ਸਿੱਧੂ ਵੀ ਚੁੱਪ ‘ਸਿੱਧੂ ਦਾ ਟਵਿਟਰ ਵੀ ਚੁੱਪ’​​​​​​​

07/12/2019 8:17:53 PM

ਜਲੰਧਰ (ਜਸਬੀਰ ਵਾਟਾਂ ਵਾਲੀ) ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਦਿੱਲੀ ਹਾਈਕਮਾਂਡ ਦੇ ਚਹੇਤੇ ਨਵਜੋਤ ਸਿੰਘ ਸਿੱਧੂ ‘ਲੰਮਾ ਮੋਨ-ਵਰਤ’ ਧਾਰ ਕੇ ਬੈਠ ਗਏ ਹਨ। ਇਕੱਲੇ ਨਵਜੋਤ ਸਿੱਧੂ ਹੀ ਨਹੀਂ ਉਨ੍ਹਾਂ ਦਾ ਟਵਿਟਰ ਵੀ ਪਿਛਲੇ ਇਕ ਮਹੀਨੇ ਤੋਂ ਚੁੱਪ-ਚਾਂਅ ਛਾਈ ਹੋਈ ਹੈ। ਨਵਜੋਤ ਸਿੰਘ ਸਿੱਧੂ ਨੇ ਬੀਤੇ ਜੂਨ ਮਹੀਨੇ ਦੀ 9 ਤਰੀਕ ਨੂੰ ਆਖਰੀ ਪੋਸਟ ਪਾਈ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕੋਈ ਟਵੀਟ ਨਹੀਂ ਕੀਤਾ। ਇਸ ਤੋਂ ਪਹਿਲਾਂ ਸਿੱਧੂ ਟਵਿਟਰ ਉੱਤੇ ਲਗਾਤਰ ਸਰਗਰਮ ਸਨ। ਇਸ ਤੋਂ ਪਹਿਲਾਂ ਸਿੱਧੂ ਨੇ ਇਕ ਮਹੀਨੇ ਵਿਚ ਕਰੀਬ 18 ਵਾਰ ਟਵੀਟ ਕੀਤਾ ਸੀ। ਇਸ ਦੌਰਾਨ ਉਨ੍ਹਾਂ ਟਵਿਟਰ ’ਤੇ ਸ਼ੇਅਰੋ-ਸ਼ਾਇਰੀ ਕਰਦਿਆਂ ਆਪਣੇ ਵਿਰੋਧੀਆਂ ’ਤੇ ਖੂਬ ਵਿਅੰਗ ਕੀਤੇ ਸਨ। ਇੱਥੇ ਇਹ ਗੱਲ ਵੀ ਜਿਕਰਜੋਗ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਟਵਿਟਰ ਉੱਤੇ ਫਾਲੋਅਰਜ਼ ਦੀ ਵੱਡੀ ਗਿਣਤੀ ਹੈ। ਕੁਝ ਸਮਾਂ ਪਹਿਲਾਂ ਸਿੱਧੂ ਦੇ ਫਾਲੋਅਰਜ਼ ਦੀ ਇਹ ਗਿਣਤੀ 6 ਲੱਖ ਨੂੰ ਕਰਾਸ ਕਰ ਗਈ ਸੀ ਪਰ ਕੈਪਟਨ ਅਮਰਿੰਦਰ ਸਿੰਘ ਨਾਲ ਰਿਸ਼ਤੇ ਵਿਚ ਆਈ ਕੜਵਾਹਟ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਗੁੰਮ-ਸੁੰਮ ਅਵਸਥਾ ਵਿਚ ਹੀ ਚਲੇ ਗਏ ਹਨ।
ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਰਿਸ਼ਤਿਆ ਵਿਚ ਕੜੱਤਣ ਉਦੋਂ ਸ਼ੁਰੂ ਹੋਈ, ਜਦੋਂ ਸਿੱਧੂ ਨੇ ਚੋਣ ਪ੍ਰਚਾਰ ਦੌਰਾਨ ਇਹ ਕਹਿ ਦਿੱਤਾ ਕਿ ਲੋਕਾਂ ਨੂੰ ਸਭ ਪਤਾ ਹੈ ਕਿ ਕਿਹੜਾ ‘ਫਰੈਂਡਲੀ ਮੈਚ’ ਖੇਡਿਆ ਜਾ ਰਿਹਾ ਹੈ। ਇਸ ਬਿਆਨ ਤੋਂ ਬਾਅਦ ਅਜਿਹਾ ਸਿਆਸੀ ਭੂਚਾਲ ਆਇਆ ਕਿ ਕੈਪਟਨ ਧੜੇ ਨੇ ਸਿੱਧੂ ਖਿਲਾਫ ਮੋਰਚੇ ਖੋਲ੍ਹ ਦਿੱਤੇ ਅਤੇ ਜਵਾਬੀ ਫਾਇਰਿੰਗ ਸ਼ੁਰੂ ਕਰ ਦਿੱਤੀ। ਕਿਸੇ ਨੇ ਕਿਹਾ ਕਿ ਸਿੱਧੂ ਨੇ ਕਾਂਗਰਸ ਦੀ ਪਿੱਠ ਵਿਚ ਛੁਰਾ ਮਾਰਿਆ ਹੈ ਅਤੇ ਕਿਸੇ ਨੇ ਕਿਹਾ ਨਵਜੋਤ ਸਿੱਧੂ ਕਾਂਗਰਸ ਨੂੰ ਤੋੜਨਾ ਚਾਹੁੰਦਾ ਹੈ। ਇੱਥੇ ਹੀ ਬਸ ਨਹੀਂ ਸ਼ਾਮ ਸੁੰਦਰ ਅਰੋੜਾ ਅਤੇ ਲਾਲ ਸਿੰਘ ਨੇ ਤਾਂ ਸਿੱਧੂ ਕੋਲੋਂ ਅਸਤੀਫੇ ਵੀ ਮੰਗ ਲਏ। ਇਹ ਮਾਮਲਾ ਉਦੋਂ ਹੋਰ ਵੀ ਤਲਖ਼ ਹੋ ਗਿਆ, ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੰਤਰੀਆਂ ਦੇ ਵਿਭਾਗ ਬਦਲੇ। ਇਸ ਦੌਰਾਨ ਸਿੱਧੂ ਦਾ ਵਿਭਾਗ ਬਦਲ ਦਿੱਤਾ ਗਿਆ। ਪਹਿਲਾਂ ਤੋਂ ਨਰਾਜ਼ ਨਵਜੋਤ ਸਿੱਧੂ ਨੇ ਨਵਾਂ ਵਿਭਾਗ ਸਾਂਭਣ ਲਈ ਹਾਮੀ ਨਹੀਂ ਭਰੀ। ਇਸ ਸਭ ਤੋਂ ਬਾਅਦ ਇਸ ਮਾਮਲੇ ਦਾ ਹੱਲ ਕਰਵਾਉਣ ਲਈ ਨਵਜੋਤ ਸਿੱਧੂ ਦਿੱਲੀ ਹਾਈਕਮਾਂਡ ਕੋਲ ਵੀ ਗਏ। ਦਿੱਲੀ ਹਾਈ ਕਮਾਂਡ ਨੇ ਇਸ ਵਿਵਾਦ ਨੂੰ ਸੁਲਝਾਉਣ ਲਈ ਅਹਿਮਦ ਪਟੇਲ ਦੀ ਡਿਊਟੀ ਲਾ ਦਿੱਤੀ ਪਰ ਇਕ ਮਹੀਨੇ ਤੋਂ ਵਧੇਰੇ ਦਾ ਵਕਫ਼ਾ ਬੀਤਣ ਤੋਂ ਬਾਅਦ ਵੀ ਇਸ ਮਾਮਲੇ ਦਾ ਕੋਈ ਹੱਲ ਨਹੀਂ ਨਿਕਲ ਸਕਿਆ।
