ਹਸਮੁੱਖ ''ਤੇ ਮਿਲਾਪੜੇ ਸੁਭਾਅ ਦੇ ਮਾਲਕ ਸਨ ''ਮਨਜੀਤ ਕੌਰ''

02/10/2018 5:39:26 PM

ਝਬਾਲ (ਲਾਲੂਘੁੰਮਣ)-'ਜ਼ਿੰਦਗੀ ਕੇ ਸਬਰਮ ਮੇਂ ਯਾਦਗਾਰ ਆਤੇਂ ਹੈਂ, ਲੌਟ ਕਰ ਵੋ ਨਹੀਂ ਆਤੇ ਜੋ ਇਕ ਬਾਰ ਖੋ ਜਾਤੇਂ ਹੈਂ। ਇਹ ਸਤਰਾਂ ਭਾਂਵੇ ਇਕ ਉਰਦੂ ਦੇ ਸ਼ਾਇਰ ਦੀ ਨਜ਼ਮ ਦੀਆਂ ਹਨ, ਪਰ ਜ਼ਿੰਦਗੀ ਦੀ ਸੱਚੀ ਕਹਾਣੀ ਦਾ ਹਕੀਕੀ ਸੱਚ ਬਿਆਨ ਕਰਦੀਆਂ ਹਨ। ਖੇਤਰ ਦੇ ਪ੍ਰਸਿੱਧ ਕਾਰੋਬਾਰੀ ਭੁਪਿੰਦਰ ਸਿੰਘ ਘਈ, ਜੋ ਕਿ ਬਾ-ਮੁਕਾਮ ਹੋਣ ਕਰਕੇ ਕਿਸੇ ਜਾਣ-ਪਛਾਣ ਦੇ ਮੁਥਾਜ ਨਹੀਂ ਹਨ, ਪਰ ਅੱਜ ਉਨ੍ਹਾਂ ਦੀ ਜ਼ਿੰਦਗੀ ਇਕ ਪੱਖ ਤੋਂ ਅਧੂਰੀ ਉਨ੍ਹਾਂ ਨੂੰ ਇਸ ਕਰਕੇ ਮਹਿਸੂਸ ਹੋ ਰਹੀ ਹੈ ਕਿਉਂਕਿ ਉਨ੍ਹਾਂ ਦੀ ਜ਼ਿੰਦਗੀ ਦੇ ਸਫਰ ਦਾ ਪੈਂਡਾ ਅੱਧ-ਵੱਟੇ ਹੀ ਬਿਖਰ ਗਿਆ ਹੈ। ਭੁਪਿੰਦਰ ਸਿੰਘ ਘਈ ਦੀ ਜੀਵਨ ਸਾਥਣ ਬੀਬੀ ਮਨਜੀਤ ਕੌਰ ਦਾ ਵਿਛੋੜਾ ਜਿਥੇ ਭੁਪਿੰਦਰ ਸਿੰਘ ਲਈ ਅਸਿਹ ਹੈ, ਉਥੇ ਹੀ ਘਈ ਪਰਿਵਾਰ ਦੇ ਵਿਹੜੇ ਦੀ ਰੌਸ਼ਨੀ 'ਮਨਜੀਤ ਕੌਰ' ਤੋਂ ਵਾਂਝੀ ਹੋ ਗਈ ਹੈ। ਇਕ ਧੀ ਅਤੇ ਇਕ ਪੁੱਤ ਆਪਣੀ ਮਾਂ ਦੇ ਲਾਡਾਂ ਅਤੇ ਪਿਆਰ ਤੋਂ ਸੱਖਣੇ ਹੋ ਗਏ ਹਨ। ਮਾਤਰ ਸਵਾ ਚਾਰ ਦਹਾਕੇ ਦੇ ਜ਼ਿੰਦਗੀ ਦਾ ਅੱਧ ਅਧੂਰਾ ਪੰਧ ਨਿਭਾਅ ਕੇ ਭਰ ਜਵਾਨੀ 'ਚ ਕਈ ਸੁਪਣੇ ਆਪਣੇ ਦਿਲ 'ਚ ਸਮੋ ਕੇ ਇਸ ਫਾਨੀ ਸੰਸਾਰ ਤੋਂ ਰੁਖਸਤ ਹੋਣ ਵਾਲੀ ਮਨਜੀਤ ਕੌਰ ਦੀ ਜੇਕਰ ਜ਼ਿੰਦਗੀ ਵੱਲ ਝਾਤ ਮਾਰੀ ਜਾਵੇ ਤਾਂ ਕਸਬਾ ਜੰਡਿਆਲਾ ਗੁਰੂ ਦੇ ਵਾਸੀ ਇੰਦਰ ਸਿੰਘ ਦੇ ਗ੍ਰਹਿ ਅਤੇ ਮਾਤਾ ਬਲਦੇਵ ਕੌਰ ਦੀ ਕੁੱਖੋਂ 28 ਮਾਰਚ 1974 ਨੂੰ ਇਸ ਦਾ ਜਨਮ ਹੋਇਆ। ਮਾਪਿਆਂ ਨੇ ਭਾਗਾਂ ਵਾਲੀ ਘਰ 'ਚ ਧੀ ਆਉਣ ਕਰਕੇ ਨਾਂਅ 'ਮਨ-ਜੀਤ' ਰੱਖਿਆ। ਉਚ ਵਿੱਦਿਆ ਦਿਵਾਉਣ ਉਪਰੰਤ 1994 'ਚ ਕਸਬਾ ਝਬਾਲ ਦੇ ਵਸਨੀਕ ਐੱਲ.