ਕਾਰ ਸਵਾਰ ਲੁਟੇਰਿਆਂ ਤੇ ਪੁਲਸ ਵਿਚਕਾਰ ਚੱਲੀਆਂ ਗੋਲੀਆਂ, ਇਕ ਕਾਬੂ

Sunday, Jan 10, 2021 - 01:21 AM (IST)

ਕਾਰ ਸਵਾਰ ਲੁਟੇਰਿਆਂ ਤੇ ਪੁਲਸ ਵਿਚਕਾਰ ਚੱਲੀਆਂ ਗੋਲੀਆਂ, ਇਕ ਕਾਬੂ

ਬਟਾਲਾ, (ਬੇਰੀ, ਸਾਹਿਲ)- ਲੁੱਟ ਦੀ ਵਾਰਦਾਤ ਕਰ ਕੇ ਆ ਰਹੇ ਕਾਰ ਸਵਾਰ ਲੁਟੇਰਿਆਂ ਅਤੇ ਪੁਲਸ ਵਿਚਕਾਰ ਗੋਲੀਆਂ ਚੱਲਣ ਦਾ ਸਮਾਚਾਰ ਮਿਲਿਆ ਹੈ।
ਇਸ ਸਬੰਧੀ ਐੱਸ. ਐੱਸ. ਪੀ. ਬਟਾਲਾ ਰਛਪਾਲ ਸਿੰਘ ਨੇ ਦੱਸਿਆ ਕਿ ਸ਼ਾਮ ਸਮੇਂ 2 ਨੌਜਵਾਨ ਅੰਮ੍ਰਿਤਸਰ ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਸ਼੍ਰੀ ਧਿਆਨਪੁਰ ਧਾਮ ਵਿਖੇ ਮੱਥਾ ਟੇਕਣ ਲਈ ਜਾ ਰਹੇ ਸੀ। ਜਦੋਂ ਇਹ ਪਿੰਡ ਸੇਖਵਾਂ ਕੋਲ ਪਹੁੰਚੇ ਤਾਂ ਇਸੇ ਦੌਰਾਨ ਇਕ ਕਾਰ ’ਚ ਸਵਾਰ ਤਿੰਨ ਲੁਟੇਰਿਆਂ ਨੇ ਇਨ੍ਹਾਂ ਨੂੰ ਰੋਕ ਲਿਆ ਅਤੇ ਪਿਸਤੌਲ ਦੀ ਨੋਕ ’ਤੇ ਚਾਂਦੀ ਦੀ ਚੇਨ, ਮੋਬਾਈਲ ਅਤੇ ਪਰਸ ਖੋਹ ਲਏ।
ਇਸ ਦੌਰਾਨ ਲੁੱਟ ਦਾ ਸ਼ਿਕਾਰ ਹੋਏ ਨੌਜਵਾਨਾਂ ਨੇ ਰਾਹਗੀਰ ਦੇ ਫੋਨ ਤੋਂ ਪੁਲਸ ਨੂੰ ਸੂਚਨਾ ਦਿੱਤੀ, ਜਿਸ ਉਪਰੰਤ ਤੁਰੰਤ ਹਰਕਤ ਵਿਚ ਆਉਂਦੇ ਥਾਣਾ ਘਣੀਏ ਕੇ ਬਾਂਗਰਸ ਦੇ ਐੈੱਸ. ਐੱਚ. ਓ. ਅਮੋਲਕਦੀਪ ਸਿੰਘ ਮੌਕੇ ’ਤੇ ਵਾਰਦਾਤ ਵਾਲੀ ਜਗ੍ਹਾ ’ਤੇ ਪਹੁੰਚੇ ਤਾਂ ਲੁੱਟ ਦਾ ਸ਼ਿਕਾਰ ਨੌਜਵਾਨਾਂ ਵੱਲੋਂ ਲੁਟੇਰਿਆਂ ਦੇ ਭੱਜਣ ਸਬੰਧੀ ਜਾਣਕਾਰੀ ਦਿੱਤੀ ਗਈ, ਜਿਸ ’ਤੇ ਐੱਸ. ਐੱਚ. ਓ. ਨੇ ਸਬੰਧਤ ਰਸਤੇ ’ਤੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਨਾਲ ਹੀ ਫਤਿਹਗੜ੍ਹ ਚੂੜੀਆਂ ਦੀ ਪੁਲਸ ਨੂੰ ਵੀ ਵਾਇਰਲੈੱਸ ਰਾਹੀਂ ਭੱਜਣ ਵਾਲੀ ਗੱਡੀ ਸਬੰਧੀ ਸੂਚਨਾ ਦੇ ਦਿੱਤੀ, ਜਿਸ ਤੋਂ ਬਾਅਦ ਫਤਿਹਗੜ੍ਹ ਚੂੜੀਆਂ ਦੇ ਡੀ. ਐੱਸ. ਪੀ. ਬਲਬੀਰ ਸਿੰਘ ਸੰਧੂ ਨੇ ਵੀ ਪੁਲਸ ਪਾਰਟੀ ਸਮੇਤ ਲੁਟੇਰਿਆਂ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ।
ਐੱਸ. ਐੱਸ. ਪੀ. ਰਛਪਾਲ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਜਦੋਂ ਰਾਹ ’ਚ ਲੁਟੇਰਿਆਂ ਦਾ ਪੁਲਸ ਨਾਲ ਟਾਕਰਾ ਹੋਇਆ ਤਾਂ ਉਨ੍ਹਾਂ ਨੇ ਪੁਲਸ ’ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ’ਤੇ ਪੁਲਸ ਨੇ ਵੀ ਜੁਆਬੀ ਫਾਇਰ ਕੀਤੇ। ਇਸੇ ਦੌਰਾਨ ਗੱਡੀ ਭਜਾਉਣ ਦੇ ਚੱਕਰ ਵਿਚ ਉਕਤ ਗੱਡੀ ’ਚੋਂ ਇਕ ਨੌਜਵਾਨ ਬਾਹਰ ਸੜਕ ’ਤੇ ਡਿੱਗ ਪਿਆ, ਜਿਸ ਨੂੰ ਤੁਰੰਤ ਪੁਲਸ ਨੇ ਕਾਬੂ ਕਰ ਲਿਆ। ਐੱਸ. ਐੱਸ. ਪੀ. ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨਾਂ ਵਿਅਕਤੀਆਂ ਦੀ ਪਛਾਣ ਹੋ ਗਈ ਹੈ ਅਤੇ ਬਾਕੀ 2 ਵੀ ਜਲਦ ਪੁਲਸ ਦੀ ਗ੍ਰਿਫਤ ’ਚ ਹੋਣਗੇ।


author

Bharat Thapa

Content Editor

Related News