ਸਿੱਖ ਸਾਹਿਤ ਵਿਸ਼ੇਸ਼ 2 : ਇਕ ਆਦਰਸ਼ਕ ਜੀਵਨੀ ਭਾਈ ਸਾਹਿਬ ਜਵਾਲਾ ਸਿੰਘ ਜੀ ਰਾਗੀ

Friday, Apr 24, 2020 - 12:30 PM (IST)

ਸਿੱਖ ਸਾਹਿਤ ਵਿਸ਼ੇਸ਼ 2 : ਇਕ ਆਦਰਸ਼ਕ ਜੀਵਨੀ ਭਾਈ ਸਾਹਿਬ ਜਵਾਲਾ ਸਿੰਘ ਜੀ ਰਾਗੀ

ਮਹਿੰਦਰ ਸਿੰਘ ਗਿਆਨੀ 

61-ਕੱਟੜਾ ਜੈਮਲ ਸਿੰਘ ਅੰਮ੍ਰਿਤਸਰ 

ਭਾਈ ਸਾਹਿਬ ਜਵਾਲਾ ਸਿੰਘ ਜੀ ਰਾਗੀ ਦੀ ਸਿੱਖ ਕੀਰਤਨੀਆਂ ਵਿਚ ਵਿਸ਼ੇਸ਼ ਪ੍ਰਸਿੱਧੀ ਹੈ। ਉਹ ਕੇਵਲ ਉੱਚ ਪਾਏ ਦੇ ਕੀਰਤਨੀਏ ਹੀ ਨਹੀਂ ਸਨ, ਸਗੋਂ ਇਕ ਦ੍ਰਿੜ੍ਹ ਇਰਾਦੇ ਵਾਲੇ ਸੱਚੇ ਸਿੱਖ ਅਤੇ ਉੱਤਮ ਪ੍ਰਚਾਰਕ ਵੀ ਸਨ। ਸਿੰਘ ਸਭਾ ਲਹਿਰ ਨਾਲ ਜੁੜੇ ਰਹਿਣ ਕਰਕੇ ਉਨ੍ਹਾਂ ਪੰਥ ਦੀ ਵਡਮੁੱਲੀ ਸੇਵਾ ਕੀਤੀ ਸੀ। ਇਹ ਪਰਿਵਾਰ ਕਈ ਪੁਸ਼ਤਾਂ ਤੋਂ ਗੁਰਬਾਣੀ ਕੀਰਤਨ ਦੀ ਪਰੰਪਰਾ ਨਾਲ ਜੁੜਿਆ ਹੋਇਆ ਸੀ। ਇਨ੍ਹਾਂ ਦੇ ਪਰਿਵਾਰ ਨਾਲ ਸਾਡੇ ਪਰਿਵਾਰ ਦੀ ਗੁਰਸਿੱਖੀ ਦੇ ਨਾਤੇ ਪੁਰਾਣੀ ਸਾਂਝ ਸੀ। 

ਭਾਈ ਸਾਹਿਬ ਦੇ ਪਿਤਾ ਭਾਈ ਦੇਵਾ ਸਿੰਘ ਜੀ ਮੇਰੇ ਸਤਿਕਾਰਯੋਗ ਪਿਤਾ ਗਿਆਨੀ ਮੰਗਲ ਸਿੰਘ ਦੇ ਗੂੜ੍ਹੇ ਮਿੱਤਰ ਸਨ ਅਤੇ ਭਾਈ ਜਵਾਲਾ ਜੀ ਦਾ ਸਾਡੇ ਘਰ ਆਉਣਾ ਜਾਣਾ ਅਕਸਰ ਰਹਿੰਦਾ ਸੀ। ਜਿਸ ਕਾਰਨ ਮੈਨੂੰ ਵੀ ਭਾਈ ਜਵਾਲਾ ਸਿੰਘ ਜੀ ਦਾ ਆਨੰਦਮਈ ਮਨੋਹਰ ਅਤੇ ਰਸਭਿੰਨਾ ਕੀਰਤਨ ਸੁਣਨ ਦਾ ਸੁਭਾਗ ਪ੍ਰਾਪਤ ਹੁੰਦਾ ਰਿਹਾ। ਉਸ ਸਮੇਂ ਭਾਵੇਂ ਰਾਗਦਾਰੀ ਦੀ ਸੂਝ ਤਾਂ ਬਹੁਤ ਹੀ ਨਹੀਂ ਸੀ ਪਰ ਉਨੀਂ ਦਿਨੀਂ ਸਵੇਰੇ ਸ੍ਰੀ ਦਰਬਾਰ ਸਾਹਿਬ ਵਿਖੇ ਭਾਈ ਖੜਕ ਸਿੰਘ ਜੀ ਦੇ ਰਾਗੀ ਜੱਥੇ ਪਾਸੋਂ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ, ਸ਼ਾਮੀਂ ਸੋਦਰ ਦੀ ਚੌਕੀ ਉਪਰੰਤ ਸ਼ਾਮ ਕਲਿਆਨ ਦੀ ਚੌਕੀ ਸਮੇਂ ਕੀਰਤਨ ਸੁਣਨ ਕਾਰਨ, ਕੀਰਤਨ ਵਿਚ ਦਿਲਚਸਪੀ ਰੱਖਦੇ ਹੋਣ ਕਰਕੇ ਜਦ ਕਦੇ ਵੀ ਭਾਈ ਜਵਾਲਾ ਸਿੰਘ ਜੀ ਪਾਸੋਂ ਕੋਈ ਸ਼ਬਦ ਸੁਣਨ ਦਾ ਅਵਸਰ ਮਿਲਦਾ ਤਾਂ ਇਕ ਝਰਨਾਟ ਜਿਹੀ ਸਰੀਰ ਵਿਚ ਥਿਰਕ ਜਾਂਦੀ। 

