ਬਾਬਾ ਸੋਢਲ ਮੇਲੇ ਸਬੰਧੀ ਟ੍ਰੈਫਿਕ ਪੁਲਸ ਨੇ ਜਾਰੀ ਕੀਤਾ ਰੂਟ ਪਲਾਨ
Wednesday, Sep 11, 2019 - 10:23 AM (IST)
ਜਲੰਧਰ (ਵਰੁਣ)— ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਸਬੰਧੀ ਟ੍ਰੈਫਿਕ ਪੁਲਸ ਨੇ ਮੰਗਲਵਾਰ ਨੂੰ ਰੂਟ ਪਲਾਨ ਜਾਰੀ ਕਰ ਦਿੱਤਾ ਹੈ। ਇਸ ਰੂਟ ਪਲਾਨ 'ਚ ਟ੍ਰੈਫਿਕ ਪੁਲਸ ਨੇ 12 ਜਗ੍ਹਾ 'ਤੇ ਰੋਡ ਡਾਇਵਰਟ ਕੀਤੇ ਹਨ, ਜਦਕਿ ਸ਼ਰਧਾਲੂਆਂ ਲਈ 6 ਜਗ੍ਹਾ 'ਤੇ ਪਾਰਕਿੰਗ ਦੀ ਵਿਵਸਥਾ ਵੀ ਕੀਤੀ ਹੈ। ਸੀ. ਪੀ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 11 ਸਤੰਬਰ ਤੋਂ ਲੈ ਕੇ 13 ਸਤੰਬਰ ਤਕ ਦੋਆਬਾ ਚੌਕ, ਕਿਸ਼ਨਪੁਰਾ ਚੌਕ, ਟਾਂਡਾ ਚੌਕ, ਅੱਡਾ ਹੁਸ਼ਿਆਰਪੁਰ, ਚੰਦਨ ਨਗਰ ਰੇਲਵੇ ਕ੍ਰਾਸਿੰਗ, ਪਟੇਲ ਚੌਕ, ਰਾਮ ਨਗਰ ਫਾਟਕ, ਗਾਜੀ ਗੁੱਲਾ ਚੌਕ ਅਤੇ ਪਠਾਨਕੋਟ ਆਦਿ ਤੋਂ ਸਾਰਾ ਟ੍ਰੈਫਿਕ ਡਾਇਵਰਟ ਕੀਤਾ ਗਿਆ। ਇਨ੍ਹਾਂ ਪੁਆਇੰਟਾਂ ਤੋਂ ਕੋਈ ਵੀ ਵਾਹਨ ਬਾਬਾ ਸੋਢਲ ਮੰਦਰ ਵੱਲ ਨਹੀਂ ਜਾ ਸਕਦਾ। ਇਸ ਤੋਂ ਇਲਾਵਾ ਮੰਦਰ ਦੇ ਬਿਲਕੁਲ ਸਾਹਮਣੇ ਵੀ. ਆਈ. ਪੀ. ਪਾਰਕਿੰਗ ਵੀ ਬਣਾਈ ਗਈ ਹੈ।
ਇਸ ਮੌਕੇ ਸੀ. ਪੀ. ਨੇ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ 11 ਤੋਂ ਲੈ ਕੇ 13 ਸਤੰਬਰ ਤਕ ਸੋਢਲ ਮੰਦਰ ਦੇ ਆਸ-ਪਾਸ ਨਾਲ ਲੱਗਦੇ ਚੌਰਾਹਿਆਂ ਅਤੇ ਲਿੰਕ ਰੋਡ ਦੀ ਵਰਤੋਂ ਨਾ ਕਰਦੇ ਹੋਏ ਮੇਨ ਰਸਤਿਆਂ ਦੀ ਵਰਤੋਂ ਕਰਨ ਤਾਂ ਕਿ ਟ੍ਰੈਫਿਕ ਜਾਮ ਦੀ ਸਮੱਸਿਆ ਪੈਦਾ ਨਾ ਹੋ ਸਕੇ। ਇਸ ਤੋਂ ਇਲਾਵਾ ਜ਼ਿਆਦਾ ਜਾਣਕਾਰੀ ਲਈ ਪੁਲਸ ਦੇ ਹੈਲਪ ਲਾਈਨ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ।