''ਨਵਾਂ ਪਾਕਿਸਤਾਨ'' ਪੁਰਾਣਾ ਰਵੱਈਆ : ਸ਼ਵੇਤ ਮਲਿਕ

Saturday, Mar 16, 2019 - 10:50 AM (IST)

''ਨਵਾਂ ਪਾਕਿਸਤਾਨ'' ਪੁਰਾਣਾ ਰਵੱਈਆ : ਸ਼ਵੇਤ ਮਲਿਕ

ਜਲੰਧਰ (ਵਿਸ਼ੇਸ਼)— ਪੰਜਾਬ ਭਾਜਪਾ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪਾਕਿਸਤਾਨ ਨੇ ਇਕ ਵਾਰ ਫਿਰ ਝੂਠੇ ਵਾਅਦੇ, ਵੱਡੀਆਂ-ਵੱਡੀਆਂ ਗੱਲਾਂ ਕਰਨ ਅਤੇ ਜ਼ਮੀਨੀ ਪੱਧਰ 'ਤੇ ਕੁਝ ਵੀ ਨਾ ਕਰਨ ਦੀ ਆਪਣੀ ਪੁਰਾਣੀ ਫਿਤਰਤ ਦਾ ਸਬੂਤ ਦਿੱਤਾ ਹੈ। ਅੰਤਰਰਾਸ਼ਟਰੀ ਭਾਈਚਾਰੇ ਨੂੰ ਦਿੱਤੇ ਗਏ ਭਰੋਸਿਆਂ ਦੇ ਬਾਵਜੂਦ ਕਥਿਤ ਤੌਰ 'ਤੇ 'ਨਵਾਂ ਪਾਕਿਸਤਾਨ' ਆਪਣੀ ਜ਼ਮੀਨ 'ਤੇ ਅੱਤਵਾਦੀ ਢਾਂਚੇ ਅਤੇ ਅੱਤਵਾਦੀਆਂ ਖਿਲਾਫ ਕਾਰਵਾਈ ਕਰਨ 'ਚ ਅਸਫਲ ਰਿਹਾ ਹੈ।

ਇਸੇ ਤਰ੍ਹਾਂ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਮਾਮਲੇ 'ਚ ਪਾਕਿਸਤਾਨ ਦਾ ਦੋਹਰਾ ਚਰਿੱਤਰ ਸਾਹਮਣੇ ਆਇਆ ਹੈ। ਪਾਕਿਸਤਾਨ ਦੀ ਸਰਕਾਰ ਅਤੇ ਪਾਕਿਸਤਾਨੀ ਮੀਡੀਆ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਦਾ ਬਹੁਤ ਪ੍ਰਚਾਰ ਕੀਤਾ ਗਿਆ ਪਰ 14 ਮਾਰਚ ਨੂੰ ਅਟਾਰੀ 'ਚ ਹੋਈ ਪਹਿਲੀ ਬੈਠਕ 'ਚ ਉਸ ਦੇ ਪ੍ਰਸਤਾਵ ਤੋਂ ਇਹ 'ਉੱਚੀ ਦੁਕਾਨ ਫਿੱਕਾ ਪਕਵਾਨ' ਵਾਲਾ ਮਾਮਲਾ ਸਾਬਤ ਹੋ ਰਿਹਾ ਹੈ। ਪਾਕਿਸਤਾਨ ਦੇ ਅਧਿਕਾਰੀਆਂ ਅਤੇ ਪੀ. ਐੱਮ. ਇਮਰਾਨ ਖਾਨ ਵੱਲੋਂ ਕੀਤੇ ਗਏ ਐਲਾਨਾਂ ਅਤੇ ਉਨ੍ਹਾਂ ਵੱਲੋਂ ਕੀਤੀ ਗਈ ਪੇਸ਼ਕਸ਼ 'ਚ ਕਾਫੀ ਅੰਤਰ ਹੈ। ਭਾਰਤ ਅਤੇ ਪਾਕਿਸਤਾਨ ਦੇ ਪ੍ਰਤੀਨਿਧੀ ਮੰਡਲਾਂ ਦੀ ਪਹਿਲੀ ਬੈਠਕ ਅਟਾਰੀ ਸਥਿਤ ਬੀ. ਐੱਸ. ਐੱਫ. ਦੀ ਜੁਆਇੰਟ ਚੈੱਕ ਪੋਸਟ 'ਤੇ 14 ਮਾਰਚ ਨੂੰ ਸਵੇਰੇ 10.30 ਵਜੇ ਹੋਈ, ਜਿਸ ਦਾ ਮਕਸਦ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਤੱਕ ਭਾਰਤੀ ਸ਼ਰਧਾਲੂਆਂ ਦੀ ਪਹੁੰਚ ਨੂੰ ਸੁਖਾਲਾ ਬਣਾਉਣ ਲਈ ਦੋਵਾਂ ਦੇਸ਼ਾਂ 'ਚ ਡਰਾਫਟ ਐਗਰੀਮੈਂਟ ਨੂੰ ਅੰਤਿਮ ਰੂਪ ਦੇਣਾ ਸੀ।