ਆਈ.ਸੀ. ਇੰਸੋਰਿੰਸ ਕੰਪਨੀ 'ਚ ਵਿਕਾਸ ਅਫਸਰ ਕੁਲਵੰਤ ਸਿੰਘ ਦੇ ਫਰਜੰਦ ਪ੍ਰਸਿੱਧ ਕਾਰੋਬਾਰੀ ਭੁਪਿੰਦਰ ਸਿੰਘ ਘਈ ਨਾਲ ਮਨਜੀਤ ਕੌਰ ਦਾ ਵਿਆਹ ਮਾਪਿਆਂ ਨੇ ਚਾਵਾਂ ਨਾਲ ਕੀਤਾ। ਗ੍ਰਿਸਤੀ ਜ਼ਿੰਦਗੀ ਦੇ ਸੁਮੇਲ ਨੇ ਮਨਜੀਤ ਕੌਰ ਅਤੇ ਭੁਪਿੰਦਰ ਸਿੰਘ ਘਈ ਨੂੰ ਦੋ ਬਚਿੱਆਂ, ਧੀ ਅਤੇ ਪੁੱਤ ਦੀ ਅਨਮੁੱਲੀ ਦਾਤ ਦੇ ਭਾਗੀ ਬਣਾਇਆ। ਬਹੁਤ ਹੀ ਖੁਸ਼ੀਆਂ ਤੇ ਪਿਆਰ ਨਾਲ ਜੀਵਨ ਬਸਰ ਕਰ ਰਹੇ ਇਸ ਜੋੜੇ 'ਚ ਐਸੀ ਦੁੱਖ ਦੀ ਘੜੀ ਆ ਗਈ ਕਿ ਬੀਤੀ 6 ਫਰਵਰੀ ਨੂੰ ਸਵੇਰ ਦੇ ਤੜਕੇ ਸਾਢੇ ਚਾਰ ਵਜੇ ਮਨਜੀਤ ਕੌਰ ਆਪਣੇ ਦਿਲ 'ਚ ਕਈ ਸਧਰਾਂ ਨੂੰ ਦਫਨਾਅ ਕੇ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਈ। ਅੱਜ ਸਾਰਾ ਪਰਿਵਾਰ ਮਨਜੀਤ ਕੌਰ ਦੇ ਦੁੱਖ 'ਚ ਪੂਰੀ ਤਰ੍ਹਾਂ ਟੁੱਟਾ ਹੋਇਆ ਅਤੇ ਆਪਣੇ ਆਪ ਨੂੰ ਠੱਗਿਆ ਤਾਂ ਮਹਿਸੂਸ ਕਰ ਰਿਹਾ ਹੈ, ਨਾਲ ਹੀ ਘਈ ਪਰਿਵਾਰ ਨਾਲ ਸਬੰਧ ਰੱਖਣ ਵਾਲਿਆਂ ਦੇ ਹਿਰਦੇ ਵੀ ਗਮਗੀਨ ਹਨ ਅਤੇ ਹਰ ਦਿਲ ਭੁੱਬਾਂ ਮਾਰ ਰਿਹਾ ਹੈ। ਮਨਜੀਤ ਕੌਰ ਨਮਿੱਤ ਰਖਾਏ ਸ੍ਰੀ ਅਖੰਡ ਪਾਠ ਦੇ ਅੱਜ ਭੋਗ ਪਾਏ ਜਾਣ ਉਪਰੰਤ ਅੰਤਿਮ ਅਰਦਾਸ 'ਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਮਾਤਾ ਭਾਗੋ ਜੀ ਝਬਾਲ ਵਿਖੇ ਹੋ ਰਿਹਾ ਹੈ, ਜਿਥੇ ਘਈ ਪਰਿਵਾਰ ਨਾਲ ਦਿਲੀ ਸਾਂਝ ਰੱਖਣ ਵਾਲੀ ਹਰ ਸ਼ਖਸੀਅਤ ਵੱਲੋਂ ਉਥੇ ਪਹੁੰਚ ਕੇ ਮਨਜੀਤ ਕੌਰ ਨੂੰ ਦਿਲਾਂ ਦੀਆਂ ਗਹਿਰਾਈਆਂ 'ਚੋਂ ਸ਼ਰਧਾ ਦੇ ਫੁਲ ਭੇਂਟ ਕੀਤੇ ਜਾਣਗੇ।
 


Related News