ਪੰਜਾਬ ਦੀਆਂ ਸਿੱਖ ਜਥੇਬੰਦੀਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ''ਤੇ ਅਰਦਾਸ ਉਪਰੰਤ ਦਿੱਲੀ ਵੱਲ ਕੀਤਾ ਕੂਚ

11/25/2020 8:17:03 PM

ਅੰਮ੍ਰਿਤਸਰ,(ਅਨਜਾਣ)-ਪੰਜਾਬ ਦੀਆਂ ਤੀਹ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਚੱਲੋ ਦੇ ਦਿੱਤੇ ਪ੍ਰੋਗਰਾਮ ਤਹਿਤ ਦਲ ਖਾਲਸਾ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਕਿਸਾਨ ਜਥੇਬੰਦੀ ਦੇ ਆਗੂ ਬਲਦੇਵ ਸਿੰਘ ਸਿਰਸਾ ਨਾਲ ਮਿਲ ਕੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਉਪਰੰਤ ਕਿਸਾਨਾਂ ਦੇ ਹੱਕ ਮੰਗਣ ਲਈ ਦਿੱਲੀ ਵੱਲ ਨੂੰ ਕੂਚ ਕਰ ਦਿੱਤਾ ਹੈ। ਮਾਰਚ ਦੀ ਅਗਵਾਈ ਤੋਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਭਾਈ ਮੰਗਲ ਸਿੰਘ ਨੇ ਅਰਦਾਸ ਕੀਤੀ ਤੇ ਮਾਰਚ ਦੇ ਆਗੂ ਬਲਦੇਵ ਸਿੰਘ ਸਿਰਸਾ ਨੂੰ ਸਿਰੋਪਾਓ ਭੇਟ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਲ ਖਾਲਸਾ ਦੇ ਹਰਪਾਲ ਸਿੰਘ ਚੀਮਾ, ਬਲਦੇਵ ਸਿੰਘ ਸਿਰਸਾ, ਕੰਵਰਪਾਲ ਸਿੰਘ ਬਿੱਟੂ ਤੇ ਭਾਈ ਰਣਜੀਤ ਸਿੰਘ ਨੇ ਕਿਹਾ ਕਿ 30 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਅੱਜ ਦਾ ਇਹ ਮਾਰਚ ਨਰਿੰਦਰ ਮੋਦੀ ਸਰਕਾਰ ਦੇ ਨਾਦਰਸ਼ਾਹੀ ਫੈਸਲਿਆਂ ਅਤੇ ਕਾਲੇ ਕਾਨੂੰਨਾਂ ਵਿਰੁੱਧ ਪੰਜਾਬ ਦਾ ਫ਼ਤਵਾ ਹੋਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਦੇਣਾ ਮੋਦੀ ਸਰਕਾਰ ਦਾ ਇਹ ਹੋਰ ਢਕਵੰਜ ਤੇ ਪਾਖੰਡ ਹੈ। ਕੇਂਦਰ ਕਿਸਾਨੀ ਮਸਲੇ ਦਾ ਹੱਕੀ ਤੇ ਜਾਇਜ ਹੱਲ ਕਰਨ ਲਈ ਨਾ ਤਾਂ ਸੰਜੀਦਾ ਹੈ ਤੇ ਨਾ ਹੀ ਇਮਾਨਦਾਰ। ਹਰਿਆਣਾ ਸਰਕਾਰ ਵੱਲੋਂ ਪੰਜਾਬ ਨਾਲ ਲੱਗਦੇ ਆਪਣੇ ਬਾਰਡਰ ਸੀਲ ਕਰਨ ਦੇ ਫੈਸਲੇ ਨੂੰ ਰੱਦ ਕਰਦਿਆਂ ਕਿਹਾ ਕਿ ਭਾਜਪਾ ਸਰਕਾਰ ਕਿਸਾਨ ਅੰਦੋਲਨ ਨੂੰ ਕੁੱਚਲਣ ਲਈ ਕੋਝੇ ਹੱਥਕੰਡਿਆਂ 'ਤੇ ਉੱਤਰ ਚੁੱਕੀ ਹੈ।
