ਕੇਜਰੀਵਾਲ ਨੇ ਕਾਂਗਰਸ ਨਾਲ ਜੱਫੀ ਪਾਉਣ ਲਈ ਦਿੱਤੀ ਖਹਿਰਾ ਦੀ ਬਲੀ (ਵੀਡੀਓ)
Friday, Jul 27, 2018 - 12:20 PM (IST)
ਲੁਧਿਆਣਾ (ਨਰਿੰਦਰ) : 'ਆਪ' ਦੇ ਸੀਨੀਅਰ ਆਗੂ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਵਜੋਂ ਹਟਾਏ ਜਾਣ 'ਤੇ ਬੋਲਦਿਆਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਕਾਂਗਰਸ ਦੀ ਸ਼ਰਤ ਪੁਗਾਉਣ ਲਈ ਹੀ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਆਗੂ ਦੇ ਅਹੁਦੇ ਤੋਂ ਹਟਾਇਆ ਹੈ।
ਉਨ੍ਹਾਂ ਕਿਹਾ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗਠਜੋੜ ਤੈਅ ਹੈ ਅਤੇ ਕਾਂਗਰਸ ਦੀ ਇਕ ਸ਼ਰਤ ਸੀ ਕਿ 'ਆਪ' ਪਹਿਲਾਂ ਵਿਰੋਧੀ ਧਿਰ ਨੂੰ ਬਦਲੇ। ਕਾਂਗਰਸ ਦੀ ਇੱਛਾ ਸੀ ਕਿ ਵਿਰੋਧੀ ਧਿਰ ਲਈ ਸੁਖਪਾਲ ਖਹਿਰਾ ਦੀ ਥਾਂ ਕਿਸੇ ਅਜਿਹੇ ਵਿਅਕਤੀ ਨੂੰ ਲਾਇਆ ਜਾਵੇ, ਜਿਹੜਾ ਕਾਂਗਰਸ ਦੇ ਫਿੱਟ ਚੜ੍ਹਦਾ ਹੋਵੇ ਤੇ ਕੇਜਰੀਵਾਲ ਨੇ ਖਹਿਰਾ ਨੂੰ ਹਟਾ ਕੇ ਕਾਂਗਰਸ ਦੀ ਪਹਿਲੀ ਸ਼ਰਤ ਪੁਗਾ ਦਿੱਤੀ ਹੈ।
ਸਿਮਰਜੀਤ ਬੈਂਸ ਨੇ ਕਿਹਾ ਕਿ ਖਹਿਰਾ ਨੂੰ ਹਟਾ ਕੇ 'ਆਪ' ਨੇ ਕਾਂਗਰਸ ਤੇ ਅਕਾਲੀ ਦਲ ਦੇ ਸੁਪਨੇ ਸਾਕਾਰ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਤਾਨਾਸ਼ਾਹੀ ਰਵੱਈਏ ਤੋਂ ਲੋਕ ਕਾਫੀ ਪਰੇਸ਼ਾਨ ਹਨ। ਅਖੀਰ 'ਚ ਸਿਮਰਜੀਤ ਬੈਂਸ ਨੇ ਕਿਹਾ ਕਿ 2019 ਦੀਆਂ ਚੋਣਾਂ ਦੌਰਾਨ ਅਜਿਹੇ ਸਮੀਕਰਨ ਸਾਹਮਣੇ ਆਉਣਗੇ ਕਿ ਲੋਕ ਵੀ ਹੈਰਾਨ ਰਹਿ ਜਾਣਗੇ।
