'ਇਸ ਪਿੰਡ 'ਚ ਜੇਕਰ ਕੋਈ ਚਿੱਟਾ ਵੇਚਣ ਆਇਆ ਤਾਂ ਉਸ ਦੀ ਖੈਰ ਨਹੀਂ' (ਵੀਡੀਓ)
Thursday, Aug 01, 2019 - 02:48 PM (IST)
ਸ੍ਰੀ ਮੁਕਤਸਰ ਸਾਹਿਬ (ਬਿਊਰੋ) - ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਲੀ ਦੇ ਲੋਕਾਂ ਵਲੋਂ ਨਸ਼ੇ ਦੇ ਖਾਤਮੇ ਨੂੰ ਲੈ ਕੇ ਕਈ ਯੋਗ ਉਪਰਾਲੇ ਕੀਤੇ ਜਾ ਰਹੇ ਹਨ। ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਚਿੱਟੇ ਦੇ ਖਿਲਾਫ ਦਿਨ ਦੇ ਨਾਲ-ਨਾਲ ਰਾਤ ਨੂੰ ਵੀ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਹੈ ਤਾਂਕਿ ਨਸ਼ਾ ਤਸਕਰਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਫੇਲ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਕਾਬੂ ਕੀਤਾ ਜਾਵੇ। ਜਾਣਕਾਰੀ ਅਨੁਸਾਰ ਪਿੰਡ ਵਲੋਂ ਬਣਾਈ ਗਈ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਨੇ ਪਿੰਡ ਦੇ ਮੌਜੂਦਾ ਅਤੇ ਸਾਬਕਾ ਸਰਪੰਚ, ਕੱਲਬ ਦੇ ਪ੍ਰਧਾਨ ਨਾਲ ਮਿਲ ਕੇ ਨਸ਼ੇ ਦੇ ਖਿਲਾਫ ਆਵਾਜ਼ ਚੁੱਕੀ ਹੈ। ਉਨ੍ਹਾਂ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਨੂੰ ਖਾਸ ਕਰਕੇ ਆਪਣੇ ਨਾਲ ਸ਼ਾਮਲ ਕੀਤਾ ਹੈ ਤਾਂਕਿ ਉਨ੍ਹਾਂ ਨੂੰ ਨਸ਼ੇ ਤੋਂ ਦੂਰ ਰੱਖਿਆ ਜਾਵੇਗਾ। ਇਸ ਨਾਲ ਕਈ ਘਰਾਂ ਦੇ ਚਿਰਾਗ ਬੁੱਝਣ ਤੋਂ ਬਚ ਜਾਣਗੇ।
ਰਾਤ ਦੇ ਸਮੇਂ ਪਿੰਡ 'ਚ ਪਹਿਰਾ ਦੇ ਰਹੇ ਲੋਕ ਫੇਸਬੁੱਕ 'ਤੇ ਲਾਈਵ ਹੋ ਕੇ ਕਹਿ ਰਹੇ ਹਨ ਕਿ ਉਹ ਨਸ਼ੇ ਨੂੰ ਪਿੰਡ 'ਚ ਦਾਖਲ ਨਹੀਂ ਹੋਣ ਦੇਣਗੇ। ਉਨ੍ਹਾਂ ਆਪਣੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਵੀ ਸੁਨੇਹਾ ਦਿੱਤਾ ਕਿ ਉਹ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਦਿਨ ਦੇ ਸਮੇਂ ਤਾਂ ਪਹਿਰਾ ਦੇ ਹੀ ਰਹੇ ਹਨ, ਇਸ ਦੇ ਨਾਲ-ਨਾਲ ਉਹ ਰਾਤ ਨੂੰ ਵੀ ਪਹਿਰਾ ਦੇਣ, ਕਿਉਂਕਿ ਅਜਿਹਾ ਕਰਨ ਨਾਲ ਨਸ਼ੇ ਦੀ ਵਿਕਰੀ 'ਤੇ ਵੀ ਰੋਕ ਲੱਗ ਸਕਦੀ ਹੈ।