ਕੇਂਦਰ ਤੇ ਹਰਿਆਣਾ ਸਰਕਾਰ ਦਾ ਬਾਰਡਰ ਸੀਲ ਕਰਨ ਦਾ ਫੈਸਲਾ ਪੰਜਾਬ ਦੇ ਕਿਸਾਨਾਂ ਦੇ ਮਨੋਬਲ ਨੂੰ ਕਮਜ਼ੋਰ ਨਹੀਂ ਕਰ ਸਕੇਗਾ ਸਗੋਂ ਬਲਦੀ 'ਤੇ ਤੇਲ ਪਾਉਣ ਦਾ ਕੰਮ ਕਰੇਗਾ। ਹਰਿਆਣਾ ਬਾਰਡਰ ਸੀਲ ਕਰਨ ਤੇ ਕਿਸਾਨਾਂ ਦੇ ਜਾਣ 'ਤੇ ਲੱਗੀ ਪਾਬੰਦੀ 'ਤੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਖੱਟਰ ਦੇ ਇਸ ਨਾਦਰਸ਼ਾਹੀ ਫੈਸਲੇ ਨੇ 1982 ਵਿੱਚ ਏਸ਼ੀਆਈ ਖੇਡਾਂ ਮੌਕੇ ਉਸ ਵੇਲੇ ਦੇ ਹਰਿਆਣਾ ਦੇ ਮੁੱਖ ਮੰਤਰੀ ਭਜਨ ਲਾਲ ਦਾ ਹਰਿਆਣਾ ਬਾਰਡਰ ਸੀਲ ਕਰਨਾ ਤੇ ਸਿੱਖਾਂ 'ਤੇ ਹਰਿਆਣਾ ਲੰਘਣ 'ਤੇ ਲਗਾਈ ਪਾਬੰਦੀ ਦੀ ਕੌੜੀ ਯਾਦ ਚੇਤੇ ਕਰਵਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਧਮਕੀਆਂ ਤੋਂ ਨਾ ਤਾਂ ਕਦੇ ਸਿੱਖ ਡਰੇ ਹਨ ਤੇ ਨਾ ਹੀ ਡਰਣਗੇ। ਪੰਜਾਬ ਦੇ ਲੋਕ ਦਿੱਲੀ ਨਾਲ ਆਰ-ਪਾਰ ਦੀ ਲੜਾਈ ਦੇ ਰੌਂਅ ਵਿੱਚ ਹਨ ਕਿਉਂਕਿ ਕੇਂਦਰ ਨੇ ਹਮੇਸ਼ਾਂ ਹੀ ਪੰਜਾਬ ਦੇ ਪਾਣੀ, ਜਵਾਨੀ ਤੇ ਕਿਸਾਨੀ ਨੂੰ ਲੁੱਟਣ ਤੇ ਉਜਾੜਨ ਦੀਆਂ ਚਾਲਾਂ ਚੱਲੀਆਂ ਹਨ। ਕਿਸਾਨੀ ਨੂੰ ਪੰਜਾਬ ਦੀ ਰੀੜ•ਦੀ ਹੱਡੀ ਤੇ ਕਿਸਾਨ ਨੂੰ ਪੰਜਾਬ ਦਾ ਮਾਣ ਦੱਸਦਿਆਂ ਉਨ੍ਹਾਂ ਕਿਹਾ ਕਿ ਮੌਜੂਦਾ ਕਿਸਾਨੀ ਸੰਕਟ ਮੌਕੇ ਪੰਜਾਬ ਇੱਕਜੁੱਟ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਇਹ ਅੰਦੋਲਨ ਪੰਜਾਬ ਦੀ ਆਰਥਿਕਤਾ ਤੇ ਭਵਿੱਖ ਨਾਲ ਵੀ ਜੁੜਿਆ ਹੈ। ਇਸ ਮੌਕੇ ਪਰਮਜੀਤ ਸਿੰਘ ਮੰਡ, ਜਸਵੀਰ ਸਿੰਘ ਖੰਡੂਰ, ਪਰਮਜੀਤ ਸਿੰਘ ਟਾਡਾ, ਰਣਬੀਰ ਸਿੰਘ, ਅਵਤਾਰ ਸਿੰਘ, ਗੁਰਦੀਪ ਸਿੰਘ ਕਾਲਕਟ ਵੀ ਮੌਜੂਦ ਸਨ।
 


Deepak Kumar

Content Editor

Related News