ਬਾਦਲਾਂ ਨੂੰ ਲਾਭ ਪਹੁੰਚਾਉਣ ਲਈ ਹੀ ਕੈਪਟਨ ਨੇ ਦਿੱਤੀ ਬੱਸਾਂ ਭਰ ਕੇ ਚਲਾਉਣ ਦੀ ਛੋਟ : ਬੈਂਸ
Tuesday, Jun 30, 2020 - 08:41 PM (IST)
ਚੰਡੀਗੜ੍ਹ,(ਰਮਨਜੀਤ)- ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸੂਬੇ ਭਰ ਵਿਚ ਪੂਰੀ ਬੱਸ ਭਰ ਕੇ 52 ਸਵਾਰੀਆਂ ਸਮੇਤ ਚਲਾਉਣ ਨੂੰ ਦਿੱਤੀ ਗਈ ਛੋਟ 'ਤੇ ਸਵਾਲ ਖੜ੍ਹਾ ਕਰਦੇ ਹੋਏ ਕੈਪਟਨ ਨੂੰ ਘੇਰਦਿਆਂ ਦੋਸ਼ ਲਾਇਆ ਕਿ ਬਾਦਲ ਪਰਿਵਾਰ ਨੂੰ ਲਾਭ ਪਹੁੰਚਾਉਣ ਲਈ ਹੀ ਪੂਰੀਆਂ ਬੱਸਾਂ ਭਰ ਕੇ ਚਲਾਉਣ ਦੀ ਛੋਟ ਦਿੱਤੀ ਗਈ ਹੈ। ਕੈਪਟਨ ਨੇ ਬੱਸਾਂ ਵਿਚ 52 ਦੀਆਂ 52 ਸਵਾਰੀਆਂ ਦੇ ਭਰਨ ਦੇ ਹੁਕਮ ਦੇ ਕੇ ਖੁਦ ਵਲੋਂ ਜਾਰੀ ਕੀਤੇ ਸੋਸ਼ਲ ਡਿਸਟੈਂਸਿੰਗ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ।
ਵਿਧਾਇਕ ਬੈਂਸ ਨੇ ਅੱਜ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਰਾਂਸਪੋਰਟ ਮਾਫੀਆ ਜੋ ਕਿ ਪਿਛਲੇ 13 ਸਾਲਾਂ ਤੋਂ ਸੂਬੇ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੀ ਛਤਰ-ਛਾਇਆ ਵਿਚ ਸੂਬੇ ਵਿਚ ਚੱਲ ਰਿਹਾ ਹੈ, ਦੀ ਖਾਤਰ ਹੀ ਇਹ ਹੁਕਮ ਜਾਰੀ ਕੀਤੇ ਹਨ । ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਦਾ ਟਰਾਂਸਪੋਰਟ 'ਤੇ ਕਬਜ਼ਾ ਹੈ ਅਤੇ ਬਾਦਲ ਅਤੇ ਕੈਪਟਨ ਪਰਿਵਾਰ ਦੀ ਆਪਸ ਵਿਚ ਮਿਲੀਭੁਗਤ ਹੈ, ਤਾਂ ਹੀ ਕੈਪਟਨ ਨੇ ਬੱਸਾਂ ਦਾ ਪਿਛਲੇ ਤਿੰਨ ਮਹੀਨਿਆਂ ਦਾ ਰੋਡ ਟੈਕਸ ਵੀ ਮੁਆਫ ਕਰ ਦਿੱਤਾ, ਜਦਕਿ ਟੈਕਸੀ ਚਾਲਕਾਂ ਦਾ ਗਲਾ ਘੁੱਟ ਕੇ ਰੱਖ ਦਿੱਤਾ ਹੈ।