ਜਵਾਨਾਂ ਨੇ ਮੋਟਰਸਾਈਕਲਾਂ ''ਤੇ ਦਿਖਾਏ ਕਰਤੱਬ
Sunday, Dec 03, 2017 - 07:41 AM (IST)
ਪੰਚਕੂਲਾ (ਚੰਦਨ) - ਪੰਚਕੂਲਾ ਦੇ ਭਾਨੂ ਸਥਿਤ ਭਾਰਤ-ਤਿੱਬਤ ਸਰਹੱਦ ਪੁਲਸ ਬਲ ਦੇ ਮੁਢਲੇ ਟ੍ਰੇਨਿੰਗ ਕੇਂਦਰ ਵਿਚ 18ਵੀਂ ਕੁਲ ਹਿੰਦ ਪੁਲਸ ਸ਼ੂਟਿੰਗ ਪ੍ਰਤੀਯੋਗਿਤਾ ਦਾ ਉਦਘਾਟਨ ਸਮਾਰੋਹ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ। ਸਮਾਰੋਹ ਦੇ ਮੁੱਖ ਮਹਿਮਾਨ ਦੇ ਤੌਰ 'ਤੇ ਪੰਜਾਬ ਦੇ ਰਾਜਪਾਲ ਵੀ. ਪੀ. ਬਦਨੌਰ ਸਨ। ਕੇਂਦਰੀ ਹਥਿਆਰਬੰਦ ਬਲ ਅਤੇ ਸੂਬਾਈ ਪੁਲਸ ਬਲਾਂ ਦੇ ਕਈ ਸੀਨੀਅਰ ਅਧਿਕਾਰੀਆਂ ਨੇ ਵੀ ਇਸ ਸਮਾਰੋਹ ਵਿਚ ਸ਼ਿਰਕਤ ਕੀਤੀ। ਇਹ ਪ੍ਰਤੀਯੋਗਿਤਾ 2 ਤੋਂ 7 ਦਸੰਬਰ ਤਕ ਆਯੋਜਿਤ ਕੀਤੀ ਜਾ ਰਹੀ ਹੈ। ਪ੍ਰਤੀਯੋਗਿਤਾ ਵਿਚ ਕੁਲ 34 ਟੀਮਾਂ ਹਿੱਸਾ ਲੈ ਰਹੀਆਂ ਹਨ। ਕੇਂਦਰੀ ਹਥਿਆਰਬੰਦ ਬਲ ਅਤੇ ਸੂਬਾਈ ਪੁਲਸ ਬਲਾਂ ਦੀ ਤਕਨੀਕੀ ਨਿਪੁੰਨਤਾ ਨੂੰ ਪਰਖਣ ਲਈ ਪ੍ਰਤੀਯੋਗਿਤਾ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿਚ 16 ਮਹਿਲਾ ਪ੍ਰਤੀਯੋਗੀਆਂ ਸਮੇਤ ਕਰੀਬ 843 ਪ੍ਰਤੀਯੋਗੀ ਆਪਣੇ ਬਲ ਅਤੇ ਸੂਬਾਈ ਪੁਲਸ ਦੀ ਪ੍ਰਤੀਨਿਧਤਾ ਕਰ ਰਹੇ ਹਨ। ਪ੍ਰਤੀਯੋਗਤਾ ਦੌਰਾਨ ਕਾਰਬਾਈਨ ਅਤੇ ਪਿਸਟਲ ਦੇ 8 ਮੁਕਾਬਲਿਆਂ ਅਤੇ ਰਾਈਫਲ ਸ਼ੂਟਿੰਗ ਦੇ 5 ਮੁਕਾਬਲਿਆਂ ਸਮੇਤ ਕੁਲ 13 ਮੁਕਾਬਲਿਆਂ ਦਾ ਆਯੋਜਨ ਕੀਤਾ ਜਾਵੇਗਾ। ਸ਼ੁਰੂਆਤੀ ਪ੍ਰੋਗਰਾਮ ਵਿਚ ਜਾਂਬਾਜ਼ਾਂ ਵਲੋਂ ਮੋਟਰਸਾਈਕਲਾਂ 'ਤੇ ਕਰਤੱਬ ਦਿਖਾਏ ਗਏ, ਨਾਲ ਹੀ ਮਹਿਲਾ ਵਿਰਾਂਗਣਾਵਾਂ ਵਲੋਂ ਬੈਂਡ ਅਤੇ ਡਰਿੱਲ ਦਾ ਵੀ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਈ. ਟੀ. ਬੀ. ਪੀ. ਦੇ ਉਪ ਸੈਨਾਨੀ ਅਵਦੇਸ਼ ਕੁਮਾਰ ਦੀ ਅਗਵਾਈ ਵਿਚ ਹਾਜ਼ਰ ਸਾਰੀਆਂ ਟੀਮਾਂ ਨੇ ਮਾਰਚ ਪਾਸਟ ਕੀਤਾ ਅਤੇ ਮੁਢਲੇ ਟ੍ਰੇਨਿੰਗ ਕੇਂਦਰ ਭਾਨੂ ਦੇ ਪਾਈਪ ਬੈਂਡ ਦੀ ਮਿੱਠੀ ਧੁਨ 'ਤੇ ਸਾਰੇ ਕੇਂਦਰੀ ਹਥਿਆਰਬੰਦ ਬਲ ਅਤੇ ਸੂਬਾਈ ਪੁਲਸ ਬਲਾਂ ਦੀਆਂ ਟੀਮਾਂ ਨੇ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਇਸ ਮੌਕੇ ਆਈ. ਟੀ. ਬੀ. ਪੀ. ਦੇ ਡਾਇਰੈਕਟਰ ਜਨਰਲ ਆਰ. ਕੇ. ਪੰਚਨੰਦਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਾਲ 2006 ਅਤੇ 2008 ਵਿਚ ਵੀ ਇਸ ਪ੍ਰਤੀਯੋਗਿਤਾ ਨੂੰ ਭਾਰਤੀ-ਤਿੱਬਤ ਬਲ ਵਲੋਂ ਆਯੋਜਿਤ ਕਰਵਾਇਆ ਗਿਆ ਸੀ।
ਕੁੱਤਿਆਂ ਨੇ ਵੀ ਦਿਖਾਏ ਕਰਤੱਬ
ਸ਼ਨੀਵਾਰ ਨੂੰ ਸ਼ੂਟਿੰਗ ਪ੍ਰਤੀਯੋਗਿਤਾ 'ਚ 3 ਕੁੱਤਿਆਂ ਨੇ ਪ੍ਰਦਰਸ਼ਨ ਕੀਤਾ। ਆਈ. ਟੀ. ਬੀ. ਪੀ. ਦੇ ਸਬ ਇੰਸ. ਹਰੀ ਚੰਦ ਨੇ ਦੱਸਿਆ ਕਿ ਉਨ੍ਹਾਂ ਦੇਸ਼ ਦੇ ਕਈ ਸੁਰੱਖਿਆ ਬਲਾਂ ਦੇ ਕੁੱਤਿਆਂ ਨੂੰ ਟ੍ਰੇਂਡ ਕਰਕੇ ਭੇਜਿਆ ਹੈ। ਹਰੀ ਚੰਦ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ 3 ਕੁੱਤੇ ਹਨ, ਜਿਨ੍ਹਾਂ ਨੂੰ ਅਪਰਾਧਿਕ ਘਟਨਾਵਾਂ ਦੀ ਜਾਂਚ ਲਈ ਤਿਆਰ ਕੀਤਾ ਗਿਆ ਹੈ।
