ਲੁਧਿਆਣਾ ਜ਼ਿਲੇ 'ਚ ਇਕ ਹੋਰ ਨਾਬਾਲਗਾ ਬਣੀ ਹੈਵਾਨੀਅਤ ਦਾ ਸ਼ਿਕਾਰ
Saturday, Feb 16, 2019 - 01:05 PM (IST)
ਸਿੱਧਵਾਂ ਬੇਟ (ਚਾਹਲ)— ਪਿਛਲੇ ਕੁੱਝ ਦਿਨਾਂ ਤੋਂ ਪੁਲਸ ਜ਼ਿਲਾ ਲੁਧਿਆਣਾ ਦਿਹਾਤੀ ਅੰਦਰ ਜਬਰ-ਜ਼ਨਾਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਸਿੱਧਵਾਂ ਬੇਟ ਦੇ ਇਕ ਪਿੰਡ ਦਾ, ਜਿਥੇ ਘਰ ਵਿਚ ਵਿਆਹ ਦਾ ਕਾਰਡ ਦੇਣ ਆਏ ਇਕ ਵਿਅਕਤੀ ਵਲੋਂ ਘਰ 'ਚ ਇਕੱਲੀ ਨਾਬਾਲਗ ਲੜਕੀ ਨਾਲ ਜ਼ਬਰਦਸਤੀ ਜਬਰ-ਜ਼ਨਾਹ ਦੀ ਘਿਨਾਉਣੀ ਹਰਕਤ ਨੂੰ ਅੰਜ਼ਾਮ ਦੇ ਦਿੱਤਾ ਗਿਆ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪਿੰਡ ਦੀ 15 ਸਾਲਾ ਨਾਬਾਲਗ ਲੜਕੀ ਨੇ ਦੋਸ਼ ਲਾਇਆ ਕਿ ਮੇਰੇ ਮਾਤਾ-ਪਿਤਾ ਰਿਸ਼ਤੇਦਾਰੀ 'ਚ ਗਏ ਹੋਏ ਸਨ ਅਤੇ ਮੇਰੇ ਦੋਨੋਂ ਭਰਾ ਸਕੂਲ ਗਏ ਹੋਏ ਸੀ। ਉਸ ਸਮੇਂ ਮਨਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਿਆਹ ਦਾ ਕਾਰਡ ਦੇਣ ਦੇ ਬਹਾਨੇ ਸਾਡੇ ਘਰ ਆਇਆ ਅਤੇ ਮੈਨੂੰ ਜ਼ਬਰਦਸਤੀ ਕਮਰੇ 'ਚ ਲਿਜਾ ਕੇ ਮੇਰੇ ਨਾਲ ਜਬਰ-ਜ਼ਨਾਹ ਕੀਤਾ। ਪੀੜਤ ਲੜਕੀ ਦੇ ਬਿਆਨਾਂ 'ਤੇ ਭਾਵੇਂ ਪੁਲਸ ਨੇ ਥਾਣਾ ਸਿੱਧਵਾਂ ਬੇਟ ਵਿਖੇ ਮੁਕੱਦਮਾ ਤਾਂ ਦਰਜ ਕਰ ਲਿਆ ਹੈ ਪਰ ਇੱਥੇ ਵੀ ਜਬਰ-ਜ਼ਨਾਹ ਦਾ ਦੋਸ਼ੀ ਪੁਲਸ ਦੀ ਗ੍ਰਿਫਤ 'ਚੋਂ ਬਾਹਰ ਦੱਸਿਆ ਜਾ ਰਿਹਾ ਹੈ।