰ ਕਮਰੇ ਵਿਚੋਂ ਬਾਹਰ ਕੱਢ ਦਿੰਦਾ ਸੀ। ਲਖਬੀਰ ਸਿੰਘ ਦੀ ਭੈਣ ਨੇ ਕਿਹਾ ਕਿ ਉਹ ਬੇਅਬਦੀ ਨਹੀਂ ਕਰ ਸਕਦਾ ਹੈ।

ਇਹ ਵੀ ਪੜ੍ਹੋ : ਡੇਰਾ ਰਾਧਾ ਸੁਆਮੀ ਬਿਆਸ ਦੀਆਂ ਸੰਗਤਾਂ ਲਈ ਵੱਡੀ ਖ਼ੁਸ਼ਖ਼ਬਰੀ, ਡੇਰੇ ਵਲੋਂ ਜਾਰੀ ਹੋਇਆ ਇਹ ਨੋਟੀਫਿਕੇਸ਼ਨ

PunjabKesari

ਇੰਝ ਹੋਈ ਸੀ ਵਾਰਦਾਤ
ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਸਿੰਘੂ ਬਾਰਡਰ ਕੋਲ ਨਿਹੰਗ ਜਥੇਬੰਦੀ ਬਾਬਾ ਬਲਵਿੰਦਰ ਸਿੰਘ ਮੋਇਆਂ ਦੀ ਮੰਡੀ ਵਾਲੇ (ਮੁੱਖ ਸਥਾਨ ਸ੍ਰੀ ਫਤਹਿਗੜ੍ਹ ਸਾਹਿਬ) ਦੇ ਟੈਂਟ ਵਿਚੋਂ ‘ਸਰਬਲੋਹ ਗ੍ਰੰਥ’ ਦੀ ਬੇਅਦਬੀ ਕਰਕੇ ਭੱਜਣ ਵਾਲੇ ਨੌਜਵਾਨ ਦਾ ਬੇਰਹਿਮ ਤਰੀਕੇ ਨਾਲ ਕਤਲ ਕਰਕੇ ਉਸ ਦੀ ਵੱਢੀ-ਟੁੱਕੀ ਲਾਸ਼ ਪੁਲਸ ਬੈਰੀਕੇਡ ਨਾਲ ਲਟਕਾ ਦਿੱਤੀ ਗਈ ਸੀ। ਵਾਇਰਲ ਵੀਡੀਓ ਅਨੁਸਾਰ ਕੁੱਝ ਨਿਹੰਗ ਸਿੰਘਾਂ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਵੀ ਲਈ ਗਈ ਹੈ। ਕੁੰਡਲੀ ਥਾਣਾ ਪੁਲਸ ਨੇ ਦਫ਼ਾ 302 ਤੇ 34 ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਦੌਰਾਨ ਨਿਹੰਗ ਜਥੇਬੰਦੀ ਦੇ ਮੈਂਬਰ ਸਰਬਜੀਤ ਸਿੰਘ ਨੇ ਪੁਲਸ ਸਾਹਮਣੇ ਆਤਮ ਸਮਰਪਣ ਵੀ ਕਰ ਦਿੱਤਾ ਹੈ ਅਤੇ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਸਰਬਜੀਤ ਦੇ ਮੈਡੀਕਲ ਟੈਸਟ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਸਿੰਘੂ ਬਾਰਡਰ ’ਤੇ ਵਾਪਰੀ ਘਟਨਾ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

ਨੋਟ - ਨਿਹੰਗ ਸਿੰਘ ਦੀਆਂ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਵਾਇਰਲ ਹੋਈਆਂ ਤਸਵੀਰਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਕੁਮੈਂਟ ਕਰਕੇ ਦੱਸੋ।


Gurminder Singh

Content Editor

Related News