ਸਾਲ 1935-36 ਵਿਚ ਮੇਰੇ ਗੁਰਦੁਆਰਾ ਪ੍ਰਬੰਧਕ ਕਮੇਟੀ ਲਾਹੌਰ ਦੇ ਸਕੱਤਰ ਦੀ ਪਦਵੀ ਉੱਤੇ ਨਿਯੁਕਤ ਹੋਣ ਉਪਰੰਤ ਆਪ ਪੰਜਵੇਂ ਪਾਤਸ਼ਾਹ, ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਰਬਾਰ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਵਿਚ ਅਕਸਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨ ਲਈ ਦਰਸ਼ਨ ਦਿੰਦੇ ਰਹੇ। ਭਾਈ ਸਾਹਿਬ ਆਪਣੀ ਫੋਟੋ ਲੁਹਾਉਣ ਦੀ ਆਗਿਆ ਘੱਟ ਹੀ ਦਿੰਦੇ ਸਨ ਪਰ ਇਸ ਸੇਵਕ ਦੀ ਬੇਨਤੀ ਪ੍ਰਵਾਨ ਕਰਕੇ ਗੁਰਦੁਆਰਾ ਸ੍ਰੀ ਡੇਹਰਾ ਸਾਹਿਬ ਲਾਹੌਰ ਵਿਖੇ ਸਜੇ ਭਾਰੀ ਦੀਵਾਨ ਵਿਚ ਹੋ ਰਹੇ ਕੀਰਤਨ ਸਮੇਂ ਫੋਟੋ ਉਤਾਰਨ ਦੀ ਆਗਿਆ ਦੇ ਦਿੱਤੀ, ਜੋ ਅਮੋਲਕ ਯਾਦ ਵਜੋਂ ਆਪਣੇ ਪਾਸ ਰੱਖਦਾ ਰਿਹਾ ਹਾਂ। ਕੇਂਦਰੀ ਸਿੱਖ ਅਜਾਇਬ ਘਰ ਅੰਮ੍ਰਿਤਸਰ ਵਿਚ ਇਸ ਦੀ ਇਕ ਕਾਪੀ ਸੁਰੱਖਿਅਤ ਹੈ।

ਭਾਈ ਜਵਾਲਾ ਸਿੰਘ ਜੀ ਦਾ ਪਿੰਡ ਸੈਦਪੁਰ (ਠੱਠੇ ਟਿੱਬੇ) ਰਿਆਸਤ ਕਪੂਰਥਲਾ ਦੇ ਅਜਿਹੇ ਗੁਰੂ ਜੱਸ ਦੇ ਗਾਇਕ ਕੀਰਤਨੀ ਪਰਿਵਾਰ ਵਿਚ ਹੋਇਆ ਸੀ, ਜਿਸ ਦੇ ਵੱਡ ਵਡੇਰੇ ਕਲਗੀਧਰ ਸ੍ਰੀ ਦਸਮੇਸ਼ ਪਿਤਾ ਜੀ ਦੇ ਚਰਨ ਕਮਲਾਂ ’ਚੋਂ ਅੰਮ੍ਰਿਤ ਅਤੇ ਕੀਰਤਨ ਦੀ ਦਾਤ ਨਾਲ ਵਰਸੋਏ ਸਨ। ਜਨਮ ਦੀ ਤਰੀਕ ਦਾ ਠੀਕ ਪਤਾ ਨਹੀਂ ਚੱਲ ਸਕਿਆ ਪਰ ਸਾਲ 1872 ਈ ਪਰਿਵਾਰ ਦੀਆਂ ਯਾਦਾਂ ਵਿਚ ਦਰਜ ਹੈ। ਭਾਈ ਸਾਹਿਬ ਦੇ ਪਿਤਾ ਭਾਈ ਦੀਵਾਨ ਸਿੰਘ ਜੀ ਅਤੇ ਮਾਤਾ ਨੰਦ ਕੌਰ ਜੀ ਸਨ। ਭਾਈ ਅਵਤਾਰ ਸਿੰਘ ਅਤੇ ਭਾਈ ਗਰਚਰਨ ਸਿੰਘ, ਜੋ ਭਾਈ ਜਵਾਲਾ ਸਿੰਘ ਜੀ ਦੇ ਸਪੁੱਤਰ ਹਨ ਅਤੇ ਜੋ ਗੁਰਦੁਆਰਾ ਸੀਸ ਗੰਜ ਦਿੱਲੀ ਵਿਖੇ ਕੀਰਤਨ ਦੀ ਸੇਵਾ ਕਰਦੇ ਹਨ। ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਜੀ, ਤਾਇਆ ਜੀ ਭਾਈ ਨਰਾਇਣ ਸਿੰਘ ਜੀ, ਦਾਦਾ ਭਾਈ ਟਹਿਲ ਸਿੰਘ ਜੀ ਸਤਿਗੁਰੂ ਦਸਮੇਸ਼ ਜੀ ਤੋਂ ਪ੍ਰਾਪਤ ਹੋਈ ਕੀਰਤਨ ਦੀ ਵਿਰਾਸਤ ਨੂੰ ਆਪਣੇ ਕੇਸਾਂ ਸਵਾਸਾਂ ਨਾਲ ਗੁਰਸਿੱਖੀ ਦੇ ਵਾਂਗ ਹੀ ਨਿਭਾਉਂਦੇ ਆਏ ਹਨ। ਇਹ ਘਰਾਣਾ ਇਲਾਕੇ ਦੇ ਚੰਗੇ ਤੰਤੀ ਸਾਜਾਂ ਦੁਆਰਾ ਕੀਰਤਨ ਕਰਨ ਵਾਲਾ ਘਰਾਣਾ ਮੰਨਿਆ ਜਾਂਦਾ ਸੀ। ਵਡੇਰੇ ਸਰਿੰਦੇ ਨਾਲ ਗਾਉਂਦੇ ਸਨ ਭਾਈ ਸਾਹਿਬ ਜਵਾਲਾ ਸਿੰਘ ਜੀ ਆਪ ਵੀ ਤਾਊਸੀਏ ਸਨ ਅਤੇ ਆਮ ਤੌਰ ’ਤੇ ਤਾਊਸ ਦੀ ਸੰਗਤ ਨਾਲ ਹੀ ਕੀਰਤਨ ਕਰਦੇ ਸਨ 

