ਕ੍ਰਿਪਾਨਧਾਰੀ ਸਿੱਖ ਕੁੜੀ ਨੂੰ ਇਮਤਿਹਾਨ ''ਚ ਨਾ ਬੈਠਣ ਦੇਣ ''ਤੇ ਅਕਾਲ ਤਖਤ ਸਖਤ

Wednesday, Nov 20, 2019 - 06:49 PM (IST)

ਕ੍ਰਿਪਾਨਧਾਰੀ ਸਿੱਖ ਕੁੜੀ ਨੂੰ ਇਮਤਿਹਾਨ ''ਚ ਨਾ ਬੈਠਣ ਦੇਣ ''ਤੇ ਅਕਾਲ ਤਖਤ ਸਖਤ

ਫਤਿਹਗੜ੍ਹ ਸਾਹਿਬ (ਵਿਪਨ ਬੀਜਾ) : ਇਕ ਸਿੱਖ ਲੜਕੀ ਨੂੰ ਕ੍ਰਿਪਾਨ ਅਤੇ ਕੜਾ ਪਾਇਆ ਹੋਣ ਕਾਰਨ ਇਮਤਿਹਾਨ ਵਿਚ ਨਾ ਬੈਠਣ ਦੇਣ ਦੀ ਘਟਨਾ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨਿੰਦਾ ਕੀਤੀ ਹੈ। ਜਥੇਦਾਰ ਨੇ ਕਿਹਾ ਕਿ ਸਿੱਖਾਂ ਨਾਲ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਅਤਿਨਿੰਦਣਯੋਗ ਹਨ, ਇਸ ਲਈ ਸ਼੍ਰੋਮਣੀ ਕਮੇਟੀ ਨੂੰ ਲਿਖਤੀ ਤੌਰ 'ਤੇ ਭੇਜ ਕੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਆਖਿਆ ਗਿਆ ਹੈ।

ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਇਕ ਸਿੱਖ ਲੜਕੀ ਜਿਸ ਨੇ ਕ੍ਰਿਪਾਨ-ਕੜਾ ਪਾਇਆ ਹੋਇਆ ਹੈ, ਬੋਲ ਕੇ ਦੱਸ ਰਹੀ ਹੈ ਕੇ ਉਹ ਪੇਪਰ ਦੇਣ ਲਈ ਆਈ ਸੀ ਪਰ ਉਸ ਨੂੰ ਇਮਤਿਹਾਨ ਵਿਚ ਬੈਠਣ ਦੇਣ ਲਈ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਕਿਉਂਕਿ ਉਸ ਨੇ ਕ੍ਰਿਪਾਨ ਪਾਈ ਹੋਈ ਹੈ। ਲੜਕੀ ਨੇ ਦੱਸਿਆ ਕਿ ਉਸ ਨੂੰ ਕਿਹਾ ਗਿਆ ਕਿ ਇਮਤਿਹਾਨ ਵਿਚ ਬੈਠਣ ਲਈ ਪਹਿਲਾਂ ਅਦਾਲਤ ਤੋਂ ਹੁਕਮ ਲੈ ਕੇ ਆਉ। 

ਸ੍ਰੀ ਅਕਾਲ ਤਖਤ ਸਹਿਬ ਦੇ ਜਥੇਦਾਰ ਨੇ ਕਿਹਾ ਕਿ ਇਹ ਬੜੀਆ ਮੰਦਭਾਗੀ ਘਟਨਾ ਹੈ ਅਤੇ ਅਜਿਹੀਆਂ ਘਟਨਾਵਾਂ ਵਾਰ-ਵਾਰ ਵਾਪਰਨ ਤੋਂ ਰੋਕਣ ਲਈ ਸ਼੍ਰੋਮਣੀ ਕਮੇਟੀ ਨੂੰ ਕੇਂਦਰ ਸਰਕਾਰ ਨਾਲ ਗੱਲਬਾਤ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਇਮਤਿਹਾਨ ਲੈਣ ਵਾਲੀਆਂ ਸੰਸਥਾਵਾ ਨੂੰ ਇਸ ਸੰਬੰਧੀ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣ। ਜਥੇਦਾਰ ਨੇ ਆਖਿਆ ਕਿ ਸਿੱਖਾਂ ਦੇ ਕਕਾਰਾਂ ਦੀ ਬੇਅਦਬੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।


author

Gurminder Singh

Content Editor

Related News