ਬੈਂਸ ਨੇ ਮੁੱਖ ਮੰਤਰੀ ਨੂੰ ਦਿੱਤੀ 150 ਹੋਰ ਨਸ਼ਾ ਸਮੱਗਲਰਾਂ ਦੀ ਸੂਚੀ

Wednesday, Jul 11, 2018 - 04:32 AM (IST)

ਬੈਂਸ ਨੇ ਮੁੱਖ ਮੰਤਰੀ ਨੂੰ ਦਿੱਤੀ 150 ਹੋਰ ਨਸ਼ਾ ਸਮੱਗਲਰਾਂ ਦੀ ਸੂਚੀ

ਲੁਧਿਆਣਾ(ਪਾਲੀ)-ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸੂਬੇ ਦੇ ਸਮੂਹ ਨਸ਼ਾ ਸਮੱਗਲਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਨਸ਼ਾ ਵੇਚਣ ਦਾ ਧੰਦਾ ਛੱਡ ਕੇ  ਕੋੲੀ ਕੰਮ ਕਰਨ ਲੱਗ ਜਾਣ, ਨਹੀਂ ਤਾਂ ਉਨ੍ਹਾਂ ਦਾ ਹਸ਼ਰ ਮਾਡ਼ਾ ਹੋਵੇਗਾ। ਵਿਧਾਇਕ ਬੈਂਸ ਨੇ ਇਹ ਵੀ ਕਿਹਾ ਕਿ ਉਹ ਆਪਣੇ ਹੈਲਪਲਾਈਨ ਨੰਬਰ ’ਤੇ ਆਈਆਂ ਕਾਲਾਂ ਸਬੰਧੀ ਪੂਰੀ ਰਿਪੋਰਟ ਤਿਆਰ ਕਰ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਤੇ ਐੱਸ.ਟੀ.ਐੱਫ. ਮੁਖੀ ਹਰਪ੍ਰੀਤ ਸੰਧੂ ਨੂੰ ਦੇ ਰਹੇ ਹਨ ਜਦੋਂ ਕਿ ਸਰਕਾਰ ਨਸ਼ਾ ਸਮੱਗਲਰਾਂ ਖਿਲਾਫ ਕਾਰਵਾਈ ਕਰਨ ਦੀ ਗੱਲ ਕਰ ਰਹੀ ਹੈ ਪਰ ਇਸ ਤੋਂ ਪਹਿਲਾਂ ਹੀ ਸੂਬੇ ਦੇ ਲੋਕਾਂ ਨੇ ਨਸ਼ਾ ਸਮੱਗਲਰਾਂ ਦਾ ਕੁਟਾਪਾ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਲੋਕ ਨਸ਼ਿਆਂ ਵਿਸ਼ੇਸ਼ ਕਰ ਕੇ ਚਿੱਟੇ ਤੋਂ ਇਸ ਕਦਰ ਪ੍ਰੇਸ਼ਾਨ ਹੋ ਗਏ ਹਨ ਕਿ ਉਹ ਹੁਣ ਸਰਕਾਰ ਦੇ ਹੁਕਮਾਂ ਦੇ ਆਉਣ ਤੋਂ ਪਹਿਲਾਂ ਹੀ ਆਪ ਅੱਗੇ ਆ ਕੇ ਨਸ਼ਾ ਸਮੱਗਲਰਾਂ ਦੀ ਕੁੱਟ-ਮਾਰ ਕਰਨ ਲੱਗ ਪਏ ਹਨ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਪਿਛਲੇ ਮੰਗਲਵਾਰ ਵੀ ਉਹ 37 ਨਸ਼ਾ ਸਮੱਗਲਰਾਂ ਦੀ ਸੂਚੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਐੱਸ.ਟੀ.ਐੱਫ. ਮੁਖੀ ਹਰਪ੍ਰੀਤ ਸਿੰਘ ਸਿੱਧੂ ਨੂੰ ਦੇ ਕੇ ਆਏ ਸਨ ਅਤੇ ਅੱਜ ਵੀ ਉਹ 150 ਹੋਰ ਨਸ਼ਾ ਸਮੱਗਲਰਾਂ ਦੀ ਸੂਚੀ ਦੇਣ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਹੈਲਪਲਾਈਨ ਨੰਬਰ 93735-93734 ’ਤੇ ਹੁਣ ਤੱਕ ਪਿਛਲੇ 12 ਦਿਨਾਂ ਵਿਚ  7000 ਕਾਲਾਂ ਅਤੇ 7000 ਦੇ ਕਰੀਬ ਹੀ ਵਟਸਐਪ ’ਤੇ ਮੈਸੇਜ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਹੈਲਪਲਾਈਨ ਨੰਬਰ ’ਤੇ ਆਉਣ ਵਾਲੀਆਂ ਕਾਲਾਂ ਦਾ ਪੂਰਾ ਰਿਕਾਰਡ ਗੁਪਤ ਰੱਖਿਆ ਜਾ ਰਿਹਾ ਹੈ ਅਤੇ ਅਨੇਕਾਂ ਲੋਕ ਆਪਣੇ ਆਸ ਪਾਸ, ਆਪਣੇ ਪਿੰਡਾਂ ਵਿਚ ਵਿਕ ਰਹੇ ਨਸ਼ੇ ਦੀ ਜਾਣਕਾਰੀ ਉਨ੍ਹਾਂ ਨੂੰ ਦੇ ਰਹੇ ਹਨ ਅਤੇ ਆਸ ਕੀਤੀ ਜਾਂਦੀ ਹੈ ਕਿ ਜਲਦੀ ਹੀ ਨਸ਼ਾ ਸਮੱਗਲਰਾਂ ’ਤੇ ਕਾਬੂ ਪਾ ਲਿਆ ਜਾਵੇਗਾ। ਇਸ ਮੌਕੇ  ਜਸਵਿੰਦਰ ਸਿੰਘ ਖਾਲਸਾ, ਸੁਰਿੰਦਰ ਸਿੰਘ ਗਰੇਵਾਲ, ਜਤਿੰਦਰ ਪਾਲ ਸਿੰਘ ਸਲੂਜਾ, ਰਾਜਿੰਦਰ ਸਿੰਘ ਡਿੰਪੀ, ਜਸਵਿੰਦਰ ਸਿੰਘ ਰਾਜਾ, ਦੀਪਕ ਸ਼ਰਮਾ ਤੇ ਹੋਰ ਵੀ ਸ਼ਾਮਲ ਸਨ। 
 


Related News