ਭਾਈ ਜਵਾਲਾ ਸਿੰਘ ਜੀ ਨੇ ਕੀਰਤਨ ਦੀ ਮੁੱਢਲੀ ਸਿੱਖਿਆ ਆਪਣੇ ਤਾਇਆ ਜੀ ਅਤੇ ਪਿਤਾ ਜੀ ਤੋਂ ਪ੍ਰਾਪਤ ਕੀਤੀ। ਇਹ ਸਾਰੇ ਭਰਾਵਾਂ ਕੋਲੋਂ ਛੋਟੇ ਹੋਣ ਕਾਰਨ ਬਹੁਤਾ ਸਮਾਂ ਪਿਤਾ ਜੀ ਦੀ ਸਰਪ੍ਰਸਤੀ ਦਾ ਸੁਖ ਨਾ ਮਾਣ ਸਕੇ ਪਰ ਵਿਛੋੜੇ ਤੋਂ ਪਹਿਲਾਂ ਹੀ ਪਿਤਾ ਭਾਈ ਦੇਵਾ ਸਿੰਘ ਜੀ ਨੇ ਆਪਣੀ ਬਾਂਹ ਆਪਣੇ ਪਰਮ ਮਿੱਤਰ ਅਤੇ ਪ੍ਰਚੰਡ ਵਿਦਵਾਨ ਭਾਈ ਸ਼ਰਧਾ ਸਿੰਘ ਤਾਊਸੀਏ ਦੇ ਹੱਥ ਦੇ ਦਿੱਤੀ ਸੀ। ਭਾਈ ਸ਼ਰਧਾ ਸਿੰਘ ਸੂਰਮੇ ਸਿੰਘ ਸਨ ਪਰ ਬਾਣੀ ਅਤੇ ਪੁਰਾਤਨ ਗੁਰਮਤਿ ਢੰਗ ਦੀਆਂ ਰਾਗ ਰੀਤਾਂ, ਉਨ੍ਹਾਂ ਨੂੰ ਵਾਹਵਾ ਕੰਠ ਸਨ। ਉਹ ਗਿੜਵੜੀ ਦੇ ਨਿਰਮਲੇ ਸੰਤਾਂ ਦੇ ਡੇਰੇ ਵਿਚ ਰਹਿ ਕੇ ਕੀਰਤਨ ਸਿੱਖੇ ਸਨ ਅਤੇ ਭਾਈ ਦੇਵਾ ਸਿੰਘ ਜੀ ਨਾਲ ਉਨ੍ਹਾਂ ਦਾ ਡੂੰਘਾ ਕਲਾਤਮਕ ਸਹਿਯੋਗ ਬਣਿਆ ਰਿਹਾ ਸੀ। ਜਿਸ ਕਾਰਨ ਉਹ ਨੌਜਵਾਨ ਜਵਾਲਾ ਸਿੰਘ ਜੀ ਦੀ ਗਾਇਨ ਵਿੱਦਿਆ ਦੀ ਪੂੰਜੀ ਵਿਚ ਮੁਨਾਸਿਬ ਵਾਧਾ ਕਰਨ ਵਿਚ ਬਹੁਤ ਸਹਾਇਕ ਸਿੱਧ ਹੋਏ। ਆਪਣੀ ਕਲਚਰ ਦੀ ਵਿਰਾਸਤ ਜਵਾਲਾ ਸਿੰਘ ਜੀ ਨਾਲ ਸਾਂਝੀ ਕਰ ਲੈਣ ਤੋਂ ਪਿੱਛੋਂ ਆਪ ਨੇ ਸ੍ਰੀ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਬਾਬਾ ਵਸਾਖਾ ਸਿੰਘ ਜੀ, ਜੋ ਰੰਗੀ ਰਾਮ ਜੀ ਦੇ ਕਰਕੇ ਪ੍ਰਸਿੱਧ ਸਨ, ਦੇ ਚਰਨਾਂ ਵਿਚ ਆਪਣੇ ਸ਼ਗਿਰਦ ਜਵਾਲਾ ਸਿੰਘ ਨੂੰ ਅਰਪਣ ਕਰ ਦਿੱਤਾ।

