ਸਿਮਰਜੀਤ ਬੈਂਸ ਦੀ ਵੇਰਕਾ ਤੇ ਕੇਬਲ ਕੰਪਨੀ ਮਾਮਲੇ ''ਚ ਪੇਸ਼ੀ, 14 ਦਿਨਾਂ ਦੀ ਨਿਆਇਕ ਹਿਰਾਸਤ ''ਚ
Tuesday, Jul 19, 2022 - 02:28 PM (IST)
ਲੁਧਿਆਣਾ (ਨਰਿੰਦਰ) : ਜਬਰ-ਜ਼ਿਨਾਹ ਸਮੇਤ ਹੋਰ ਮਾਮਲਿਆਂ ਦੀ ਜਾਂਚ ਦਾ ਸਾਹਮਣਾ ਕਰ ਰਹੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੂੰ ਅੱਜ ਵੇਰਕਾ ਅਤੇ ਕੇਬਲ ਨੈੱਟਵਰਕ ਕੰਪਨੀ ਵੱਲੋਂ ਦਾਇਰ ਮੁਕੱਦਮੇ ਤਹਿਤ ਅਦਾਲਤ 'ਚ ਪੇਸ਼ ਕੀਤਾ ਗਿਆ। ਇੱਥੇ ਮਾਣਯੋਗ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ।
ਦੱਸਣਯੋਗ ਹੈ ਕਿ ਸਿਮਰਜੀਤ ਸਿੰਘ ਬੈਂਸ ਆਪਣੇ ਸਾਥੀਆਂ ਸਮੇਤ ਬੀਤੇ ਸਾਲ ਦੁੱਧ ਉਤਪਾਦਨ ਕੰਪਨੀ ਵੇਰਕਾ ਦੀ ਲੈਬ 'ਚ ਬਿਨਾਂ ਮਨਜ਼ੂਰੀ ਦੇ ਦਾਖ਼ਲ ਹੋ ਗਏ ਸਨ। ਇਸ ਤੋਂ ਬਾਅਦ ਵੇਰਕਾ ਮੈਨਜਮੈਂਟ ਵੱਲੋਂ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਸੀ। ਇਸੇ ਤਰ੍ਹਾਂ ਕੇਬਲ ਨੈੱਟਵਰਕ ਕੰਪਨੀ ਵੱਲੋਂ ਦਾਇਰ ਮਾਮਲੇ 'ਚ ਵੀ ਸਿਮਰਜੀਤ ਸਿੰਘ ਬੈਂਸ ਦੋਸ਼ੀ ਹਨ। ਇਨ੍ਹਾਂ ਦੋਹਾਂ ਕੇਸਾਂ 'ਚ ਸੁਣਵਾਈ ਤੋਂ ਬਾਅਦ ਸਿਮਰਜੀਤ ਸਿੰਘ ਬੈਂਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ ਹੈ।