ਬੇਅਦਬੀ ਮਾਮਲੇ 'ਚ 3 ਮੁਲਜ਼ਮਾਂ ਨੂੰ ਮਿਲੀ ਜ਼ਮਾਨਤ; ਸਿੱਖ ਸੰਗਠਨਾਂ ਵੱਲੋਂ ਅਦਾਲਤ ਦੇ ਬਾਹਰ ਪ੍ਰਦਰਸ਼ਨ
Wednesday, Aug 26, 2020 - 10:48 AM (IST)
ਸਿਰਸਾ (ਲਲਿਤ): ਰਾਣੀਆਂ ਬਲਾਕ ਦੇ ਪਿੰਡ ਸੰਤ ਨਗਰ ਦੇ ਨੇੜੇ ਪੰਜ ਦਿਨ ਪਹਿਲਾਂ ਢਾਣੀ ਚੇਲਿਆਵਾਲੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੇ ਜਾਣ ਦੇ ਮਾਮਲੇ 'ਚ ਤਿੰਨ ਮੁਲਜ਼ਮਾਂ ਨੂੰ ਏਲਨਾਬਾਦ ਅਦਾਲਤ ਵਲੋਂ ਜ਼ਮਾਨਤ ਦੇ ਦਿੱਤੀ ਗਈ। ਇਸ ਮਾਮਲੇ 'ਚ ਮੁਲਜ਼ਮ ਕੁਲਵੰਤ ਸਿੰਘ, ਜਸਬੀਰ ਸਿੰਘ ਅਤੇ ਜਸਵੰਤ ਸਿੰਘ ਨੂੰ ਅਦਾਲਤ ਵਲੋਂ ਜ਼ਮਾਨਤ ਦਿੱਤੇ ਜਾਣ ਦੇ ਵਿਰੋਧ 'ਚ ਸਿੱਖ ਸੰਗਠਨਾਂ ਦੇ ਆਗੂਆਂ ਨੇ ਰੋਸ ਮੁਜ਼ਾਹਰਾ ਕਰਦੇ ਏਲਨਾਬਾਦ ਅਦਾਲਤ ਦੇ ਮੁੱਖ ਗੇਟ ਅੱਗੇ ਧਰਨਾ ਲਾ ਦਿੱਤਾ। ਧਰਨੇ ਦੌਰਾਨ ਸਿੱਖ ਸੰਗਠਨਾਂ ਦੇ ਆਗੂਆਂ ਨੇ ਪੁਲਸ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਖਾਲਿਸਤਾਨ ਪੱਖੀ ਨਾਅਰੇ ਲਾਏ।ਸਿੱਖ ਜਥੇਬੰਦੀਆਂ ਵਲੋਂ ਏਲਨਾਬਾਦ ਕੋਰਟ ਦੇ ਗੇਟ 'ਤੇ ਦਿੱਤਾ ਗਿਆ ਇਹ ਧਰਨਾ ਦੋ ਘੰਟੇ ਤੱਕ ਜਾਰੀ ਰਿਹਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਹਰਿਆਣਾ ਦੇ ਪ੍ਰਧਾਨ ਸੁਖਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ 'ਚ ਸ਼ਾਮਲ ਬੀਬੀ ਨੂੰ ਅਦਾਲਤ ਨੇ ਪਹਿਲੇ ਦਿਨ ਹੀ ਜ਼ਮਾਨਤ ਦੇ ਕੇ ਸਿੱਖਾਂ ਦੇ ਹਿਰਦਿਆਂ ਨੂੰ ਵਲੂਧਰ ਦਿੱਤਾ ਸੀ ਪਰ ਅੱਜ ਇਸ ਮਾਮਲੇ ਦੇ ਤਿੰਨ ਹੋਰ ਮੁਲਜ਼ਮਾਂ ਨੂੰ ਅਦਾਲਤ ਵਲੋਂ ਜ਼ਮਾਨਤ ਦੇ ਦਿੱਤੀ ਗਈ ਹੈ।