ਭਾਰਤ ਨੇ ਜਿੱਥੇ ਇਕ ਸ਼ਾਨਦਾਰ ਯਾਤਰੀ ਟਰਮੀਨਲ ਭਵਨ ਨੂੰ ਮਨਜ਼ੂਰੀ ਦਿੱਤੀ ਹੈ, ਜਿਸ 'ਚ ਸਾਰੀਆਂ ਅਤਿ ਆਧੁਨਿਕ ਸਹੂਲਤਾਂ ਦੇ ਨਾਲ-ਨਾਲ ਰੋਜ਼ਾਨਾ 5000 ਅਤੇ ਵਿਸ਼ੇਸ਼ ਮੌਕਿਆਂ 'ਤੇ 15000 ਯਾਤਰੀਆਂ ਲਈ ਵਿਵਸਥਾ ਹੋਵੇਗੀ, ਉੱਥੇ ਹੀ ਪਾਕਿਸਤਾਨ ਨੇ ਇਹ ਹੱਦ ਸਿਰਫ 500 ਯਾਤਰੀ ਪ੍ਰਤੀ ਦਿਨ ਰੱਖੀ ਹੈ। ਇਸ ਤੋਂ ਇਲਾਵਾ ਗੁਰਦੁਆਰਾ ਕਰਤਾਰਪੁਰ ਸਾਹਿਬ ਪਾਕਿਸਤਾਨ ਲਈ ਵੀਜ਼ਾ ਫ੍ਰੀ ਯਾਤਰਾ ਦਾ ਭਰੋਸਾ ਦਿਵਾਉਣ ਤੋਂ ਬਾਅਦ ਹੁਣ ਪਾਕਿਸਤਾਨ ਦਾ ਕਹਿਣਾ ਹੈ ਕਿ ਇਸ ਯਾਤਰਾ ਲਈ ਵਿਸ਼ੇਸ਼ ਪਰਮਿਟ ਦੀ ਲੋੜ ਹੋਵੇਗੀ। ਪਹਿਲਾਂ ਇਸ ਮਾਮਲੇ 'ਚ ਪ੍ਰਚਾਰ ਕਰਕੇ ਵਾਹ-ਵਾਹੀ ਲੁੱਟਣ ਤੋਂ ਬਾਅਦ ਪਾਕਿਸਤਾਨ ਨੇ ਪ੍ਰਸਤਾਵਿਤ ਕਾਰੀਡੋਰ ਸਹੂਲਤ 'ਤੇ ਕਈ ਰੋਕਾਂ ਲਾ ਦਿੱਤੀਆਂ ਹਨ, ਜਿਨ੍ਹਾਂ 'ਚ 500 ਯਾਤਰੀ ਰੋਜ਼ਾਨਾ ਤੋਂ ਇਲਾਵਾ ਸਿਰਫ ਸਿੱਖ ਯਾਤਰੀਆਂ ਲਈ ਸਹੂਲਤ, ਸ਼ਰਧਾਲੂਆਂ ਨੂੰ ਪੈਦਲ ਯਾਤਰਾ ਦੀ ਇਜਾਜ਼ਤ ਨਾ ਦੇਣਾ, ਘੱਟ ਤੋਂ ਘੱਟ 15 ਲੋਕਾਂ ਦੇ ਇਕੱਠ ਵਜੋਂ ਯਾਤਰਾ ਅਤੇ ਵਿਸ਼ੇਸ਼ ਪਰਮਿਟ ਜਾਰੀ ਕਰਨ ਵਰਗੇ ਪ੍ਰਸਤਾਵ ਸ਼ਾਮਲ ਹਨ। ਪਾਕਿਸਤਾਨ ਨੇ ਇਸ ਗੱਲ ਨੂੰ ਨਜ਼ਰ-ਅੰਦਾਜ਼ ਕੀਤਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲੇ ਪੂਰੀ ਦੁਨੀਆ 'ਚ ਰਹਿੰਦੇ ਹਨ। ਇਸ ਤੋਂ ਇਲਾਵਾ ਇਸ ਜਾਣਕਾਰੀ ਨੇ ਵੀ ਭਾਰਤ ਨੂੰ ਠੇਸ ਪਹੁੰਚਾਈ ਕਿ ਪਾਕਿਸਤਾਨ ਨੇ ਗੁਰਦੁਆਰਾ ਸਾਹਿਬ ਦੀਆਂ ਜ਼ਮੀਨਾਂ ਨੂੰ ਐਕਵਾਇਰ ਕਰਨ ਦੀ ਖੁੱਲ੍ਹੀ ਛੋਟ ਦਿੱਤੀ ਹੋਈ ਹੈ, ਜੋ ਗੁਰਦੁਆਰਾ ਸਾਹਿਬ ਨੂੰ ਮਹਾਰਾਜਾ ਰਣਜੀਤ ਸਿੰਘ ਵੱਲੋਂ ਦਾਨ ਦਿੱਤੀ ਗਈ ਸੀ।


author

shivani attri

Content Editor

Related News