ਪੰਜਾਬ ਦੇ ਪਿੰਡਾਂ ਦੀ 1 ਲੱਖ 35 ਹਜ਼ਾਰ ਏਕੜ ਜ਼ਮੀਨ ਲੈਂਡ ਮਾਫੀਆ ਦੇ ਸਾਏ ਹੇਠ : ਸਿਮਰਜੀਤ ਬੈਂਸ

01/09/2020 12:21:59 PM

ਰੂਪਨਗਰ (ਵਿਜੇ ਸ਼ਰਮਾ)— ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਨੂੰ ਨਿੱਜੀ ਇੰਡਸਟਰੀਆਂ ਨੂੰ ਦੇਣ ਦੇ ਫੈਸਲੇ ਖਿਲਾਫ ਪੰਜਾਬ ਦੀ ਲੋਕ ਇਨਸਾਫ ਪਾਰਟੀ ਵੱਲੋਂ ਸ਼ੁਰੂ ਕੀਤੇ ਜਨ ਅੰਦੋਲਨ ਦੇ ਤਹਿਤ ਬੀਤੇ ਦਿਨ ਸਿਮਰਜੀਤ ਸਿੰਘ ਬੈਂਸ ਆਪਣੇ ਕੁਝ ਸਾਥੀਆਂ ਸਣੇ ਰੂਪਨਗਰ 'ਚ ਲੋਕਾਂ ਨੂੰ ਸਰਕਾਰ ਦੇ ਲੋਕ ਵਿਰੋਧੀ ਫੈਸਲੇ ਦੇ ਵਿਰੁੱਧ ਜਾਗਰੂਕ ਕਰਨ ਲਈ ਪਹੁੰਚੇ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਪੰਜਾਬ ਦੇ 12 ਹਜ਼ਾਰ 278 ਪਿੰਡਾਂ ਦੀ 1 ਲੱਖ 35 ਹਜ਼ਾਰ ਏਕੜ ਜ਼ਮੀਨ ਲੈਂਡ ਮਾਫੀਆ ਦੇ ਸਾਏ ਹੇਠ ਹੈ। ਉਨ੍ਹਾਂ ਕਾਂਗਰਸ ਸਰਕਾਰ ਦੇ ਇਸ ਫੈਸਲੇ ਨੂੰ ਲੋਕ ਮਾਰੂ ਦੱਸਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਲੈਂਡ ਮਾਫੀਆ ਦੇ ਨਿੱਜੀ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਇਹ ਗਲਤ ਫੈਸਲਾ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਪੰਚਾਇਤਾਂ ਦੇ ਆਪਣੇ ਹੱਕ ਮਾਰੇ ਗਏ ਹਨ ਅਤੇ ਪੰਚਾਇਤਾਂ ਨੂੰ ਇਨ੍ਹਾਂ ਜ਼ਮੀਨਾਂ ਤੋਂ ਜੋ ਆਮਦਨ ਹੁੰਦੀ ਸੀ, ਉਹ ਵੀ ਖਤਮ ਹੋ ਜਾਵੇਗੀ। 