ਇੱਥੇ ਕਈ ਸਾਲ ਭਾਈ ਵਸਾਖਾ ਸਿੰਘ ਜੀ ਦੇ ਵਿਰਸੇ ਵਿਚੋਂ ਵੱਡਮੁੱਲੇ ਰਤਨ ਪ੍ਰਾਪਤ ਕਰਕੇ ਆਪ ਨੇ ਕਲਾ-ਬੋਧ ਦਾ ਸੰਗਵਾਂ ਵਿਸਤਾਰ ਕੀਤਾ। ਫਿਰ ਜਦੋਂ ਚੋਖੇ ਉਡਾਰੂ ਹੋ ਗਏ ਤਾਂ ਆਪ ਨੇ ਰੋੜੀ ਸੱਖਰ ਦੇ ਪ੍ਰਸਿੱਧ ਗੁਣੀ ਅਤੇ ਗੁਣਾਪਾਰਖੀ ਬਜ਼ੁਰਗ ਭਾਈ ਉਧੋ ਦਾਸ ਮਸੰਦ ਦੀ ਨਿਗਰਾਨੀ ਵਿਚ ਰਹਿ ਕੇ ਕੀਰਤਨ ਦਾ ਅਭਿਆਸ ਕੀਤਾ। ਸਿੰਧ ਦੀਆਂ ਸੰਗਤਾਂ ਦੀ ਪ੍ਰਵਾਨਗੀ ਅਤੇ ਹੱਲਾਸ਼ੇਰੀ ਪ੍ਰਾਪਤ ਕਰਕੇ ਘਰ ਪਰਤੇ ਅਤੇ ਸੁਤੰਤਰ ਜਥਾ ਬਣਾ ਕੇ ਕੀਰਤਨ ਕਰਨਾ ਆਰੰਭ ਕਰ ਦਿੱਤਾ।

ਉਨ੍ਹਾਂ ਦਿਨਾਂ ਵਿਚ ਆਪ ਦੇ ਜਥੇ ਵਿਚ ਚਾਰ ਤਾਊਸੀਏ, ਦੋ ਜੋੜੀ ਵਜਾਉਣ ਵਾਲੇ ਸਿੰਘ ਹੁੰਦੇ ਸਨ ਤਾਊਸ ਭਾਈ ਜਵਾਲਾ ਸਿੰਘ ਜੀ, ਉਸਤਾਦ ਸ਼ਰਧਾ ਸਿੰਘ ਜੀ, ਬਾਬਾ ਰਾਮ ਸਿੰਘ ਜੀ, ਭਾਈ ਹੀਰਾ ਸਿੰਘ ਜੀ ਵਜਾਉਂਦੇ ਸਨ। ਜੋੜੀਆਂ ਦੀ ਸੇਵਾ ਭਾਈ ਹਰਨਾਮ ਸਿੰਘ ਅਤੇ ਭਾਈ ਪਾਲ ਸਿੰਘ ਜੀ ਬਾਣੀਆਂ ਵਾਲੇ ਕੀਤਾ ਕਰਦੇ ਸਨ। ਭਾਈ ਜਵਾਲਾ ਸਿੰਘ ਜੀ ਦਾ ਝੁਕਾਅ ਕੀਰਤਨ ਨੂੰ ਆਪਣੀ ਵਡਿਆਈ ਜਾਂ ਸੰਗਤਾਂ ਦੀ ਪਸੰਦ ਅਤੇ ਪ੍ਰਸੰਸਾ ਤੋਂ ਨਖੇੜ ਕੇ ਧਰਮ ਪ੍ਰਚਾਰ ਨਾਲ ਜੋੜਨ ਵੱਲ ਵਧੇਰੇ ਸੀ। ਇਸ ਲਈ ਉਹ ਬਹੁਤਾ ਸਮਾਂ ਸਿੰਘ ਸਭਾ ਦੇ ਸਮਾਗਮਾਂ ਅਤੇ ਪੰਥਕ ਅੰਦੋਲਨਾਂ ਦੇ ਇਕੱਠ ਵਿਚ ਆਪਣੀ ਗਾਇਕ ਵਾਕ ਸ਼ਕਤੀ ਅਤੇ ਰਾਗ ਦੀ ਕੀਲਣੀ ਸਮਰੱਥਾ ਨੂੰ ਲੋਕ ਹਿੱਤ ਦੀ ਭਾਵਨਾ ਨਾਲ ਵਰਕਰਾਂ ਚੰਗੇਰਾ ਸਮਝਦੇ।

