ਲੜਕੀ ਨੂੰ ਵਰਗਲਾ ਕੇ ਲਿਜਾਣ ਵਾਲਾ ਬਠਿੰਡਾ ਤੋਂ ਗ੍ਰਿਫ਼ਤਾਰ
Tuesday, Mar 27, 2018 - 01:59 AM (IST)

ਫ਼ਰੀਦਕੋਟ, (ਰਾਜਨ)- ਇਕ ਲੜਕੀ ਨੂੰ ਵਰਗਲਾ ਕੇ ਲਿਜਾਣ ਵਾਲੇ ਦੋਸ਼ੀ ਨੂੰ ਰੇਲਵੇ ਪੁਲਸ ਵੱਲੋਂ ਬਠਿੰਡਾ ਰੇਲਵੇ ਸਟੇਸ਼ਨ 'ਤੇ ਲੜਕੀ ਨੂੰ ਬਰਾਮਦ ਕਰ ਕੇ ਉਸ ਵੇਲੇ ਕਾਬੂ ਕਰ ਲਿਆ ਗਿਆ, ਜਦੋਂ ਪੈਸੇ ਖਤਮ ਹੋਣ ਦੀ ਸੂਰਤ ਵਿਚ ਉਸ ਨੇ ਆਪਣੇ ਇਕ ਸਕੇ-ਸਬੰਧੀ ਨੂੰ ਪੈਸੇ ਦੇ ਕੇ ਜਾਣ ਲਈ ਫ਼ੋਨ ਕਰ ਦਿੱਤਾ ਅਤੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਫ਼ਰੀਦਕੋਟ ਨੇ ਇਸ ਸਬੰਧੀ ਤੁਰੰਤ ਕਾਰਵਾਈ ਕਰਦਿਆਂ ਉਕਤ ਕਾਰਵਾਈ ਅਮਲ ਵਿਚ ਲਿਆਂਦੀ।
ਜ਼ਿਕਰਯੋਗ ਹੈ ਕਿ ਬੀਤੀ 25 ਮਾਰਚ ਨੂੰ ਪਿੰਡ ਢੈਪਈ ਨਿਵਾਸੀ ਨੇ ਸ਼ਿਕਾਇਤ ਕਰ ਕੇ ਗੁਰਵਿੰਦਰ ਸਿੰਘ ਵਾਸੀ ਢਿੱਲਵਾਂ ਕਲਾਂ 'ਤੇ ਮੁਕੱਦਮਾ ਦਰਜ ਕਰਵਾਇਆ ਸੀ। ਸ਼ਿਕਾਇਕਰਤਾ ਅਨੁਸਾਰ ਉਸ ਦੀ ਵੱਡੀ ਲੜਕੀ (17) ਪਿਛਲੇ ਦੋ ਸਾਲਾਂ ਤੋਂ ਪੜ੍ਹਾਈ ਛੱਡ ਕੇ ਘਰੇ ਹੀ ਰਹਿ ਰਹੀ ਸੀ। ਉਸ ਨੇ ਦੋਸ਼ ਲਾਇਆ ਸੀ ਕਿ ਉਸ ਦੇ ਚਾਚੇ ਸਹੁਰੇ ਦਾ ਉਕਤ ਲੜਕਾ ਉਸ ਦੀ ਲੜਕੀ 'ਤੇ ਗਲਤ ਨਜ਼ਰ ਰੱਖਦਾ ਸੀ। ਉਹ ਜਦੋਂ 15 ਮਾਰਚ ਨੂੰ ਘਰੋਂ ਕੰਮ ਵਾਸਤੇ ਬਾਹਰ ਗਿਆ ਤਾਂ ਵਾਪਸ ਆਉਣ 'ਤੇ ਵੇਖਿਆ ਕਿ ਉਸ ਦੀ ਲੜਕੀ ਘਰ ਵਿਚ ਨਹੀਂ ਸੀ।
ਇਸ ਦੌਰਾਨ ਉਸ ਨੇ ਆਪਣੀ ਲੜਕੀ ਦੀ ਪਹਿਲਾਂ ਭਾਲ ਕੀਤੀ ਪਰ ਬਾਅਦ 'ਚ ਪਤਾ ਲੱਗਣ 'ਤੇ ਯਕੀਨ ਹੋ ਗਿਆ ਕਿ ਉਕਤ ਲੜਕਾ ਆਪਣੀ ਮਾਤਾ ਕੁਲਦੀਪ ਕੌਰ ਨਾਲ ਕੰਢ-ਤੁੱਪ ਹੋ ਕੇ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਕਿਤੇ ਲੈ ਗਿਆ ਹੈ। ਇਸ ਸ਼ਿਕਾਇਤ 'ਤੇ ਪੁਲਸ ਵੱਲੋਂ ਮੁਕੱਦਮਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਸੀ।
ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਉਕਤ ਹਾਲਾਤ ਵਿਚ ਬਠਿੰਡਾ ਰੇਲਵੇ ਪੁਲਸ ਨੂੰ ਇਤਲਾਹ ਕਰ ਕੇ ਦੋਸ਼ੀ ਲੜਕੇ ਨੂੰ ਕਾਬੂ ਕਰ ਲਿਆ ਗਿਆ ਅਤੇ ਲੜਕੀ ਨੂੰ ਬਰਾਮਦ ਕਰ ਕੇ ਉਸ ਦਾ ਮੈਡੀਕਲ ਕਰਵਾਉਣ ਉਪਰੰਤ ਵਾਰਿਸਾਂ ਹਵਾਲੇ ਕਰ ਦਿੱਤੇ ਜਾਣ ਉਪਰੰਤ ਦੋਸ਼ੀ ਨੂੰ ਮਾਣਯੋਗ ਅਦਾਲਤ ਡਿਊਟੀ ਮੈਜਿਸਟਰੇਟ, ਫਰੀਦਕੋਟ ਦੀ ਅਦਾਲਤ ਵਿਚ ਪੇਸ਼ ਕੀਤਾ, ਜਿਸ 'ਤੇ ਦੋਸ਼ੀ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।