ਉਨ੍ਹਾਂ ਕਿਹਾ ਕਿ ਇਸ ਫੈਸਲੇ ਖਿਲਾਫ ਲੋਕ ਇਨਸਾਫ ਪਾਰਟੀ ਵੱਲੋਂ ਸੂਬੇ 'ਚ ਜਨ ਅੰਦੋਲਨ ਸ਼ੁਰੂ ਕੀਤਾ ਗਿਆ ਹੈ ਅਤੇ ਪਾਰਟੀ ਇਸ ਲੋਕ ਮਾਰੂ ਫੈਸਲੇ ਦੇ ਖਿਲਾਫ ਕਾਨੂੰਨੀ ਲੜਾਈ ਵੀ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਸਾਲ 2012 'ਚ ਐਕਟਿੰਗ ਚੀਫ ਜਸਟਿਸ ਅਲੋਕ ਸਿੰਘ ਨੇ ਪੰਜਾਬ ਗੌਰਮਿੰਟ ਨੂੰ ਹੁਕਮ ਜਾਰੀ ਕੀਤੇ ਸਨ ਕਿ ਜਿੰਨੀਆਂ ਵੀ ਪੰਚਾਇਤੀ ਜਮੀਨਾਂ ਦੇ ਇੰਤਕਾਲ ਕਿਸੇ ਨਿੱਜੀ ਵਿਅਕਤੀਆਂ ਦੇ ਨਾਂ ਹੋਏ ਹਨ ਉਨ੍ਹਾਂ ਨੂੰ ਰਿਵਿਊ ਕਰਕੇ ਪੰਚਾਇਤਾਂ ਦੇ ਨਾਮ ਚੜ੍ਹਾਏ ਜਾਣ ਪਰ 8 ਸਾਲ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਵੱਲੋਂ ਮਾਨਯੋਗ ਅਦਾਲਤ ਦੇ ਇਸ ਫੈਸਲੇ ਨੂੰ ਲਾਗੂ ਨਹੀਂ ਕੀਤਾ ਗਿਆ, ਜਿਸ ਲਈ ਪਾਰਟੀ ਪੰਜਾਬ ਸਰਕਾਰ ਖਿਲਾਫ ਅਦਾਲਤ ਦੇ ਹੁਕਮਾਂ ਦੀ ਉਲੰਘਣਾਂ ਦਾ ਵੀ ਕੇਸ ਦਾਇਰ ਕਰਨ ਜਾ ਰਹੀ ਹੈ। ਪੰਜਾਬ 'ਚ ਹਾਲ ਹੀ ਬਿਜਲੀ ਦੇ ਵਧਾਏ ਗਏ ਰੇਟਾਂ ਤੇ ਬੋਲਦੇ ਹੋਏ ਬੈਂਸ ਨੇ ਕਿਹਾ ਕਿ ਉਹ ਸਰਕਾਰ ਦੇ ਇਸ ਲੋਕ ਮਾਰੂ ਫੈਸਲੇ ਖਿਲਾਫ ਕਈ ਵਾਰ ਵਿਧਾਨ ਸਭਾ 'ਚ ਆਵਾਜ਼ ਬੁਲੰਦ ਕਰ ਚੁੱਕੇ ਹਨ। 

ਉਨ੍ਹਾਂ ਕਿਹਾ ਕਿ ਸੱਤਾ ਸੰਭਾਲਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਇੰਡਸਟਰੀ ਨੂੰ 5 ਰੁ. ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾਵੇਗੀ ਪਰ ਹੁਣ ਸਰਕਾਰ ਨੇ ਦੁੱਗਣੇ ਤੋਂ ਵੀ ਜ਼ਿਆਦਾ ਰੇਟ ਕਰਕੇ ਅੱਤ ਹੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਇਸ ਖਿਲਾਫ ਵੀ ਵੱਡਾ ਅੰਦੋਲਨ ਛੇੜਨ ਜਾ ਰਹੀ ਹੈ। ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਅਕਾਲੀ ਦਲ ਛੱਡੇ ਜਾਣ ਦੇ ਸਬੰਧ 'ਚ ਪੁੱਛੇ ਸਵਾਲ ਦੇ ਜਵਾਬ 'ਚ ਬੈਂਸ ਨੇ ਕਿਹਾ ਕਿ ਢੀਂਡਸਾ ਪਰਿਵਾਰ ਦਾ ਇਹ ਸ਼ਲਾਘਾਯੋਗ ਫੈਸਲਾ ਹੈ ਅਤੇ ਉਹ ਇਸ ਫੈਸਲੇ ਦਾ ਸਵਾਗਤ ਕਰਦੇ ਹਨ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਕੋਈ ਵੀ ਲੀਡਰ ਜਾਂ ਪਾਰਟੀ ਜੋ ਪੰਜਾਬ ਦੀ ਉੱਨਤੀ ਅਤੇ ਬਿਹਤਰੀ ਲਈ ਕੰਮ ਕਰ ਰਹੀ ਹੈ ਲੋਕ ਇਨਸਾਫ ਪਾਰਟੀ ਉਸ ਨੂੰ ਨਾਲ ਲੈ ਕੇ ਚੱਲੇਗੀ। ਨਾਗਰਿਕਤਾ ਸੋਧ ਬਿੱਲ ਸਬੰਧੀ ਪੁੱਛੇ ਸਵਾਲ ਤੇ ਬੈਂਸ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਦੇਸ਼ ਨੂੰ ਵੰਡਣ ਵਾਸਤੇ ਖੁਦ ਰਸਤਾ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਤਹਿਤ ਇਹ ਨਾਗਰਿਕਤਾ ਸੋਧ ਬਿੱਲ ਲਿਆਂਦਾ ਗਿਆ ਹੈ।


shivani attri

Content Editor

Related News