ਮਲਿਕ ਨੇ ਕੈਪਟਨ ਸਰਕਾਰ ਨੂੰ ਸੰਸਦ ''ਚ ਘੇਰਿਆ

Friday, Aug 02, 2019 - 01:45 PM (IST)

ਮਲਿਕ ਨੇ ਕੈਪਟਨ ਸਰਕਾਰ ਨੂੰ ਸੰਸਦ ''ਚ ਘੇਰਿਆ

ਚੰਡੀਗੜ੍ਹ (ਸ਼ਰਮਾ) : ਵੀਰਵਾਰ ਨੂੰ ਸੰਸਦ ਦੇ ਸਿਫ਼ਰ ਕਾਲ ਦੌਰਾਨ ਸੰਸਦ ਮੈਂਬਰ ਅਤੇ ਪੰਜਾਬ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਪੰਜਾਬ 'ਚ ਸਮਾਰਟ ਸਿਟੀ ਪ੍ਰੋਜੈਕਟ ਲਈ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਦੇ ਵਿਕਾਸ ਲਈ ਮੋਦੀ ਸਰਕਾਰ ਤੋਂ ਮਿਲੇ 1500 ਕਰੋੜ ਖਰਚ ਕਰਨ 'ਚ ਅਸਫਲ ਰਹਿਣ 'ਤੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਸੰਸਦ 'ਚ ਘੇਰਿਆ। ਮਲਿਕ ਨੇ ਕਿਹਾ ਕਿ ਜਦੋਂ ਤੋਂ ਕੈਪਟਨ ਸਰਕਾਰ ਬਣੀ ਹੈ ਪੰਜਾਬ ਦੇ ਵਿਕਾਸ ਅਤੇ ਕੇਂਦਰ ਵੱਲੋਂ ਦਿੱਤੀ ਗਈ ਬੁਢਾਪਾ ਪੈਨਸ਼ਨ, ਵਿਧਵਾ ਪੈਨਸ਼ਨ, ਸ਼ਗਨ ਸਕੀਮ, ਆਟਾ ਦਾਲ ਸਕੀਮ, ਮੁਫਤ ਧਾਰਮਿਕ ਯਾਤਰਾ, ਰੋਜ਼ਗਾਰ ਵਰਗੀਆਂ ਯੋਜਨਾਵਾਂ 'ਤੇ ਗ੍ਰਹਿਣ ਲੱਗ ਗਿਆ ਹੈ। ਮਲਿਕ ਨੇ ਮੋਦੀ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਦੇਸ਼ 'ਚ ਬਣਨ ਵਾਲੀ 100 ਸਮਾਰਟ ਸਿਟੀ ਦੀ ਸੂਚੀ 'ਚ ਪੰਜਾਬ ਦੇ ਪ੍ਰਮੁੱਖ ਸ਼ਹਿਰ ਸਿੱਖਾਂ ਦਾ ਮੱਕਾ ਅਤੇ ਗੁਰੂਆਂ ਦੀ ਨਗਰੀ ਅੰਮ੍ਰਿਤਸਰ, ਸਪੋਰਟਸ ਨਾਬ ਜਲੰਧਰ, ਸੰਸਾਰ ਪ੍ਰਸਿੱਧ ਹਾਜ਼ਰੀ ਨਗਰੀ ਲੁਧਿਆਣਾ ਨੂੰ ਸ਼ਾਮਲ ਕੀਤਾ ਹੈ। ਇਨ੍ਹਾਂ ਸ਼ਹਿਰਾਂ ਦੇ ਵਿਕਾਸ ਨੂੰ ਖੰਭ ਲਾਉਣ ਲਈ 1500 ਕਰੋੜ ਦੀ ਰਾਸ਼ੀ ਜਾਰੀ ਕੀਤੀ ਪਰ ਰਾਜ ਦੀ ਕੈਪਟਨ ਸਰਕਾਰ ਉਕਤ ਰਾਸ਼ੀ ਦੀ ਵਰਤੋਂ ਕਰਕੇ ਇਨ੍ਹਾਂ ਸ਼ਹਿਰਾਂ ਦਾ ਵਿਕਾਸ ਕਰਵਾਉਣ 'ਚ ਅਸਫਲ ਰਹੀ। ਮਲਿਕ ਨੇ ਕਿਹਾ ਕਿ ਵਾਰ-ਵਾਰ ਖਜ਼ਾਨਾ ਖਾਲੀ ਹੋਣ ਦੀ ਦੁਹਾਈ ਦੇਣ ਵਾਲੀ ਕੈਪਟਨ ਸਰਕਾਰ ਦੱਸੇ ਕੇਂਦਰ ਸਰਕਾਰ ਵੱਲੋਂ 3 ਸਾਲ ਪਹਿਲਾਂ ਮਿਲੇ 1500 ਕਰੋੜ ਰੁਪਏ ਕਿੱਥੇ ਗਏ। ਉਨ੍ਹਾਂ ਦੱਸਿਆ ਕਿ ਸਮਾਰਟ ਸਿਟੀਜ਼ ਪ੍ਰੋਜੈਕਟ ਮੋਦੀ ਸਰਕਾਰ ਵੱਲੋਂ ਸ਼ਹਿਰ ਵਾਸੀਆਂ ਦੇ ਜੀਵਨ ਨੂੰ ਸਰਵ ਸੁਵਿਧਾ ਸੰਪੰਨ ਬਣਾਉਣ ਲਈ ਲਾਗੂ ਕੀਤਾ ਗਿਆ ਤਾਂ ਕਿ ਉਨ੍ਹਾਂ ਨੂੰ ਮੁੱਢਲੀਆਂ ਸੁਵਿਧਾਵਾਂ ਉਨ੍ਹਾਂ ਦੇ ਦਰਵਾਜ਼ੇ ਤੱਕ ਹੀ ਉਪਲੱਬਧ ਕਰਵਾਈਆਂ ਜਾ ਸਕਣ ਪਰ ਇਸ 'ਚ ਕੈਪਟਨ ਸਰਕਾਰ ਫੇਲ ਹੋਈ। ਮਲਿਕ ਨੇ ਕਿਹਾ ਕਿ ਸਿੱਧੂ 'ਤੇ ਦੋਸ਼ ਲਾਉਂਦੇ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਮੰਨਿਆ ਕਿ ਪਿਛਲੇ 3 ਸਾਲ 'ਚ ਕਾਂਗਰਸ ਸਰਕਾਰ ਪੰਜਾਬ ਦੇ ਸ਼ਹਿਰੀ ਵਿਕਾਸ 'ਚ ਫੇਲ ਹੋਈ ਹੈ।

