ਸਿੱਧੂ ਨੇ ਕੈਪਟਨ ਸਰਕਾਰ ਖ਼ਿਲਾਫ਼ ਵਿਧਾਨ ਸਭਾ ''ਚ ਬੇਵਿਸਾਹੀ ਮਤਾ ਪੇਸ਼ ਨਾ ਕਰ ਪੰਜਾਬੀਆਂ ਨਾਲ ਕੀਤਾ ਧੋਖਾ: ਮਜੀਠੀਆ
Friday, Sep 03, 2021 - 09:14 PM (IST)
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਅੱਜ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਟੀਮ ਨੇ ਵਿਧਾਨ ਸਭਾ ਮੁਲਤਵੀ ਕਰਨ ਖ਼ਿਲਾਫ਼ ਮਤੇ ਦੇ ਖ਼ਿਲਾਫ਼ ਵੋਟਾਂ ਪਾ ਕੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ ਅਤੇ ਸਾਬਤ ਕਰ ਦਿੱਤਾ ਹੈ ਕਿ ਉਹ ਲੋਕਾਂ ਦੇ ਮੁੱਦੇ ਚੁੱਕਣ ਵਿਚ ਦਿਲਚਸਪੀ ਨਹੀਂ ਰੱਖਦੇ ਸਗੋਂ ਉਹ ਸਿਰਫ ਆਪਣੇ ਸੌੜੇ ਸਿਆਸੀ ਹਿੱਤਾਂ ਕਾਰਨ ਲੜ ਰਹੇ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਸੰਸਦੀ ਮਾਮਲਿਆਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਸਦਨ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਦਾ ਮਤਾ ਪੇਸ਼ ਕੀਤਾ ਅਤੇ ਅਕਾਲੀ ਦਲ ਦੇ ਵਿਧਾਇਕਾਂ ਨੇ ਇਸ ’ਤੇ ਵੋਟਿੰਗ ਦੀ ਡਵੀਜ਼ਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮਤੇ ਦੀ ਵਿਰੋਧਤਾ ਦਾ ਮੌਕਾ ਹੋਣ ਦੇ ਬਾਵਜੂਦ ਨਵਜੋਤ ਸਿੱਧੂ ਨੇ ਅਜਿਹਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਨਾ ਹੀ ਕਈ ਹੋਰ ਮੰਤਰੀਆਂ ਨੇ ਇਸਦਾ ਵਿਰੋਧ ਕੀਤਾ ਹਾਲਾਂਕਿ ਉਨ੍ਹਾਂ ਵਾਰ-ਵਾਰ ਇਹ ਦਾਅਵੇ ਕੀਤੇ ਸਨ ਕਿ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਵਿਚ ਵਿਸ਼ਵਾਸ ਗੁਆ ਲਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਅਤੇ ਇਸਦੇ ਨਾਲ ਹੀ ਉਸ ਨਾਲ ਜੁੜੇ ਮੰਤਰੀ ਅਤੇ ਵਿਧਾਇਕ ਲੋਕਾਂ ਦੇ ਮਸਲੇ ਚੁੱਕਣ ਵਿਚ ਕੋਈ ਦਿਲਚਸਪੀ ਨਹੀਂ ਰੱਖਦੇ, ਨਹੀਂ ਤਾਂ ਉਨ੍ਹਾਂ ਮਤੇ ਦਾ ਵਿਰੋਧ ਕਰਨਾ ਸੀ ਜਿਸ ਸਦਕਾ ਸੈਸ਼ਨ ਦੀ ਮਿਆਦ ਵਧਾਈ ਜਾ ਸਕਦੀ ਸੀ।
ਇਹ ਵੀ ਪੜ੍ਹੋ - ਅਮਰੀਕਾ: ਇਮਾਰਤ ਨਾਲ ਟਕਰਾਇਆ ਛੋਟਾ ਜਹਾਜ਼, ਹੋਈਆਂ 4 ਮੌਤਾਂ
ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸੂਬੇ ਦੇ ਭੱਖਦੇ ਮਸਲਿਆਂ ’ਤੇ ਚਰਚਾ ਲਈ ਸੈਸ਼ਨ ਦੀ ਮਿਆਦ ਵਧਾਉਣ ਤੋਂ ਇਨਕਾਰ ਕਰਨ ਨੇ ਸਾਬਤ ਕਰ ਦਿੱਤਾ ਹੈ ਕਿ ਨਾ ਤਾਂ ਠੋਕੋ ਤਾੜੀ ਕਾਂਗਰਸ ਅਤੇ ਨਾ ਹੀ ਅਮਰਿੰਦਰ ਕਾਂਗਰਸ ਪੰਜਾਬ ਅਤੇ ਇਸਦੀਆਂ ਮੁਸ਼ਕਿਲਾਂ ਪ੍ਰਤੀ ਸੰਜੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਇਹ ਰਲ ਕੇ ਫਿਕਸ ਮੈਚ ਖੇਡ ਰਹੇ ਹਨ ਤੇ ਲੋਕਾਂ ਦਾ ਸਾਹਮਣਾ ਕਰਨ ਤੋਂ ਭੱਜ ਰਹੇ ਹਨ।