ਆਦਰਸ਼ ਲਾਭ ਦੇ ਮੁਕਾਬਲੇ ਉੱਤੇ ਆਰਥਿਕ ਲਾਭ ਦੀ ਖਿੱਚ ਆਪ ਨੂੰ ਵਧੇਰੇ ਨਹੀਂ ਟੁੰਬਦੀ ਸੀ। ਉਹ ਕੀਰਤਨ ਕਰਦੇ ਅਤੇ ਆਈ ਭੇਟਾਂ ਨੂੰ ਆਪਣੀਆਂ ਘੱਟ ਤੋਂ ਘੱਟ ਸੀਮਤ ਲੋੜਾਂ ਤੋਂ ਜ਼ਿਆਦਾ ਨਿੱਜੀ ਵਰਤੋਂ ਵਿਚ ਲਿਆਉਣਾ ਚੰਗਾ ਨਹੀਂ ਸਨ ਸਮਝਦੇ। ਜੇ ਕਦੇ ਕਿਧਰੇ ਕੁਝ ਬੱਚ ਰਹਿੰਦਾ ਤਾਂ ਉਸ ਨੂੰ ਪੰਥਕ ਕਾਰਜਾਂ ਲਈ ਕਿਸੇ ਨਾ ਕਿਸੇ ਸੰਸਥਾ ਦੇ ਹਵਾਲੇ ਕਰ ਦਿੰਦੇ। ਦਸਵੰਧ ਕੱਢਣ ਅਤੇ ਗੁਰੂ ਕੀ ਗੋਲਕ ਵਿਚ ਪਾਉਣ ਦਾ ਕੰਮ ਸਦਾ ਦ੍ਰਿੜਤਾ ਨਾਲ ਕਰਦੇ ਸਨ।

ਆਪਣੇ ਜੀਵਨ ਕਾਲ ਵਿਚ ਸ਼ਾਇਦ ਹੀ ਕੋਈ ਪੰਥਕ ਮੋਰਚਾ, ਸਾਕਾ ਜਾਂ ਕੋਈ ਸਮਾਗਮ ਅਜਿਹਾ ਹੋਵੇਗਾ, ਜਿਸ ਵਿਚ ਪੂਰੇ ਜੋਸ਼ ਅਤੇ ਤਨਦੇਹੀ ਨਾਲ ਔਖੀ ਸੌਖੀ ਘੜੀ ਵਿਚ ਪਿੱਛੇ ਰਹੇ ਹੋਣ।

ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਪਿੱਛੋਂ ਜਦੋਂ ਸ਼ਹੀਦਾਂ ਦੇ ਅੰਗ ਇਕੱਤਰ ਕਰਕੇ ਪਾਵਨ ਅੰਗੀਠਾ ਤਿਆਰ ਕੀਤਾ ਗਿਆ ਤਾਂ ਅੰਗੀਠੇ ਸਮੇਂ ਦਾ ਕੀਰਤਨ ਵੀ ਭਾਈ ਜਵਾਲਾ ਸਿੰਘ ਜੀ ਨੇ ਕੀਤਾ। ਆਪ ਨੇ ਉਸ ਸਮੇਂ 'ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ' ਵਾਲਾ ਸ਼ਬਦ ਗਾਇਆ ਅਤੇ ਅਜਿਹੀ ਭਾਵੁਕਤਾ ਨਾਲ ਗਾਇਆ ਕਿ ਸੰਗਤ ਦਾ ਵੈਰਾਗ ਠੱਲਿਆ ਨਹੀਂ ਸੀ ਜਾਂਦਾ। ਇਵੇਂ ਹੀ 12 ਸਤੰਬਰ ਤੋਂ 16 ਸਤੰਬਰ 1922 ਨੂੰ ਗੁਰੂ ਕੇ ਬਾਗ਼ ਦੇ ਮੋਰਚੇ ਸਮੇਂ ਵੀ ਆਪ ਨੇ ਸਰਕਾਰ ਦੇ ਜ਼ੁਲਮ ਵਿਰੁੱਧ ਵਿਆਖਿਆ ਸਾਹਿਤ ਬੀਰ ਰਸੀ ਸ਼ਬਦਾਂ ਦਾ ਕੀਰਤਨ ਕੀਤਾ। ਆਪ ਨੇ ਜਥੇਦਾਰ ਜੀ ਨੂੰ ਅੱਗੇ ਜਥੇ ਨਾਲ ਭੇਜਣ ਲਈ ਬੇਨਤੀ ਕੀਤੀ। ਜਥੇਦਾਰ ਜੀ ਨੇ ਆਗਿਆ ਕੀਤੀ ਕਿ ਆਪ ਇਸੇ ਤਰ੍ਹਾਂ ਕੀਰਤਨ ਪ੍ਰਚਾਰ ਰਾਹੀਂ ਸਿੰਘਾਂ ਵਿਚ ਜੋਸ਼ ਭਰਦੇ ਰਹੋ, ਤੁਹਾਡੀ ਪੰਥ ਨੂੰ ਇਸੇ ਪ੍ਰਕਾਰ ਦੀ ਸੇਵਾ ਲੋੜੀਂਦੀ ਹੈ। ਆਪਣੇ ਇਸ ਆਗਿਆ ਦਾ ਪਾਲਣ ਕਰਦੇ ਹੋਏ ਸ੍ਰੀ ਅੰਮ੍ਰਿਤਸਰ ਆ ਕੇ ਜ਼ੁਲਮ ਦੇ ਅੱਖੀਂ ਵੇਖੇ ਨਜ਼ਾਰੇ ਦੱਸ ਕੇ ਅਤੇ ਇਹੋ ਜਿਹੇ ਬੀਤੇ ਸਮਿਆਂ ਦੇ ਇਤਿਹਾਸ ਆਦਿ ਆਪਣੇ ਕੀਰਤਨ ’ਚ ਸਮੋ ਕੇ ਆਪਣਾ ਫਰਜ਼ ਨਿਭਾਇਆ।