ਮਲਿਕ ਨੇ ਸੰਸਦ 'ਚ ਕੇਂਦਰ ਸਰਕਾਰ ਵੱਲੋਂ ਪੰਜਾਬੀਆਂ ਦੇ ਹੱਕ 'ਚ ਜ਼ੋਰਦਾਰ ਆਵਾਜ਼ ਚੁੱਕ ਦੇ ਕਿਹਾ ਕਿ ਦਿੱਲੀ ਤੋਂ ਸ਼ਹਿਰੀ ਵਿਕਾਸ ਮੰਤਰਾਲਾ ਵੱਲੋਂ ਇਕ ਉੱਚ ਪੱਧਰੀ ਸੰਸਦ ਮੈਂਬਰਾਂ ਅਤੇ ਅਧਿਕਾਰੀਆਂ ਦੀ ਕਮੇਟੀ ਇਸ ਸਮਾਰਟ ਸਿਟੀ ਪ੍ਰਾਜੈਕਟ ਲਈ ਕੇਂਦਰ ਸਰਕਾਰ ਤੋਂ ਮਿਲੇ 1500 ਕਰੋੜ ਡਕਾਰਨ ਲਈ ਪੰਜਾਬ ਸਰਕਾਰ ਖਿਲਾਫ ਜਾਂਚ ਕਰੇ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਦੇ ਭਵਿੱਖ 'ਤੇ ਜਿੰਦਰਾ ਲਾ ਕੇ ਬੈਠ ਗਈ ਹੈ ਅਤੇ ਭਾਜਪਾ ਕਰਮਚਾਰੀ ਜਨਤਾ ਦੀ ਲੜਾਈ ਸੜਕਾਂ 'ਤੇ ਉਤਰ ਕੇ ਤਦ ਤੱਕ ਲੜਨਗੇ ਜਦੋਂ ਤੱਕ ਇਸ ਲੋਕ ਵਿਰੋਧੀ ਕੈਪਟਨ ਸਰਕਾਰ ਤੋਂ ਛੁਟਕਾਰਾ ਨਾ ਮਿਲ ਜਾਵੇ।

 


author

Anuradha

Content Editor

Related News