ਵਿਧਾਇਕ ਦਲ ਸਣੇ ਰਾਜਾ ਵੜਿੰਗ ਗੁਰਦੁਆਰਾ ਸੀਸ ਗੰਜ ਸਾਹਿਬ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ
Monday, Nov 24, 2025 - 07:41 PM (IST)
ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)-ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਾਰਟੀ ਦੇ ਸਮੁੱਚੇ ਵਿਧਾਇਕ ਦਲ ਆਗੂਆਂ ਅੱਜ ਪਾਵਨ ਅਤੇ ਇਤਿਹਾਸਕ ਅਸਥਾਨ ਗੁਰਦੁਆਰਾ ਸੀਸ ਗੰਜ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ।
ਇਸ ਦੌਰਾਨ ਉਨ੍ਹਾਂ ਨੇ ਸਿੱਖ ਪੰਥ ਦੇ ਸਿਰਮੌਰ ਧਾਰਮਿਕ ਅਸਥਾਨਾਂ ’ਤੇ ਚੱਲ ਰਿਹਾ ਗੁਰਬਾਣੀ ਸ਼ਬਦ ਕੀਰਤਨ ਵੀ ਸਰਵਣ ਕੀਤਾ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹ ਅੱਜ ਪਾਵਨ ਅਸਥਾਨ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਹਾਜ਼ਰੀਆਂ ਭਰ ਕੇ ਧੰਨ ਧੰਨ ਹੋ ਗਏ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਸੁਭਾਗਾਂ ਸਮਝਦੇ ਹਨ ਜਿਨ੍ਹਾਂ ਨੂੰ ਗੁਰੂ ਸਾਹਿਬਾਨ ਜੀ ਅਤੇ ਸਿੱਖ ਪੰਥ ਦੇ ਹੋਰ ਮਹਾਨ ਸ਼ਹੀਦਾਂ ਦੀਆਂ ਸ਼ਹਾਦਤਾਂ ਦੇ ਦਿਹਾੜੇ ਮੁਨਾਉਣ ਦਾ ਮੌਕਾ ਮਿਲਿਆ ਹੈ।
ਕੇਂਦਰ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਸਬੰਧੀ ਕੇਂਦਰ ਸਰਕਾਰ ਦੀ ਪ੍ਰਸਤਾਵਿਤ ਸੋਧ ਸਬੰਧੀ ਸਵਾਲਾਂ ਦਾ ਜਵਾਬ ਦਿੰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਇਸ ਤੋਂ ਕੇਂਦਰ ਸਰਕਾਰ ਦੀ ਭਾਵਨਾ ਸਪੱਸ਼ਟ ਹੁੰਦੀ ਹੈ ਕਿ ਉਨ੍ਹਾਂ ਦੇ ਮਨਾਂ ’ਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਕਿੰਨੀ ਨਫਰਤ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਨੇ ਅਜਿਹੀ ਵਿਵਸਥਾ ਕਰਨ ਤੋਂ ਕੋਰੀ ਨਾ ਕੀਤੀ ਹੈ ਪਰ ਉਨ੍ਹਾਂ ਨੇ ਕੇਂਦਰ ਦੇ ਬਿਆਨਾਂ ਤੇ ਕੋਈ ਭਰੋਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਜ ਉਹ ਇਸ ਮੁਕੱਦਸ ਅਸਥਾਨ ਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਆਏ ਹਨ। ਉਨ੍ਹਾਂ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਸੂਬਾ ਸਰਕਾਰ ਵੱਲੋਂ ਇਸ ਪਾਵਨ ਨਗਰੀ ’ਤੇ ਵਿਧਾਨ ਸਭਾ ਦੇ ਵਿਸੇਸ਼ ਸੈਸ਼ਨ ਬੁਲਾਇਆ ਹੈ, ਇਸ ਗੁਰੂ ਚਰਨ ਛੋਹ ਪ੍ਰਾਪਤ ਨਗਰੀ ਲਈ ਜ਼ਰੂਰ ਕੋਈ ਵੱਡਾ ਫ਼ੈਸਲਾ ਸੁਣਾਉਣਾ ਹੈ। ਉਨ੍ਹਾਂ ਦੀ ਪਾਰਟੀ ਸਰਕਾਰ ਦੇ ਹਰ ਫੈਸਲਾ ਦੇ ਸਵਾਗਤ ਕਰੇਗੀ।
ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਪ੍ਰਗਟ ਸਿੰਘ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ, ਸੁਖਪਾਲ ਸਿੰਘ ਖਹਿਰਾ, ਸ੍ਰੀਮਤੀ ਅਰੁਣਾ ਚੌਧਰੀ, ਵਿਕਰਮਬੀਰ ਸਿੰਘ ਚੌਧਰੀ, ਰਾਣਾ ਗੁਰਜੀਤ ਸਿੰਘ, ਰਣਇੰਦਰ ਸਿੰਘ, ਲਾਡੀ ਸ਼ੋਰੋਵਾਲੀਆ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਧਾਇਕ ਅਤੇ ਕਾਂਗਰਸੀ ਹਾਜ਼ਰ ਸਨ। ਇਸ ਮੌਕੇ ਉਕਤ ਸੀਨੀਅਰ ਕਾਂਗਸੀ ਆਗੂਆਂ ਦਾ ਸਥਾਨਕ ਕਾਂਗਰਸੀਆਂ ਦਾ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸਵਨੀ ਸ਼ਰਮਾ, ਸਾਬਕਾ ਕੌਂਸਲਰ ਨਰਿੰਦਰ ਸਿੰਘ ਸੈਣੀ, ਕੌਂਸਲਰ ਗੁਰਿੰਦਰ ਸਿੰਘ ਵਾਲੀਆ, ਵਪਾਰ ਮੰਡਲ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗੰਡਾ, ਪ੍ਰੇਮ ਸਿੰਘ ਬਾਸੋਵਾਲ, ਮੋਹਨ ਸਿੰਘ ਭਸੀਨ, ਅਰੁਣਦੀਪ ਸੋਨੂੰ, ਚੌਧਰੀ ਪਹੂ ਲਾਲ, ਹਿਮਾਸ਼ੂ ਟੰਡਨ ਆਦਿ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