ਜੈਤੋ ਦੇ ਮੋਰਚੇ ਸਮੇਂ ਪੰਥਕ ਆਗੂਆਂ ਦੇ ਇਕ ਸਿੰਘ ਪਿੰਡ ਸੈਦਪੁਰ ਘੱਲ ਕੇ ਆਪ ਨੂੰ ਜਥੇ ਨਾਲ ਕੀਰਤਨ ਦੀ ਸੇਵਾ ਨਿਭਾਉਣ ਲਈ ਸੱਦਿਆ। ਆਪ ਉਸ ਸਮੇਂ ਸਿੰਧ ਵਿਚ ਗੁਰਮਤਿ ਦੇ ਪ੍ਰਚਾਰ ਹਿੱਤ ਗਏ ਹੋਏ ਸਨ। ਪੰਥਕ ਆਗੂਆਂ ਵਲੋਂ ਅਖ਼ਬਾਰ ਵਿਚ ਸੰਦੇਸ਼ ਛਾਪਿਆ ਗਿਆ ਕਿ ਭਾਈ ਜਵਾਲਾ ਸਿੰਘ ਜੀ ਰਾਗੀ, ਜਿੱਥੇ ਵੀ ਹੋਣ ਅੰਮ੍ਰਿਤਸਰ ਆ ਜਾਣ। ਆਪ ਦਾ ਰੋੜੀ ਸੱਖਰ ਵਿਚ ਕੁਝ ਪ੍ਰੋਗਰਾਮ ਸੀ। ਪਹਿਲੇ ਹੀ ਦਿਨ ਗ੍ਰੰਥੀ ਨੇ ਅਖ਼ਬਾਰ ਵਿਚ ਵਿਖਾਇਆ ਤਾਂ ਆਪ ਸਾਰੇ ਪ੍ਰੋਗਰਾਮ ਤਿਆਗ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਆ ਹਾਜ਼ਰ ਹੋਏ ਅਤੇ ਜਥੇ ਨਾਲ ਸ਼ਾਮਲ ਹੋ ਕੇ ਜੈਤੋ ਲਈ ਚਾਲੇ ਪਾ ਦਿੱਤੇ ਬਗਰਾੜੀ ਪਹੁੰਚ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਮਿਲਿਆ... 

"ਕਬੀਰ ਕਸਉਟੀ ਰਾਮ ਕੀ ਝੂਠਾ ਟਿਕੈ ਨਾ ਕੋਇ" ।।

ਜੈਤੋ ਪਹੁੰਚਣ ’ਤੇ ਸਰਕਾਰ ਵਲੋਂ ਜਥੇ ਦਾ ਸਤਿਕਾਰ ਗੋਲੀ ਚਲਾ ਕੇ ਕੀਤਾ ਗਿਆ। ਪਾਲਕੀ ਵਿਚ ਮਹਾਰਾਜ ਦੀ ਸਵਾਰੀ ਲਈ ਜਾਂਦੇ ਸਿੰਘਾਂ ਵਿਚੋਂ ਇਕ ਸਿੰਘ ਜ਼ਖ਼ਮੀ ਵੀ ਹੋਇਆ ਪਰ ਪਾਲਕੀ ਨਹੀਂ ਰੁਕੀ। ਉਸ ਸਿੰਘ ਨੂੰ ਜਿਸ ਸਮੇਂ ਗੋਲੀ ਲੱਗੀ ਸੀ, ਉਹ ਸਤਿਗੁਰੂ ਜੀ ਦੀ ਪਾਲਕੀ ਦੀ ਸੇਵਾ ਕਰ ਰਿਹਾ ਸੀ। ਭਾਈ ਸਾਹਿਬ ਦਾ ਭਤੀਜਾ ਸ਼ੇਰ ਸਿੰਘ ਉਸ ਦੇ ਲਾਗੇ ਚੱਲ ਰਿਹਾ ਸੀ, ਉਸ ਨੇ ਨਿਧੜਕ ਜ਼ਖਮੀ ਹੋਏ ਸਿੰਘ ਦੀ ਥਾਂ ਪਾਲਕੀ ਆਪਣੇ ਮੋਢਿਆਂ ’ਤੇ ਲੈ ਲਈ। ਭਾਈ ਜਵਾਲਾ ਸਿੰਘ ਜੀ ਇਸ ਸਮੇਂ ਸ਼ਹੀਦੀ ਜਥੇ ਨਾਲ ਹੀ ਕੈਦ ਹੋਏ। ਜੇਲ੍ਹ ਵਿਚ ਪੁਲਸ ਦੀ ਸਖ਼ਤੀ ਅਤੇ ਗੰਦੀ ਖੁਰਾਕ ਕਾਰਨ ਆਪ ਨੂੰ ਦਮੇ ਅਤੇ ਗੱਠੀਏ ਜਿਹੀ ਜੋੜਾਂ ਦੀਆਂ ਦਰਦਾਂ ਨੇ ਘੇਰ ਲਿਆ। ਉਕਤ ਤਕਲੀਫ ਆਪ ਨੂੰ ਸਾਰੇ ਜੀਵਨ ’ਚ ਰਹੀ। ਉਨ੍ਹਾਂ ਕੋਈ ਛੇ ਮਹੀਨੇ ਕੈਦ ਵਿਚ ਕੱਟੇ ਸਨ ਅਤੇ ਤੀਹ ਸਾਲ ਇਸ ਕੈਦ ਦੀਆਂ ਸਖ਼ਤੀਆਂ ਦਾ ਦੁੱਖ ਖਿੜੇ ਮੱਥੇ ਭੋਗਿਆ।