ਕੁਝ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੂ ਖਿਲਾਫ ਹੋਰ ਹਮਲਾਵਰ ਤੇਵਰ ਅਪਣਾਅ ਲਏ ਅਤੇ ਇਹ ਤੱਕ ਕਹਿ ਦਿੱਤਾ ਕਿ ਜੇਕਰ ਅਗਲੇ ਇਕ ਹਫਤੇ ਵਿਚ ਸਿੱਧੂ ਨੇ ਆਪਣੇ ਵਿਭਾਗ ਦੀ ਜ਼ਿੰਮੇਵਾਰੀ ਨਾ ਸੰਭਾਲੀ ਤਾਂ ਉਨ੍ਹਾਂ ਨੂੰ ਮੰਤਰੀ ਦੇ ਅਹੁਦੇ ਤੋਂ ਵੀ ਹੱਥ ਧੋਣੇ ਪੈ ਸਕਦੇ ਹਨ। ਉਨ੍ਹਾਂ ਵੱਲੋਂ ਨਵਜੋਤ ਸਿੰਘ ਖਿਲਾਫ ਵਿਜੀਲੈਂਸ ਦੀ ਰਿਪੋਰਟ ਵੀ ਕਾਂਗਰਸ ਹਾਈਕਮਾਂਡ ਨੂੰ ਸੌਂਪੀ ਗਈ, ਜਿਸ ਵਿਚ ਇਲਜਾਮ ਲਗਾਏ ਗਏ ਸਨ ਕਿ ਨਗਰ ਕੌਂਸਲ ਨਾਲ ਜੁੜੇ ਮਹੱਤਵਪੂਰਨ ਪ੍ਰਾਜੈਕਟਾਂ ਦੀ ਅਲਾਟਮੈਂਟ ਵਿਚ ਬੇਨਿਯਮੀਆਂ ਕੀਤੀਆਂ ਗਈਆਂ ਹਨ। ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਸਿੱਧੂ ਅਤੇ ਕੈਪਟਨ ਆਹਮੋ-ਸਾਹਮਣੇ ਹੋਏ ਹੋਣ। ਇਸ ਤੋਂ ਪਹਿਲਾਂ ਨਵਜੋਤ ਸਿੱਧੂ ‘ਕੌਣ ਕੈਪਟਨ’... ‘ਮੇਰਾ ਕੈਪਟਨ ਸਿਰਫ ਰਾਹੁਲ ਗਾਂਧੀ’ ਆਖ ਕੇ ਵੀ ਕੈਪਟਨ ਧੜੇ ਦੇ ਨਿਸ਼ਾਨੇ ’ਤੇ ਆ ਗਏ ਸਨ। ਇਸ ਤੋਂ ਇਲਾਵਾ ਪਾਕਿ ਜਨਰਲ ਬਾਜਵਾ ਨੂੰ ਜੱਫੀ ਪਾ ਕੇ ਵੀ ਉਹ ਕਸੂਤੇ ਫਸ ਗਏ ਸਨ ਪਰ ਇਨ੍ਹਾਂ ਵਿਵਾਦਾਂ ਨੂੰ ਸਿੱਧੂ ਨੇ ਜਲਦ ਹੀ ਹੱਲ ਕਰ ਲਿਆ ਸੀ। ਹੁਣ ਇਹ ਮਾਮਲਾ ਕਾਫੀ ਲੰਮਾ ਖਿੱਚਿਆ ਜਾ ਚੁੱਕਾ ਹੈ ਅਤੇ ਪਿਛਲੇ ਇਕ ਮਹੀਨੇ ਤੋਂ ਸਿੱਧੂ ਦੀ ਕੋਈ ਉਗ-ਸੁਘ ਨਹੀਂ ਹੈ। ਭਾਵੇਂ ਇਸ ਸਬੰਧੀ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਨਵਜੋਤ ਸਿੱਧੂ ਮਾਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਗਏ ਹੋਏ ਹਨ ਅਤੇ ਉਥੋਂ ਆ ਕੇ ਉਹ ਜਲਦੀ ਹੀ ਆਪਣਾ ਕਾਰਜਭਾਰ ਸੰਭਾਲ ਲੈਣਗੇ।


jasbir singh

News Editor

Related News