ਬੈਂਸ ਭਰਾਵਾਂ ਸਮੇਤ 150 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ

Wednesday, Jun 24, 2020 - 09:19 PM (IST)

ਬੈਂਸ ਭਰਾਵਾਂ ਸਮੇਤ 150 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ

ਫਗਵਾੜਾ,(ਹਰਜੋਤ/ਜਲੋਟਾ)- ਖੇਤੀ ਸੁਧਾਰ ਬਿੱਲ ਦੇ ਵਿਰੋਧ 'ਚ ਲੋਕ ਇੰਨਸਾਫ਼ ਪਾਰਟੀ ਵੱਲੋਂ ਸ਼ੁਰੂ ਕੀਤੇ ਸਾਇਕਲ ਰੋਸ ਮਾਰਚ ਦੇ ਅੱਜ ਫਗਵਾੜਾ ਪੁੱਜਣ ਤੋਂ ਬਾਅਦ ਪੁਲਿਸ ਨੇ ਲੁਧਿਆਣਾ ਦੇ ਦੋਨੋਂ ਵਿਧਾਇਕ ਬੈਂਸ ਭਰਾਵਾਂ ਅਤੇ ਉਨ੍ਹਾਂ ਦੇ ਪੰਜ ਹੋਰ ਸਾਥੀਆਂ ਸਮੇਤ ਸੱਤ ਅਤੇ 150 ਅਣਪਛਾਤੇ ਵਿਅਕਤੀਆਂ ਖਿਲਾਫ਼ ਧਾਰਾ 188 ਆਈ.ਪੀ.ਸੀ, 51 ਡਿਜਾਸਟਰ ਮੈਨੇਜਮੈਂਟ ਐਕਟ 2005 ਤਹਿਤ ਕੇਸ ਦਰਜ ਕੀਤਾ ਹੈ। 
 ਡੀ.ਐਸ.ਪੀ. ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੈਂਸ ਭਰਾਵਾ ਵੱਲੋਂ ਸਾਇਕਲ ਮਾਰਚ ਕੱਢ ਕੇ ਮਾਸਕ ਤੇ ਸੋਸ਼ਲ ਡਿਸਟੈਸਿੰਗ ਦਾ ਪਾਲਣ ਨਾ ਕਰਕੇ ਮਾਣਯੋਗ ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ, ਜਿਸ ਸਬੰਧ 'ਚ ਪੁਲਿਸ ਨੇ ਸਿਮਰਜੀਤ ਸਿੰਘ ਬੈਂਸ ਵਿਧਾਇਕ ਹਲਕਾ ਆਤਮ ਨਗਰ ਲੁਧਿਆਣਾ, ਬਲਵਿੰਦਰ ਸਿੰਘ ਬੈਂਸ ਵਿਧਾਇਕ ਲੁਧਿਆਣਾ ਦੱਖਣੀ, ਜਰਨੈਲ ਨੰਗਲ ਵਾਸੀ ਪਿੰਡ ਨੰਗਲ, ਸੁਖਵਿੰਦਰ ਸਿੰਘ ਸ਼ੇਰਗਿੱਲ ਵਾਸੀ ਪਿੰਡ ਮਾਨਾਵਾਲੀ, ਸ਼ਸ਼ੀ ਬੰਗੜ, ਬਲਵੀਰ ਠਾਕੁਰ, ਸੁਖਦੇਵ ਚੌਂਕੜੀਆਂ ਸਮੇਤ 150 ਵਿਅਕਤੀਆਂ ਦੇ ਖਿਲਾਫ਼ ਕੇਸ ਦਰਜ ਕੀਤਾ ਹੈ। 
ਪੁਲਿਸ ਨੇ ਦਰਜ ਕੀਤੀ ਰਿਪੋਰਟ 'ਚ ਕਿਹਾ ਕਿ 50 ਸਾਇਕਲਾ, 12-13 ਟਰੈਕਟਰਾ ਤੇ 13-14 ਕਾਰਾ ਆਦਿ ਗੱਡੀਆਂ ਨਾਲ ਜਲੰਧਰ ਸਾਇਡ ਵੱਲੋਂ ਸਾਇਕਲਾਂ 'ਤੇ ਲੋਕ ਇੰਨਸਾਫ਼ ਪਾਰਟੀ ਦੇ ਝੰਡੇ ਲਗਾਏ ਹੋਏ ਵਾਹਨ ਆਏ। ਇਨ੍ਹਾਂ 'ਚੋਂ ਕੁੱਝ ਵਿਅਕਤੀਆਂ ਨੇ ਮੂੰਹ 'ਤੇ ਮਾਸਕ ਨਹੀਂ ਲਗਾਏ ਹੋਏ ਸਨ ਤੇ ਇਨ੍ਹਾਂ ਨੇ ਆਪਸ 'ਚ ਪੰਜਾਬ ਸਰਕਾਰ ਦੀਆਂ ਹਦਾਇਤਾ ਮੁਤਾਬਕ ਸੋਸ਼ਲ ਡਿਸਟੈਂਸ ਵੀ ਨਹੀਂ ਰੱਖਿਆ ਸੀ ਜੋ ਕੋਵਿਡ-19 ਦੇ ਮੱਦੇਨਜ਼ਰ ਜਾਰੀ ਹਦਾਇਤਾ ਅਨੁਸਾਰ ਇਕੱਠ ਕਰਨ 'ਤੇ ਪਾਬੰਦੀ ਲਗਾਈ ਹੋਈ ਹੈ। ਪਰ ਇਹ ਕਾਫ਼ਲਾ ਮਾਸਕ ਨਾ ਪਹਿਨ ਕੇ ਨਾ ਸੋਸ਼ਲ ਡਿਸਟੈਂਸ ਦੀ ਪਾਲਣਾ ਕਰਕੇ ਅੱਗੇ ਵੱਧਦਾ ਗਿਆ ਅਤੇ ਲੋਕਾਂ ਦੀ ਜਾਨ ਨੂੰ ਖਤਰੇ 'ਚ ਪਾਇਆ ਜਿਸ ਸਬੰਧ 'ਚ ਪੁਲਿਸ ਨੇ ਕੇਸ ਦਰਜ ਕੀਤਾ ਹੈ। ਇਸ ਸਬੰਧੀ ਗੱਲਬਾਤ ਕਰਨ ਲਈ ਵਿਧਾਇਕ ਸਿਮਰਜੀਤ ਸਿੰਘ ਬੈਂਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਪਰਕ ਨਹੀਂ ਹੋ ਸਕਿਆ।  


author

Deepak Kumar

Content Editor

Related News