ਕਾਂਗਰਸ ਪਾਰਟੀ ਨੁੰ ਵਾਰ ਵਾਰ ਲੋਕਾਂ ਨੁੰ ਮੂਰਖ ਬਣਾਉਣ ਦਾ ਯਤਨ ਨਾ ਕਰਨ ਵਾਸਤੇ ਕਹਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਅਸੀਂ ਪਹਿਲਾਂ ਮੰਗ ਕੀਤੀ ਸੀ ਕਿ ਨਵਜੋਤ ਸਿੱਧੂ ਤੇ ਉਨ੍ਹਾਂ ਦੇ ਧੜੇ ਵੱਲੋਂ ਮੁੱਖ ਮੰਤਰੀ ਦੇ ਖ਼ਿਲਾਫ਼ ਬੇਵਿਸਾਹੀ ਮਤਾ ਲਿਆਂਦਾ ਜਾਵੇ ਤਾਂ ਅਸੀਂ ਇਸਦੀ ਪੁਰਜ਼ੋਰ ਹਮਾਇਤ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਇਸ ਕਰ ਕੇ ਇਹ ਐਲਾਨ ਕੀਤਾ ਸੀ ਕਿਉਂਕਿ ਮੌਜੂਦਾ ਸਕਰਾਰ ਲੋਕਾਂ ਦੀਆਂ ਜ਼ਰੂਰਤਾਂ ਪ੍ਰਤੀ ਬੇਰੁਖੀ ਹੈ ਤੇ ਇਸਨੇ ਸਮਾਜ ਦੇ ਹਰ ਵਰਗ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੁੰ ਪੂਰਨ ਕਰਜ਼ਾ ਮੁਆਫੀ ਨਹੀਂ ਮਿਲੀ ਤੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੁੰ ਸਰਕਾਰੀ ਨੌਕਰੀ ਨਹੀਂਮਿਲੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਜਾਂ ਕਮਜ਼ੋਰ ਵਰਗਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤ ਗਿਆ। ਉਨ੍ਹਾਂ ਕਿਾ ਕਿ ਸਰਕਾਰੀ ਮੁਲਾਜ਼ਮ ਵੀ ਔਖੇ ਹਨ ਪਰ ਸਰਕਾਰ ਇਹਨਾਂ ਸਭ ਪ੍ਰਤੀ ਅੱਖਾਂ ਮੀਟ ਕੇ ਬੈਠੀ ਹੈ।
ਇਹ ਵੀ ਪੜ੍ਹੋ - 'ਪੰਜ ਪਿਆਰੇ' ਵਾਲੇ ਬਿਆਨ 'ਤੇ ਹਰੀਸ਼ ਰਾਵਤ ਨੇ ਬਖ਼ਸ਼ਾਈ ਭੁੱਲ, ਗੁਰਦੁਆਰੇ 'ਚ ਸਾਫ ਕੀਤੀਆਂ ਜੁੱਤੀਆਂ (Video)
ਸਰਦਾਰ ਮਜੀਠੀਆ ਨੇ ਕਿਹਾ ਕਿ ਬੇਵਿਸਾਹੀ ਮਤਾ ਪੇਸ਼ ਲਾ ਕਰ ਕੇ ਸਿੱਧੂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਇਸ ਫੇਲ੍ਹ ਹੋਈ ਸਰਕਾਰ ਦਾ ਹਿੱਸਾ ਹੈ ਤੇ ਉਸਦੀ ਡਰਾਮੇਬਾਜ਼ੀ ਉਸਨੁੰ ਪੰਜਾਬੀਆਂ ਨਾਲ ਧੋਖਾ ਕਰਨ ਦੇ ਦੋਸ਼ਾਂ ਤੋਂ ਬਚਾ ਨਹੀਂ ਸਕਦੀ ਕਿਉਂਕਿ ਉਸਨੇ ਪੰਜਾਬੀਆਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਨੇ ਸਿੱਧੂ ਵੱਲੋਂ 3 ਰੁਪਏ ਪ੍ਰਤੀ ਯੁਨਿਟ ਬਿਜਲੀ ਦਾ ਮਤਾ ਵਿਧਾਨ ਸਭਾ ਵਿਚ ਪਾਸ ਕਰਵਾਉਣ ਦੇ ਕੀਤੇ ਐਲਾਨ ਸਮੇਤ ਹੋਰ ਐਲਾਨਾਂ ਨੁੰ ਅਮਲੀ ਜਾਮਾ ਨਾ ਪਹਿਨਾਉਣ ਦੀ ਵੀ ਨਿਖੇਧੀ ਕੀਤੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।