ਜਰਨੈਲ ਸਿੰਘ ਬਰਾੜ ਨੇ ਆਖਿਆ ਕਿ ਪੁਲਸ ਨੇ ਸਿਆਸੀ ਦਬਾਅ ਹੇਠ ਆ ਕੇ ਇਸ ਮਾਮਲੇ 'ਚ ਮੁਲਜ਼ਮਾਂ ਖ਼ਿਲਾਫ ਧਾਰਾ 295 ਅਤੇ 295 ਏ ਤਹਿਤ ਮਾਮਲਾ ਦਰਜ ਕੀਤਾ ਹੈ, ਜਿਸ ਕਾਰਨ ਮੁਲਜ਼ਮਾਂ ਨੂੰ ਜ਼ਮਾਨਤ ਮਿਲਣ 'ਚ ਆਸਾਨੀ ਰਹੀ ਹੈ। ਸਿੱਖ ਆਗੂਆਂ ਨੇ ਕਿਹਾ ਕਿ ਜਿੰਨਾ ਸਮਾਂ ਉਨ੍ਹਾਂ ਨੂੰ ਨਿਆ ਨਹੀਂ ਮਿਲਦਾ ਉਹ ਇੱਥੇ ਧਰਨਾ ਜਾਰੀ ਰੱਖਣਗੇ। ਇਸ ਦੌਰਾਨ ਧਰਨੇ 'ਤੇ ਬੈਠੇ ਸਿੱਖ ਆਗੂਆਂ ਨੂੰ ਪੁਲਸ ਪ੍ਰਸ਼ਾਸਨ ਨੇ ਵਿਸ਼ਵਾਸ ਦਿੱਤਾ ਗਿਆ ਕਿ ਇਸ ਮਾਮਲੇ 'ਚ ਮੁਲਜ਼ਮਾਂ ਖ਼ਿਲਾਫ਼ ਹੋਰ ਧਾਰਾਵਾਂ ਲਗਾ ਕੇ ਉਨ੍ਹਾਂ ਦੀ ਜ਼ਮਾਨਤ ਨਹੀਂ ਹੋਣ ਦਿੱਤੀ ਜਾਵੇਗੀ।ਪ੍ਰਸ਼ਾਸਨ ਦੇ ਇਸ ਵਿਸ਼ਵਾਸ ਤੋਂ ਬਾਅਦ ਸਿੱਖ ਸੰਗਤਾਂ ਵਲੋਂ ਇਹ ਧਰਨਾ ਸਮਾਪਤ ਕੀਤਾ ਗਿਆ।ਇਸ ਮੌਕੇ ਐੱਸ.ਜੀ.ਪੀ.ਸੀ. ਮੈਂਬਰ ਜਗਸੀਰ ਸਿੰਘ ਮਾਂਗੇਆਣਾ, ਗੁਰਮੀਤ ਸਿੰਘ ਤਿਲੋਕੇਵਾਲਾ, ਬਾਬਾ ਕੁਦੰਨ ਸਿੰਘ, ਮੇਜਰ ਸਿੰਘ, ਬਾਬਾ ਪ੍ਰੀਤਮ ਸਿੰਘ ਮੱਲੜੀ, ਪ੍ਰਕਾਸ਼ ਸਿੰਘ ਸਾਹੂਵਾਲਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਲਖਵਿੰਦਰ ਸਿੰਘ, ਭਾਈ ਮਨਦੀਪ ਸਿੰਘ ਮੌਜੂਦ ਹਨ।
ਮਾਮਲੇ 'ਚ ਹੋਰ ਧਰਾਵਾਂ ਨੂੰ ਕੀਤਾ ਸ਼ਾਮਲ : ਡੀ. ਐੱਸ. ਪੀ.
ਏਲਨਾਬਾਦ ਦੇ ਡੀ.ਐੱਸ.ਪੀ. ਜਗਤ ਸਿੰਘ ਨੇ ਆਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਮਾਮਲੇ 'ਚ ਹੁਣ ਧਾਰਾ 153,153 ਏ ਸ਼ਾਮਲ ਕੀਤੀਆਂ ਗਈਆਂ ਹਨ ਅਤੇ ਅਦਾਲਤ ਤੋਂ ਮੁਲਜ਼ਮਾਂ ਦੀ ਜ਼ਮਾਨਤਾਂ ਰੱਦ ਕਰਨ ਲਈ ਅਪੀਲ ਕੀਤੀ ਜਾਵੇਗੀ।