ਸਿੱਧੂ ਨੇ ਪਹਿਲਵਾਨ ਨਵਜੋਤ ਕੌਰ ਦਾ ਘਰ ਬੁਲਾ ਕੇ ਕੀਤਾ ਸਨਮਾਨ

03/10/2018 7:15:13 AM

ਚੰਡੀਗੜ੍ਹ (ਬਿਊਰੋ)  - ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ 'ਚ ਸੋਨੇ ਦਾ ਤਮਗਾ ਜਿੱਤਣ ਵਾਲੀ ਪਹਿਲਵਾਨ ਨਵਜੋਤ ਕੌਰ ਦਾ ਸਨਮਾਨ ਕੀਤਾ। ਉਨ੍ਹਾਂ ਨਵਜੋਤ ਕੌਰ ਅਤੇ ਉਸ ਦੇ ਪਰਿਵਾਰ ਨੂੰ ਆਪਣੇ ਘਰ ਚਾਹ 'ਤੇ ਸੱਦਿਆ ਸੀ। ਇਸ ਦੌਰਾਨ ਜਿਥੇ ਖੇਡਾਂ ਬਾਰੇ ਖੁੱਲ੍ਹ ਕੇ ਗੱਲਾਂ ਹੋਈਆਂ, ਉਥੇ ਮੰਤਰੀ ਨੇ ਆਪਣੇ ਤਜਰਬੇ ਵੀ ਸਾਂਝੇ ਕੀਤੇ। ਉਨ੍ਹਾਂ ਨਵਜੋਤ ਕੌਰ ਨੂੰ ਪੰਜ ਲੱਖ ਰੁਪਏ ਦੀ ਸਹਾਇਤਾ ਤੇ ਡੀ. ਐੱਸ. ਪੀ. ਦੀ ਨੌਕਰੀ ਦੀ ਪੇਸ਼ਕਸ਼ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਵੀ ਕੀਤਾ।
ਉਨ੍ਹਾਂ ਨਵਜੋਤ ਕੌਰ ਨੂੰ ਇਕ ਖਿਡਾਰੀ ਵਜੋਂ ਨਸੀਹਤ ਦਿੰਦਿਆਂ ਕਿਹਾ ਕਿ ਉਹ ਹੁਣ ਆਪਣਾ ਪੂਰਾ ਧਿਆਨ ਖੇਡਾਂ ਉਤੇ ਕੇਂਦਰਤ ਕਰੇ। ਉਨ੍ਹਾਂ ਨਵਜੋਤ ਕੌਰ ਨੂੰ ਇਸ ਸਾਲ ਹੋਣ ਵਾਲੀਆਂ ਰਾਸ਼ਟਰਮੰਡਲ ਤੇ ਏਸ਼ੀਆਈ ਖੇਡਾਂ ਅਤੇ 2020 'ਚ ਹੋਣ ਵਾਲੀਆਂ ਟੋਕੀਓ ਓਲੰਪਿਕ ਖੇਡਾਂ 'ਚ ਸੋਨੇ ਦਾ ਤਮਗਾ ਜਿੱਤਣ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਪਹਿਲਵਾਨ ਨਵਜੋਤ ਕੌਰ ਨੇ ਭਰੋਸਾ ਦਿੱਤਾ ਕਿ ਉਹ ਸਖਤ ਮਿਹਨਤ ਕਰੇਗੀ ਅਤੇ ਆਪਣੇ ਤੋਂ ਲੱਗੀਆਂ ਉਮੀਦਾਂ 'ਤੇ ਖਰਾ ਉਤਰਨ 'ਚ ਕੋਈ ਕਸਰ ਨਹੀਂ ਛੱਡੇਗੀ। ਕੈਬਨਿਟ ਮੰਤਰੀ ਸਿੱਧੂ ਨੇ ਨਵਜੋਤ ਕੌਰ ਦਾ ਸ਼ਾਲ ਅਤੇ ਮੋਮੈਂਟੋ ਨਾਲ ਸਨਮਾਨ ਕੀਤਾ। ਇਸ ਮੌਕੇ ਨਵਜੋਤ ਕੌਰ ਦੇ ਪਿਤਾ ਸੁਖਚੈਨ ਸਿੰਘ ਅਤੇ ਭੈਣ ਨਵਜੀਤ ਕੌਰ, ਵਿਧਾਇਕ ਡਾ. ਰਾਜ ਕੁਮਾਰ ਵੇਰਕਾ, ਭਲਵਾਨ ਪਦਮਸ਼੍ਰੀ ਕਰਤਾਰ ਸਿੰਘ ਅਤੇ ਕੁਸ਼ਤੀ ਕੋਚ ਗੁਰਚਰਨ ਸਿੰਘ ਢਿੱਲੋਂ ਵੀ ਹਾਜ਼ਰ ਸਨ।


Related News