ਰਹੂੜਿਆਂਵਾਲੀ ਦੇ ਲੋਕਾਂ ਨੇ ਸੋਮਾ ਕੰਪਨੀ ਦੇ ਗੋਦਾਮਾਂ ਅੱਗੇ ਦਿੱਤਾ ਧਰਨਾ

07/24/2019 11:46:50 AM

ਸ੍ਰੀ ਮੁਕਤਸਰ ਸਾਹਿਬ (ਸੰਧਿਆ, ਤਰਸੇਮ ਢੁੱਡੀ, ਸੁਖਪਾਲ) - ਪਿਛਲੇ ਪੰਜ ਸਾਲਾਂ ਤੋਂ ਸੁਸਰੀ ਦੀ ਮਾਰ ਝੱਲ ਰਹੇ ਪਿੰਡ ਰਹੂੜਿਆਂਵਾਲੀ ਦੇ ਸੈਂਕੜੇ ਮਰਦਾਂ ਅਤੇ ਔਰਤਾਂ ਨੇ ਮੁੱਖ ਸੜਕ 'ਤੇ ਬਣੇ ਸੋਮਾ ਕੰਪਨੀ ਦੇ ਸਟੋਰਾਂ ਨੂੰ ਘੇਰਾ ਪਾ ਲਿਆ। ਇਸ ਦੌਰਾਨ ਉਨ੍ਹਾਂ ਗੇਟ ਅੱਗੇ ਬੈਠ ਰੋਸ ਪ੍ਰਦਰਸ਼ਨ ਕਰਦਿਆਂ ਕੰਪਨੀ ਦੇ ਪ੍ਰਬੰਧਕਾਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ, ਜਦੋਂ ਭੜਕੇ ਹੋਏ ਲੋਕ ਸਟੋਰਾਂ ਦੇ ਮੁੱਖ ਗੇਟ ਅੰਦਰ ਚਲੇ ਗਏ ਅਤੇ ਦਫਤਰ ਦੇ ਸ਼ੀਸ਼ੇ ਤੋੜ ਦਿੱਤੇ। ਲੋਕਾਂ ਦੀ ਇਸ ਹਰਕਤ ਕਾਰਨ ਉਥੇ ਪਏ ਕੰਪਿਊਟਰਾਂ ਅਤੇ ਹੋਰ ਸਾਮਾਨ ਦਾ ਕਾਫੀ ਨੁਕਸਾਨ ਹੋ ਗਿਆ। ਥਾਮਾ ਸਦਰ ਦੇ ਮੁਖੀ ਗੁਰਵਿੰਦਰ ਸਿੰਘ ਭਾਰੀ ਪੁਲਸ ਫੋਰਸ ਲੈ ਕੇ ਮੌਕੇ 'ਤੇ ਪਹੁੰਚ ਗਏ ਪਰ ਧਰਨਾਕਾਰੀ ਸ਼ਾਂਤ ਹੋਣ ਦਾ ਨਾਂ ਹੀ ਨਹੀਂ ਸੀ ਲੈ ਰਹੇ। 

ਲੋਕਾਂ ਦੇ ਸ਼ਾਂਤ ਨਾ ਹੋਣ 'ਤੇ ਕਮਾਂਡੋ ਦਸਤੇ ਬੁਲਾਏ ਗਏ ਅਤੇ ਪਾਣੀ ਦੀਆਂ ਬੌਛਾੜਾਂ ਮਾਰਨ ਲਈ ਬੱਸ ਵੀ ਮੰਗਵਾਈ। ਪਿੰਡ ਦੇ ਸਰਪੰਚ ਮਨਮੋਹਨ ਸਿੰਘ, ਕੇਵਲ ਸਿੰਘ, ਪਰਮਜੀਤ ਸਿੰਘ, ਇਕਬਾਲ ਸਿੰਘ ਆਦਿ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਤੋਂ ਸੁਸਰੀ ਨੇ ਸਾਡੇ ਪਿੰਡ ਦੇ ਲੋਕਾਂ ਨੂੰ ਤੰਗ ਕਰਕੇ ਰੱਖਿਆ ਹੋਇਆ ਹੈ। ਕੰਪਨੀ ਵਾਲੇ ਸੁਸਰੀ ਨੂੰ ਮਾਰਨ ਲਈ ਕੋਈ ਸਪਰੇਏ ਨਹੀਂ ਕਰ ਰਹੇ ਅਤੇ ਹਮੇਸ਼ਾ ਵਾਂਗ ਲਾਰੇ ਲਗਾ ਰਹੇ ਹਨ। ਸੁਸਰੀ ਤੋਂ ਪਰੇਸ਼ਾਨ ਉਨ੍ਹਾਂ ਨੇ ਹੁਣ ਛੇਵੀਂ ਵਾਰ ਧਰਨਾ ਲਗਾ ਰਹੇ ਹਨ। ਇਸ ਦੌਰਾਨ ਕੰਪਨੀ ਵਾਲਿਆਂ ਦਾ ਕੋਈ ਅਧਿਕਾਰੀ ਮੌਕੇ 'ਤੇ ਮੌਜੂਦ ਨਹੀਂ ਸੀ ਅਤੇ ਨਾ ਹੀ ਉਹ ਫੋਨ ਚੁੱਕ ਰਹੇ ਸਨ। ਉਧਰ ਪਿੰਡ ਵਾਲੇ ਇਸ ਗੱਲ 'ਤੇ ਅੜੇ ਹੋਏ ਸਨ ਕਿ ਕੰਪਨੀ ਵਾਲੇ ਆ ਕੇ ਉਨ੍ਹਾਂ ਨਾਲ ਗੱਲ ਕਰਨ ਅਤੇ ਇਸ ਦਾ ਕੋਈ ਪੱਕਾ ਹੱਲ ਕੱਢਣ ਨਹੀਂ ਤਾਂ ਉਨ੍ਹਾਂ ਦਾ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।


rajwinder kaur

Content Editor

Related News