ਉਨ੍ਹੀਂ ਦਿਨੀਂ ਆਨੰਦ ਕਾਰਜ ਦੀ ਰੀਤ ਨਵੀਂ ਨਵੀਂ ਚੱਲੀ ਸੀ। ਅਕਸਰ ਕਈ ਥਾਵਾਂ ਉੱਤੇ ਪੁਰਾਤਨ-ਪੰਥੀ ਫੇਰਿਆਂ ਅਤੇ ਵੇਦੀ ਗੱਡ ਕੇ ਬ੍ਰਾਹਮਣ ਰਾਹੀਂ ਹਵਨਯੱਗ ਦੁਆਰਾ ਵਿਆਹ ਕਰਨ ਕਰਾਉਣ ਦੇ ਪੱਖਪਾਤੀ ਖਹਿਬੜਾਂ ਵੀ ਹੋ ਜਾਂਦੀਆਂ ਸਨ। ਭਾਈ ਜਵਾਲਾ ਸਿੰਘ ਜੀ 1912 ਤੋਂ ਹੀ ਅਨੰਦ ਕਾਰਜ ਵਾਲੇ ਘਰਾਂ ਵਿਚ ਆਮ ਤੌਰ ਉੱਤੇ ਆਪਣਾ ਜਥਾ ਸੇਵਾ ਭਾਵ ਨਾਲ ਲੈ ਕੇ ਅਪੜਦੇ ਅਤੇ ਕਥਾ ਕੀਰਤਨ ਅਤੇ ਵਿਖਿਆਨ ਆਦਿ ਵਿਚ ਅਨੰਦ ਕਾਰਜ ਦੀ ਉੱਤਮਤਾ ਵੀ ਪ੍ਰਚਾਰਦੇ। ਜਿੱਥੇ ਕਿਧਰੇ ਕੋਈ ਬਹਿਸ ਲਈ ਅੜ ਜਾਂਦਾ ਤਾਂ ਆਪ ਉਸ ਦੀ ਬੜੇ ਧੀਰਜ ਨਾਲ ਤਸੱਲੀ ਕਰਵਾਉਂਦੇ। ਕਿਧਰੇ ਕਿਧਰੇ ਗੱਲ ਜਜ਼ਬਾਤੀ ਪੱਧਰ ਤੇ ਉਲਝ ਵੀ ਜਾਂਦੀ ਅਤੇ ਵਿਰੋਧੀ ਹੋਛੇ ਹਥਿਆਰਾਂ ਦੀ ਵਰਤੋਂ ਉੱਤੇ ਉੱਤਰ ਆਉਣ ਤੋਂ ਨਾ ਸੰਗਦੇ। ਅਜਿਹੇ ਮੌਕਿਆਂ ਉੱਤੇ ਆਪ ਦਾ ਧੀਰਜ ਅਤੇ ਦਲੀਲ ਦਾ ਹੁਨਰ ਵੇਖਣ ਵਾਲਾ ਹੁੰਦਾ ਸੀ। ਆਪ ਕਦੀ ਵੀ ਨਿਰਾਸ਼ ਹੋ ਕੇ ਮੈਦਾਨ ਨਹੀਂ ਸਨ ਛੱਡਦੇ। ਹਰ ਮੁਸ਼ਕਲ ਵਿਚ ਖਿੜੇ ਮੱਥੇ ਸਾਬਤ ਕਦਮ ਰਹਿਣਾ ਉਨ੍ਹਾਂ ਦੀ ਆਦਤ ਸੀ।

