ਜਾਇਦਾਦ ਕੁਰਕ ਕਰਨ ਦੇ ਐਲਾਨ ਤੋਂ ਬੌਖਲਾਇਆ ਪੰਨੂ, 13 ਸਤੰਬਰ ਨੂੰ ਰੇਲ ਰੋਕੋ ਦਾ ਦਿੱਤਾ ਸੱਦਾ

09/10/2020 9:38:11 PM

ਦੋਰਾਹਾ,(ਵਿਨਾਇਕ)- ਪਾਬੰਦੀਸੁਦਾ ਸੰਗਠਨ ਸਿੱਖਸ ਫਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਜਾਇਦਾਦ ਕੁਰਕ ਕਰਕੇ ਐੱਨ. ਆਈ. ਏ. ਵਲੋਂ ਹੋਰ ਸਿਕੰਜ਼ਾ ਕੱਸੇ ਜਾਣ ਦੇ ਐਲਾਨ ਤੋਂ ਬਾਅਦ ਗੁਰਪਤਵੰਤ ਸਿੰਘ ਪੰਨੂ ਨੇ ਵੀ ਭਾਰਤ ਸਰਕਾਰ ਨੂੰ ਚੁਣੌਤੀ ਦਿੱਤੀ ਹੈ। ਜਿਸ 'ਚ ਉਸ ਨੇ 13 ਸਤੰਬਰ ਨੂੰ ਪੰਜਾਬ ਰੇਲ ਰੋਕੋ ਦਾ ਸੱਦਾ ਦਿੱਤਾ ਹੈ ਅਤੇ ਨਾਲ ਹੀ ਪੰਜਾਬ ਦੇ ਕਰਜਾਈ ਕਿਸਾਨਾਂ ਲਈ ਵਾਧੂ ਮਾਲੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਐੱਨ.ਆਈ.ਏ. ਵਲੋਂ ਹੁਕਮ ਜਾਰੀ ਕੀਤਾ ਗਿਆ ਸੀ ਕਿ ਪੰਨੂ ਦੀ ਜ਼ਮੀਨ 'ਤੇ ਮਾਲਿਕਾਨਾ ਹੱਕ ਭਾਰਤ ਸਰਕਾਰ ਦਾ ਹੋਵੇਗਾ ਅਤੇ ਉਸਦੀ ਜ਼ਮੀਨ ਐਕੁਆਇਰ ਕਰਨ ਦਾ ਕੰਮ ਪੰਜਾਬ 'ਚ ਸ਼ੁਰੂ ਹੋ ਚੁੱਕਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈਗੁਰਪਤਵੰਤ ਸਿੰਘ ਪੰਨੂੰ ਦੀ ਪੰਜਾਬ ਦੇ ਪਿੰਡ ਖਾਨਕੋਟ 'ਚ 46 ਕਨਾਲ ਅਤੇ ਸੁਲਤਾਨਵਿੰਡ ਪਿੰਡ 'ਚ 11 ਕਨਾਲ ਜ਼ਮੀਨ ਹੈ। ਗੁਰਪਤਵੰਤ ਪੰਨੂ ਇਸ ਵੇਲੇ ਰੇਫਰੈਂਡਮ-2020 ਸਬੰਧੀ ਦੇਸ਼ 'ਚ ਅਸ਼ਾਂਤੀ ਫੈਲਾਉਣ ਦੇ ਯਤਨਾਂ 'ਚ ਹੈ ਅਤੇ ਪਿਛਲੇ ਦਿਨੀਂ ਉਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਰੇਫਰੈਂਡਮ-2020 ਸਬੰਧੀ ਅਰਦਾਸ ਕਰਨ ਲਈ 5 ਹਜ਼ਾਰ ਡਾਲਰ ਦੀ ਭੇਟਾ ਦਾ ਐਲਾਨ ਕੀਤਾ ਸੀ, ਜਿਸ 'ਤੇ ਖੁਫ਼ੀਆ ਏਜੰਸੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਹੇਠਾਂ ਅਰਦਾਸ ਕਰਦੇ ਇਕ ਵਿਅਕਤੀ ਨੂੰ ਕਾਬੂ ਕਰ ਲਿਆ ਸੀ। ਉਪਰੰਤ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਸ਼ਹੀਦੀ ਦਿਵਸ 'ਤੇ 31 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੰਦੇ ਹੋਏ ਸਮੂਹ ਪੰਜਾਬੀਆਂ ਨੂੰ ਭਾਈ ਦਿਲਾਵਰ ਸਿੰਘ ਦੇ 25ਵੇਂ ਸ਼ਹੀਦੀ ਸਾਲ 'ਤੇ ਉਸ ਨੂੰ ਯਾਦ ਕਰਨ ਦਾ ਸੱਦਾ ਦਿੱਤਾ ਸੀ ਪਰ ਪੰਜਾਬ ਅੰਦਰ ਬੰਦ ਦੀ ਕਾਲ ਬੁਰੀ ਤਰ੍ਹਾਂ ਫਲਾਪ ਹੋਈ ਸੀ।

