ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਜ਼ਹਿਰੀਲੀ ਸ਼ਰਾਬ ਮਾਮਲੇ ਦੀ ਜਾਂਚ ਹਾਈਕੋਰਟ ਤੋਂ ਕਰਵਾਉਣ ਦੀ ਮੰਗ
Monday, Aug 03, 2020 - 02:04 PM (IST)

ਮੋਹਾਲੀ (ਪਰਦੀਪ) : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਇਸ ਵੱਡੇ ਨਕਲੀ ਸ਼ਰਾਬ ਘਪਲੇ ਦੀ ਜਾਚ ਹਾਈਕੋਰਟ ਦੇ ਮੌਜੂਦਾ ਪੈਨਲ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਪਾਰਟੀ ਦੇ ਸਬ-ਦਫ਼ਤਰ ਤੋਂ ਪਾਰਟੀ ਪ੍ਰਧਾਨ ਜੱਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਪ੍ਰੈੱਸ ਬਿਆਨ 'ਚ ਮੁੱਖ ਬੁਲਾਰੇ ਅਤੇ ਜਨਰਲ ਸਕੱਤਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਮਾਝੇ ਦੇ ਜ਼ਿਲ੍ਹਾ ਅੰਮ੍ਰਿਤਸਰ ਅਤੇ ਗੁਰਦਾਸਪੁਰ ਤੋਂ ਪਹਿਲਾਂ ਵੀ ਅਜਿਹੀਆਂ ਖ਼ਬਰਾਂ ਆ ਚੁੱਕੀਆਂ ਹਨ, ਜਿੱਥੇ ਕਈ ਪਿੰਡਾਂ 'ਚ ਜਨਾਨੀਆਂ ਅਤੇ ਮਰਦ ਸ਼ਰਾਬ ਮਾਫ਼ੀਏ ਵਜੋਂ ਸ਼ਰਾਬ ਦੀਆਂ ਭੱਠੀਆਂ ਲਾ ਕੇ ਸਿਆਸੀ ਦਬਾਅ ਹੇਠ ਸਥਾਨਕ ਪੁਲਸ ਦੀ ਮਿਲੀ-ਭੁਗਤ ਨਾਲ ਸ਼ਰਾਬ ਦਾ ਧੰਦਾ ਕਰ ਰਹੇ ਹਨ ।
ਬ੍ਰਹਮਪੁਰਾ ਨੇ ਕਿਹਾ ਕਿ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਅਤੇ ਤਰਨਤਾਰਨ ਵਿਖੇ ਨਕਲੀ ਸ਼ਰਾਬ ਕਾਰਣ ਹੋਈਆਂ ਮੌਤਾਂ ਦੀ ਮੈਜਿਸਟ੍ਰੇਟ ਜਾਂਚ ਕਰਨ ਦੇ ਹੁਕਮ ਦਿੱਤੇ ਹਨ, ਜਲੰਧਰ ਡਵੀਜ਼ਨ ਦੇ ਕਮਿਸ਼ਨਰ ਇਸ ਦੀ ਜਾਂਚ ਕਰਨਗੇ ਅਤੇ ਸਬੰਧਤ ਐੱਸ. ਐੱਸ. ਪੀ. ਅਤੇ ਹੋਰ ਅਧਿਕਾਰੀਆਂ ਨਾਲ ਤਾਲਮੇਲ ਕਰਨਗੇ। ਇਸ ਮਸਲੇ 'ਚ ਜਿਹੜਾ ਵੀ ਦੋਸ਼ੀ ਪਾਇਆ ਗਿਆ, ਉਹ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਉਸ ’ਤੇ ਕਾਰਵਾਈ ਕੀਤੀ ਜਾਵੇਗੀ, ਵਰਗੇ ਐਲਾਨ ਕਰ ਦਿੱਤੇ ਹਨ ਪਰ ਜਿਹੜੇ ਪਰਿਵਾਰਾਂ ਦੇ ਮੈਂਬਰ ਇਹ ਜ਼ਹਿਰੀਲੀ ਸ਼ਰਾਬ ਪੀ ਕੇ ਮਰੇ ਹਨ, ਉਨ੍ਹਾਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ ਘੱਟੋ-ਘੱਟ 5-5 ਲੱਖ ਰੁਪਏ ਦਾ ਮੁਆਵਜ਼ਾ ਤੁਰੰਤ ਦੇਣਾ ਚਾਹੀਦਾ ਹੈ।