ਆਪ ਦੇ ਸੰਗੀਤ ਊਦੀ ਸ਼ੁੱਧਤਾ ਅਤੇ ਉੱਤਮਤਾ ਤੋਂ ਪ੍ਰਭਾਵਿਤ ਹੋ ਕੇ ਪ੍ਰਸਿੱਧ ਸੰਤ ਕਰਤਾਰ ਸਿੰਘ ਜੀ ਨੇ ਸੰਤ ਜਗਤ ਸਿੰਘ ਦੀ ਠੱਟਾ ਦਮਦਮਾਂ ਵਾਲਿਆਂ ਦੀ ਪ੍ਰੇਰਨਾ ਨਾਲ ਸਾਲ 1951 ਵਿਚ ਭਾਈ ਜਵਾਲਾ ਸਿੰਘ ਜੀ ਪਾਸੋਂ ਤਾਊਸ ਸਿੱਖਣਾ ਸ਼ੁਰੂ ਕੀਤਾ ਸੀ ਪਰ ਜ਼ਰੂਰੀ ਪੰਥਕ ਰੁਝੇਵਿਆਂ ਕਾਰਨ ਇਸ ਵਿਚ ਅਧਿਕ ਸਮਾਂ ਨਾ ਦੇ ਸਕੇ। ਸੰਤ ਕਰਤਾਰ ਸਿੰਘ ਦੀ ਇਕ ਉੱਤਮ ਮਹਾਂਪੁਰਖ ਹਨ, ਜਿਨ੍ਹਾਂ ਨੇ ਪਿਛਲੇ ਸਾਲਾਂ ਵਿਚ ਹਰਿਮੰਦਰ ਸਾਹਿਬ ਦੇ ਸੋਨੇ ਦੀ ਸੇਵਾ ਕਰਵਾਈ ਅਤੇ ਜਿੱਥੋਂ ਪਹਿਲੋਂ ਸੋਨੇ ਦਾ ਕੰਮ ਅਧੂਰਾ ਸੀ, ਉੱਥੇ ਸੋਨਾ ਲਗਵਾ ਕੇ ਕਾਰਜ ਪੂਰਾ ਕੀਤਾ। ਮੰਜੀ ਸਾਹਿਬ ਦੇ ਕਲਾ ਭਰਪੂਰ ਹਾਲ ਦੀ ਸੇਵਾ ਵੀ ਇਨਾਂ ਬੜੀ ਯੋਗਤਾ ਨਾਲ ਨੇਪਰੇ ਚਾੜ੍ਹੀ। ਸ੍ਰੀ ਹਰਿਮੰਦਰ ਸਾਹਿਬ ਵਾਲੇ ਪੁਲ ਦੇ ਸੰਗਮਰਮਰ ਦੀ ਅੰਦਰਲੀ ਪ੍ਰਕਰਮਾ ਅਤੇ ਪੁੱਲ ਦੇ ਸੰਗਮਰਮਰ ਦੇ ਨਵੇਂ ਜੰਗਲਿਆਂ ਦੀ ਸੇਵਾ ਵੀ ਹੁਣ ਮੁਕੰਮਲ ਹੋਈ ਹੈ। ਸ੍ਰੀ ਹੱਟ ਸਾਹਿਬ ਅਤੇ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ, ਸ੍ਰੀ ਗੋਇੰਦਵਾਲ ਸਾਹਿਬ ਤੇ ਤਖ਼ਤ ਪਟਨਾ ਸਾਹਿਬ ਆਦਿ ਗੁਰਦੁਆਰਿਆਂ ਦੀਆਂ ਇਮਾਰਤਾਂ ਦੀ ਸ਼ਾਨਦਾਰ ਅਤੇ ਵੱਡਮੁੱਲੀ ਸੇਵਾ ਆਪਣੇ ਹੀ ਕਰਵਾਈ ਹੈ ਅਤੇ ਕਰਵਾ ਰਹੇ ਹਨ। ਆਪ ਬੜੇ ਵਿਦਵਾਨ, ਨਿਰਮਾਣ, ਨਿਸ਼ਕਾਮ ਤੇ ਤਿਆਗੀ ਪੰਥ ਸੇਵਕ ਹਨ। ਆਪ ਦੇ ਕੀਤੇ ਕੀਰਤਨ, ਵਿਖਿਆਨ ਵਿਚ ਅਨੋਖਾ ਰਸ ਹੈ।

ਭਾਈ ਜਵਾਲਾ ਸਿੰਘ ਜੀ ਪਾਸੋਂ ਸਫਲ ਅਤੇ ਪੂਰਨ ਸਿੱਖਿਆ ਲੈਣ ਵਾਲੇ ਸ਼ਾਗਿਰਦਾਂ ਵਿਚ ਉਨ੍ਹਾਂ ਦੇ ਸਪੁੱਤਰ ਭਾਈ ਅਵਤਾਰ ਸਿੰਘ ਜੀ ਅਤੇ ਭਾਈ ਗੁਰਚਰਨ ਸਿੰਘ ਦੀ ਪ੍ਰਮੁੱਖ ਹਨ। ਭਾਈ ਬਹਿਲ ਸਿੰਘ ਜੀ, ਭਾਈ ਖੜਕ ਸਿੰਘ ਜੀ ਰਾਗੀ ਸ੍ਰੀ ਤਰਨ ਤਾਰਨ ਵਾਲੇ, ਭਾਈ ਜੈਦੇਵ ਸਿੰਘ ਜੀ, ਭਾਈ ਅਰਜਨ ਸਿੰਘ ਜੀ ਤੱਗੜ ਅਤੇ ਭਾਈ ਭਗਤ ਸਿੰਘ ਜੀ ਜਲੋਸਰ ਵਾਲੇ ਵੀ ਆਪਦੇ ਹੀ ਸ਼ਾਗਿਰਦ ਸਨ।

ਅਜਿਹੇ ਦ੍ਰਿੜ੍ਹ ਆਰਾਧੇ ਵਾਲੇ ਕੀਰਤਨ ਦੇ ਮਹਾਨ ਰਸੀਏ ਦੇ ਕੋਮਲ ਭਾਵੀ ਕਲਾਕਾਰ ਨੂੰ "ਨਿਰਵੈਰ ਨਾਲ ਵੈਰ ਕਮਾਵਣ ਵਾਲੇ" ਅਨਸਰਾਂ ਵਲੋਂ ਦੋ ਵਾਰ ਸੰਖੀਆ ਆ ਦਿੱਤੇ ਜਾਣ ਦੀ ਕੋਝੀ ਹਰਕਤ ਹੋਈ, ਪਰ ਉਸ ਸਮੇਂ ਅਕਾਲ ਪੁਰਖ ਨੇ ਹੱਥ ਦੇ ਕੇ ਰੱਖ ਲਿਆ। ਅੰਤ 80 ਸਾਲ ਦੀ ਘਾਲ ਭਰੀ ਪ੍ਰਸੰਸਾ ਯੋਗ ਉਮਰ ਭੋਗ ਕੇ ਇਹ ਉੱਦਮੀ ਜਿੰਦੜੀ 29 ਮਈ ਸੰਨ 1952 ਨੂੰ ਸ਼ਬਦ ਨਾਲ ਖੇਡਦੀ ਹੋਈ ਸ਼ਬਦ ਰੂਪ ਹੋ ਗਈ।    
 


author

rajwinder kaur

Content Editor

Related News