ਆਖਰ ਸਿੱਧੂ ''ਤੇ ਬੋਲਣ ਵਾਲੇ ਆਰੂਸਾ ''ਤੇ ਚੁੱਪ ਕਿਉਂ? (ਵੀਡੀਓ)

Tuesday, Aug 21, 2018 - 12:18 PM (IST)

ਲੁਧਿਆਣਾ : ਜਿੱਥੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਪਾਕਿਸਤਾਨ ਦੇ ਫੌਜ ਮੁਖੀ ਨੂੰ ਜੱਫੀ ਪਾਉਣ ਦਾ ਹਰ ਪਾਸੇ ਵਿਰੋਧ ਹੋ ਰਿਹਾ ਹੈ, ਉੱਥੇ ਹੀ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਹਿੱਕ ਤਾਣ ਕੇ ਉਨ੍ਹਾਂ ਦੇ ਹੱਕ 'ਚ ਉਤਰ ਆਏ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸਿੱਧੂ ਦੇ ਪਾਕਿਸਤਾਨ ਜਾਣ ਬਾਰੇ ਇੰਨਾ ਰੌਲਾ ਪਾ ਰਹੇ ਹਨ, ਉਹ ਲੋਕ ਆਰੂਸਾ ਆਲਮ ਬਾਰੇ ਕਿਉਂ ਨਹੀਂ ਕੁਝ ਬੋਲਦੇ, ਜੋ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ 'ਚ ਕਈ ਮਹੀਨੇ ਰਹਿ ਕੇ ਜਾਂਦੀ ਹੈ। 
ਸਿਮਰਜੀਤ ਬੈਂਸ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਾਕਿਸਤਾਨ ਗਏ ਤਾਂ ਭੇਡੂ ਲੈ ਕੇ ਆ ਗਏ, ਕੈਪਟਨ ਅਮਰਿੰਦਰ ਸਿੰਘ ਪਾਕਿਸਤਾਨ ਗਏ ਤਾਂ ਆਰੂਸਾ ਆਲਮ ਲੈ ਕੇ ਆ ਗਏ ਪਰ ਨਵਜੋਤ ਸਿੱਧੂ ਪਾਕਿਸਤਾਨ ਗਏ ਤਾਂ ਉਹ ਕਰਤਾਰਪੁਰ ਸਾਹਿਬ ਦਾ ਕਾਰੀਡਾਰ ਮੰਗ ਕੇ ਆਏ ਹਨ, ਜਿਸ ਦੀ ਅੱਜ ਤੱਕ ਕਿਸੇ ਮੁੱਖ ਮੰਤਰੀ ਤੇ ਕਿਸੇ ਨੇਤਾ ਨੇ ਜ਼ੁਰੱਤ ਨਹੀਂ ਕੀਤੀ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾ ਰਹੇ ਹਾਂ ਤੇ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਕਾਰੀਡਾਰ ਕਿਸੇ ਨੇਤਾ ਨੇ ਪਾਕਿਸਤਾਨ ਕੋਲੋਂ ਮੰਗ ਲਿਆ ਹੈ। ਸਿਮਰਜੀਤ ਬੈਂਸ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨਿਜੀ ਦੌਰੇ 'ਤੇ ਪਾਕਿਸਤਾਨ ਗਏ ਸੀ ਤੇ ਉਨ੍ਹਾਂ ਨੇ ਫੌਜ ਦੇ ਖਿਲਾਫ ਕੋਈ ਗੱਲ ਨਹੀਂ ਕੀਤੀ ਅਤੇ ਉਨ੍ਹਾਂ ਦੇ ਖਿਲਾਫ ਸਿਰਫ ਗੱਲਾਂ ਹੀ ਬਣਾਈਆਂ ਜਾ ਰਹੀਆਂ ਹਨ।


Related News