ਕੰਪੇਨ ਕਮੇਟੀ ਦੀ ਬੈਠਕ ’ਚ ਸ਼ਾਮਲ ਹੋਏ ਸਿੱਧੂ, 2022 ਦੀਆਂ ਚੋਣਾਂ ਦੀ ਰਣਨੀਤੀ ’ਤੇ ਹੋਇਆ ਮੰਥਨ
Thursday, Dec 16, 2021 - 02:23 AM (IST)
ਚੰਡੀਗੜ੍ਹ(ਅਸ਼ਵਨੀ)- ਪੰਜਾਬ ਕਾਂਗਰਸ ਦੀ ਚੋਣ ਪ੍ਰਚਾਰ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਬੁੱਧਵਾਰ ਨੂੰ ਕੰਪੇਨ ਕਮੇਟੀ ਦੀ ਪਹਿਲੀ ਬੈਠਕ ਬੁਲਾਈ, ਜਿਸ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਹਾਜ਼ਰੀ ਲਗਵਾਈ। ਬੈਠਕ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਹਰੀਸ਼ ਚੌਧਰੀ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਵਿਧਾਇਕ ਰਮਿੰਦਰ ਆਂਵਲਾ, ਮੰਤਰੀ ਪਰਗਟ ਸਿੰਘ ਸਮੇਤ ਕਈ ਨੇਤਾਵਾਂ ਨੇ ਵੀ ਸ਼ਿਰਕਤ ਕੀਤੀ। ਬੈਠਕ ਦੌਰਾਨ 2022 ਦੀਆਂ ਵਿਧਾਨਸਭਾ ਚੋਣਾਂ ਦੀ ਰਣਨੀਤੀ ’ਤੇ ਮੰਥਨ ਕੀਤਾ ਗਿਆ।
ਹਾਲਾਂਕਿ ਕੁਝ ਮਸਲਿਆਂ ’ਤੇ ਮੱਤਭੇਦ ਵੀ ਖੁੱਲ੍ਹ ਕੇ ਸਾਹਮਣੇ ਆਏ। ਖਾਸ ਤੌਰ ’ਤੇ ਨਵਜੋਤ ਸਿੰਘ ਸਿੱਧੂ ਵਲੋਂ ਆਪਣੀ ਹੀ ਸਰਕਾਰ ਦੇ ਐਲਾਨਾਂ ’ਤੇ ਚੁੱਕੇ ਜਾ ਰਹੇ ਸਵਾਲਾਂ ਨੂੰ ਲੈ ਕੇ ਨੇਤਾਵਾਂ ਨੇ ਆਪਣੀ ਗੱਲ ਰੱਖੀ। ਇਸ ’ਤੇ ਸਾਰੇ ਨੇਤਾਵਾਂ ਨੇ ਕਿਹਾ ਕਿ ਪਾਰਟੀ ਨੂੰ ਇੱਕਜੁੱਟ ਹੋ ਕੇ ਚੋਣ ਪ੍ਰਚਾਰ ਵਿਚ ਉਤਰਨਾ ਚਾਹੀਦਾ ਹੈ। ਕਿਹਾ ਜਾ ਰਿਹਾ ਹੈ ਕਿ ਛੇਤੀ ਹੀ ਅਗਲੀ ਬੈਠਕ ਬੁਲਾਈ ਜਾਵੇਗੀ, ਜਿਸ ਵਿਚ ਅਗਲੀ ਰਣਨੀਤੀ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਬੈਠਕ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਵਾਨਾ ਹੋ ਗਏ ਪਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਦੇ ਨਾਲ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਵੱਖਰੇ ਤੌਰ ’ਤੇ ਬੰਦ ਕਮਰੇ ਵਿਚ ਬੈਠਕ ਹੋਈ।
ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਦੀ 'ਤਿਰੰਗਾ ਯਾਤਰਾ' ਨੂੰ ਲੈ ਕੇ ਜਲੰਧਰ ਪੁਲਸ ਚੌਕਸ, ਤਸਵੀਰਾਂ 'ਚ ਵੇਖੋ ਤਿਆਰੀਆਂ
ਬੈਠਕ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਹ ਬਹੁਤ ਮਹੱਤਵਪੂਰਣ ਬੈਠਕ ਰਹੀ। ਸੁਨੀਲ ਜਾਖੜ ਵਲੋਂ ਬੈਠਕ ਬੁਲਾਏ ਜਾਣ ’ਤੇ ਸਿੱਧੂ ਨੇ ਕਿਹਾ ਕਿ ਸੰਗਠਿਤ ਹੋਈ ਸ਼ਕਤੀ ਹੀ ਜਿੱਤ ਦਾ ਕਾਰਨ ਬਣਦੀ ਹੈ। ਸਿੱਧੂ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਪਿਤਾ ਦੀ ਬੁੱਕ ਰਿਲੀਜ਼ ਹੋਈ ਸੀ ਤਾਂ ਉਸ ਕਿਤਾਬ ਦੀ ਘੁੰਢ ਚੁਕਾਈ ਸੀਨੀਅਰ ਕਾਂਗਰਸੀ ਨੇਤਾ ਡਾ. ਬਲਰਾਮ ਜਾਖੜ ਨੇ ਕੀਤੀ ਸੀ। ਸਿੱਧੂ ਨੇ ਜਾਖੜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪ੍ਰਿਯੰਕਾ ਗਾਂਧੀ ਅਤੇ ਰਾਹੁਲ ਗਾਂਧੀ ਨੇ ਪ੍ਰਤਾਪ ਬਾਜਵਾ ਅਤੇ ਸੁਨੀਲ ਜਾਖੜ ਦੀ ਸ਼ਮੂਲੀਅਤ ਕਰਵਾ ਕੇ ਪੰਜਾਬ ਕਾਂਗਰਸ ਨੂੰ ਮਜ਼ਬੂਤ ਕੀਤਾ ਹੈ। ਉੱਧਰ, ਸਿੱਧੂ ਨੇ ਪੰਜਾਬ ਭਰ ਵਿਚ ਪ੍ਰਦਰਸ਼ਨ ਕਰ ਰਹੇ ਸੰਗਠਨਾਂ ’ਤੇ ਕਿਹਾ ਕਿ ਧਰਨਾ-ਪ੍ਰਦਰਸ਼ਨ ਕਰਨਾ ਲੋਕਤੰਤਰਿਕ ਅਧਿਕਾਰ ਹੈ। ਉਹ ਤਾਂ ਖੁਦ ਧਰਨੇ ਵਿਚ ਖੜ੍ਹੇ ਹੋ ਜਾਂਦੇ ਹਨ। ਸਰਕਾਰ ਦਾ ਦਰਜਾ ਮਾਂ-ਬਾਪ ਦਾ ਹੁੰਦਾ ਹੈ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਖੁਸ਼ ਰੱਖਣਾ ਚਾਹੀਦਾ ਹੈ।
ਉੱਥੇ ਹੀ, ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਸਿੱਧੂ ਨਾਲ ਮੱਤਭੇਦਾਂ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੇ ਕਿਸੇ ਨਾਲ ਕੋਈ ਮੱਤਭੇਦ ਨਹੀਂ ਹਨ। ਉਹ ਪਾਰਟੀ ਦੇ ਨਾਲ ਬੱਝੇ ਹੋਏ ਹਨ, ਕਿਸੇ ਵਿਅਕਤੀ ਵਿਸ਼ੇਸ਼ ਦੇ ਨਾਲ ਬੱਝੇ ਹੋਏ ਨਹੀਂ ਹਨ। ਹਰੀਸ਼ ਚੌਧਰੀ ਨੇ ਕਿਹਾ ਕਿ ਬੈਠਕ ਦੌਰਾਨ ਚੋਣ ਰਣਨੀਤੀ ’ਤੇ ਸਲਾਹ-ਮਸ਼ਵਰਾ ਕੀਤਾ ਗਿਆ ਹੈ। ਇਸ ਵਾਰ ਚੋਣਾਂ ਵਿਚ ਪੰਜਾਬ ਕਾਂਗਰਸ ਚੰਗਾ ਪ੍ਰਦਰਸ਼ਨ ਕਰੇਗੀ ਅਤੇ ਪਿਛਲੀ ਵਾਰ ਤੋਂ ਜ਼ਿਆਦਾ ਸੀਟਾਂ ’ਤੇ ਜਿੱਤ ਦਾ ਪਰਚਮ ਲਹਿਰਾਏਗੀ।
ਇਹ ਵੀ ਪੜ੍ਹੋ: ਪਨਬੱਸ ਤੇ PRTC ਦੀ ਹੜਤਾਲ ਖਤਮ, ਅੱਜ ਤੋਂ ਦੌੜਨਗੀਆਂ ਸੜਕਾਂ ’ਤੇ ਸਰਕਾਰੀ ਬੱਸਾਂ
ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਵਿਧਾਇਕ ਰਮਿੰਦਰ ਆਂਵਲਾ ਨੇ ਕਿਹਾ ਕਿ ਬੈਠਕ ਬਹੁਤ ਹੀ ਚੰਗੇ ਮਾਹੌਲ ਵਿਚ ਸੰਪੰਨ ਹੋਈ ਹੈ। ਸਾਰਿਆਂ ਦੀ ਇੱਕਜੁੱਟਤਾ 2022 ਦੀਆਂ ਚੋਣਾਂ ਵਿਚ ਜਿੱਤ ਯਕੀਨੀ ਕਰੇਗੀ। ਇਸ ਕੜੀ ਵਿਚ ਦੇਰ ਸ਼ਾਮ ਨਵਜੋਤ ਸਿੰਘ ਸਿੱਧੂ ਨੇ ਨਵ-ਨਿਯੁਕਤ ਜ਼ਿਲਾ ਪ੍ਰਧਾਨਾਂ ਨਾਲ ਬੈਠਕ ਕੀਤੀ ਅਤੇ 2022 ਦੀਆਂ ਚੋਣਾਂ ਵਿਚ ਡਟਕੇ ਕੰਮ ਕਰਨ ਲਈ ਕਿਹਾ।
ਵੀਰਵਾਰ ਨੂੰ ਚੋਣ ਕਮੇਟੀ ਦੀ ਬੈਠਕ ਕਰਨਗੇ ਸਿੱਧੂ
ਸੁਨੀਲ ਜਾਖੜ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਵੀਰਵਾਰ ਨੂੰ ਚੋਣ ਕਮੇਟੀ ਦੀ ਬੈਠਕ ਬੁਲਾ ਲਈ ਹੈ। ਇਹ ਬੈਠਕ ਪੰਜਾਬ ਕਾਂਗਰਸ ਭਵਨ ਵਿਚ 5 ਵਜੇ ਹੋਵੇਗੀ। ਸਿੱਧੂ ਨੇ ਟਵੀਟ ਕਰ ਕੇ ਇਸ ਬੈਠਕ ਵਿਚ ਕਮੇਟੀ ਦੇ ਸਾਰੇ ਚੁਣੇ ਮੈਂਬਰਾਂ ਨੂੰ ਸ਼ਾਮਲ ਹੋਣ ਦੀ ਬੇਨਤੀ ਕੀਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