ਬੈਂਸ ਦਾ ਵਿਰੋਧੀਆਂ ਨੂੰ ਚੈਲੰਜ, ਬਰਗਾੜੀ ਮੋਰਚੇ ਨੂੰ ਸਲਾਹ (ਵੀਡੀਓ)

Friday, May 10, 2019 - 05:55 PM (IST)

ਲੁਧਿਆਣਾ (ਨਰਿੰਦਰ ਮਹਿੰਦਰੂ) : ਚੋਣ ਪ੍ਰਚਾਰ ਦੌਰਾਨ ਹੋ ਰਹੇ ਵਿਰੋਧ ਨੂੰ ਲੁਧਿਆਣਾ ਤੋਂ ਪੀ. ਡੀ. ਏ. ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਕਾਂਗਰਸ ਅਤੇ ਅਕਾਲੀ ਦਲ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਬੈਂਸ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਰੈਲੀਆਂ ਵਿਚ ਵਿਰੋਧ ਕਰਨ ਵਾਲੇ ਅਤੇ ਰੌਲਾ ਪਾਉਣ ਵਾਲੇ ਕਾਂਗਰਸ ਅਤੇ ਅਕਾਲੀ ਦਲ ਦੇ ਵਰਕਰ ਹਨ। ਬੈਂਸ ਮੁਤਾਬਕ ਉਨ੍ਹਾਂ ਨੂੰ ਬਦਨਾਮ ਕਰਨ ਲਈ ਵਿਰੋਧੀਆਂ ਵਲੋਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ। ਬੈਂਸ ਨੇ ਕਿਹਾ ਕਿ ਉਨ੍ਹਾਂ ਦਾ ਮਨੋਬਲ ਤੋੜਨ ਅਤੇ ਡਰਾਉਣ ਲਈ ਉਨ੍ਹਾਂ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ ਪਰ ਉਹ ਇਨ੍ਹਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। 
ਇਸ ਦੇ ਨਾਲ ਹੀ ਵਿਰੋਧੀਆਂ ਵਲੋਂ ਆਲਮਗੀਰ ਵਿਖੇ 10 ਏਕੜ 'ਚ ਬਣਾਏ ਗਏ ਫਾਰਮ ਹਾਊਸ 'ਤੇ ਚੁੱਕੇ ਜਾ ਰਹੇ ਸਵਾਲਾਂ 'ਤੇ ਬੈਂਸ ਨੇ ਕਿਹਾ ਕਿ ਇਹ ਫਾਰਮ ਹਾਊਸ ਉਨ੍ਹਾਂ ਨੇ ਆਪਣੀ ਮਿਹਨਤ ਨਾਲ ਬਣਾਇਆ ਹੈ, ਜੇਕਰ ਉਨ੍ਹਾਂ ਨੂੰ ਕੋਈ ਠੱਗੀ ਜਾਂ ਘਪਲਾ ਕੀਤਾ ਹੈ ਤਾਂ ਉਨ੍ਹਾਂ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ। ਬਰਗਾੜੀ ਮੋਰਚੇ 'ਤੇ ਬੋਲਦਿਆਂ ਬੈਂਸ ਨੇ ਕਿਹਾ ਕਿ ਇਸ ਨਾਲ ਸਿਰਫ ਸਿੱਖਾਂ ਦੀਆਂ ਹੀ ਨਹੀਂ ਸਗੋਂ ਪੰਜਾਬੀਆਂ ਦੀਆਂ ਭਾਵਨਾਵਾਂ ਵੀ ਜੁੜੀਆਂ ਹੋਈਆਂ ਹਨ, ਬਰਗਾੜੀ ਆਗੂਆਂ ਨੂੰ ਬੈਂਸ ਨੇ ਹੁਣ ਸਖਤ ਸਟੈਂਡ ਲੈਣ ਦੀ ਸਲਾਹ ਦਿੱਤੀ ਹੈ।


author

Gurminder Singh

Content Editor

Related News