PunjabKesari

ਉੱਥੇ ਹੀ ਪੰਨੂ ਵੱਲੋਂ ਐਤਵਾਰ 13 ਸਤੰਬਰ ਨੂੰ ਰੇਲ ਰੋਕੋ ਦਾ ਸੱਦਾ ਦਿੱਤਾ ਗਿਆ ਹੈ। ਸਿੱਖਸ ਫਾਰ ਜਸਟਿਸ ਪੰਜਾਬ ਦੇ ਕਿਸਾਨਾਂ ਨੂੰ ਦੱਸਣਾ  ਚਾਹੁੰਦਾ ਹੈ ਕਿ ਖਾਲਿਸਤਾਨ ਲਈ ਜਿੱਥੇ ਡੇਢ ਲੱਖ ਤੋਂ ਵੱਧ ਸਿੰਘ ਸਿੰਘਣੀਆਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ ਹੋਣ, ਉਥੇ ਜਾਇਦਾਦਾਂ ਕੋਈ ਅਹਿਮੀਅਤ ਨਹੀਂ ਰੱਖਦੀਆਂ। ਉਸ ਨੇ ਭਾਰਤ ਸਰਕਾਰ ਨੂੰ ਜ਼ਮੀਨ ਜਬਤ ਕਰਨ 'ਤੇ ਚੁਣੌਤੀ ਵੀ ਦਿੱਤੀ। ਸਿੱਖਸ ਫਾਰ ਜਸਟਿਸ ਵਲੋਂ ਪੰਜਾਬ ਦੇ ਕਰਜਾਈ ਕਿਸਾਨਾਂ ਦੀ ਮਾਲੀ ਮਦਦ 3000 ਤੋਂ ਵਧਾ ਕੇ 3500 ਕਰਨ ਦਾ ਐਲਾਨ ਵੀ ਕੀਤਾ ਗਿਆ। ਇਹ ਵੀਡੀਓ ਕਿਸ ਨੇ ਪਾਈ ਹੈ ਜਾਂ ਇਹ ਕਿੱਥੋਂ ਤੱਕ ਸਹੀ ਹੈ, ਇਸ ਦਾ ਕੋਈ ਵੀ ਦਾਅਵਾ ਨਹੀਂ ਕੀਤਾ ਜਾ ਸਕਦਾ ਪਰ ਸੂਤਰਾਂ ਦੇ ਅਧਾਰ 'ਤੇ ਪੰਜਾਬ ਦੀਆਂ ਖੁਫ਼ੀਆਂ ਏਜੰਸੀਆਂ ਅਤੇ ਪੰਜਾਬ ਪੁਲਸ ਨੂੰ ਹਰ ਸਮੇਂ ਚੌਕਸ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਪੰਜਾਬ ਦੇ ਭੋਲੇ-ਭਾਲੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ - ਬਿੱਟੂ
ਇਸ ਸਬੰਧੀ ਮਰਹੂਮ ਬੇਅੰਤ ਸਿੰਘ ਦੇ ਪੋਤਰੇ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਵੱਲੋਂ 13 ਸਤੰਬਰ ਨੂੰ ਰੇਲ ਰੋਕੋ ਦਾ ਦਿੱਤਾ ਗਿਆ ਸੱਦਾ, ਪਹਿਲਾ ਦਿੱਤੇ ਗਏ ਸੱਦਿਆਂ ਵਾਂਗ ਹੀ ਪੂਰੀ ਤਰ੍ਹਾਂ ਫਲਾਪ ਸਾਬਤ ਹੋਵੇਗਾ, ਕਿਉਂਕਿ ਪੰਜਾਬ ਦੇ ਅਮਨ ਪਸੰਦ ਲੋਕ ਸੂਬੇ ਅਤੇ ਦੇਸ਼ 'ਚ ਅਮਨ ਸ਼ਾਂਤੀ ਅਤੇ ਖੁਸ਼ਹਾਲੀ ਚਾਹੁੰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪੰਨੂ ਪੰਜਾਬ ਦੇ ਭੋਲੇ-ਭਾਲੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਿਸ ਨੂੰ ਪੰਜਾਬ ਸੂਬੇ 'ਚੋਂ ਕੋਈ ਸਾਥ ਨਹੀ ਮਿਲ ਰਿਹਾ। ਉਨ੍ਹਾਂ ਕਿਹਾ ਕਿ ਪੰਨੂ ਦੀਆਂ ਅੱਤਵਾਦੀ ਸਰਗਰਮੀਆਂ ਕਿਸੇ ਕੀਮਤ 'ਤੇ ਸਹਿਣ ਨਹੀਂ ਕੀਤੀਆਂ ਜਾਣਗੀਆਂ।

 


Deepak Kumar

Content Editor

Related News