ਨਗਰ ਕੌਂਸਲ ਚੋਣਾਂ ਦੌਰਾਨ ਨਾਮਜ਼ਦਗੀ ਭਰਨ ਆਏ ਅਕਾਲੀ-ਕਾਂਗਰਸੀਆਂ ਵਿਚਾਲੇ ਚੱਲੀਆਂ ਗੋਲੀਆਂ, 4 ਜ਼ਖਮੀ

Tuesday, Feb 02, 2021 - 09:19 PM (IST)

ਜਲਾਲਾਬਾਦ,(ਸੇਤੀਆ,ਸੁਮਿਤ,ਟੀਨੂੰ)- ਜਲਾਲਾਬਾਦ ਦੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਸ਼ਹਿਰ ਦੇ ਤਹਿਸੀਲ ਕੰਪਲੈਕਸ ’ਚ ਉਸ ਸਮੇਂ ਹਲਾਤ ਵਿਗੜ ਗਏ ਜਦੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਆਪਣੇ ਵਰਕਰਾਂ ਸਹਿਤ ਪਹੁੰਚੇ। ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਨਾਮਜ਼ਦਗੀ ਪੱਤਰ ਦਾਖਿਲ ਕਰਨ ਲਈ ਜਿੱਥੇ ਵਿਧਾਇਕ ਰਮਿੰਦਰ ਆਵਲਾ ਆਪਣੇ ਵਰਕਰਾਂ ਸਹਿਤ ਪਹੁੰਚੇ ਹੋਏ ਸਨ ਉੱਥੇ ਹੀ ਸੁਖਬੀਰ ਸਿੰਘ ਬਾਦਲ ਵੀ ਵੱਡੀ ਗਿਣਤੀ ’ਚ ਅਕਾਲੀ ਵਰਕਰਾਂ ਨਾਲ ਐਸ.ਡੀ.ਐਮ ਦਫਤਰ ਪਹੁੰਚੇ। ਇਸੇ ਦੌਰਾਨ ਜਦ ਦੋਵੇਂ ਪਾਰਟੀਆਂ ਦੇ ਵਰਕਰ ਆਹਮੋ-ਸਾਹਮਣੇ ਹੋਏ ਤਾਂ ਅਚਾਨਕ ਇੱਟਾਂ-ਰੋੜੇ ਚੱਲਣੇ ਸ਼ੁਰੂ ਹੋ ਗਏ ਅਤੇ ਇਸ ਦੌਰਾਨ ਫਾਇਰਿੰਗ ਵੀ ਸ਼ੁਰੂ ਹੋ ਗਈ।

PunjabKesariਇਸ ਘਟਨਾ ’ਚ ਦੋਵਾਂ ਪੱਖਾਂ ਦੇ 4 ਲੋਕ ਗੰਭੀਰ ਰੂਪ ’ਚ ਜਖਮੀ ਹੋ ਗਏ। ਜਿੰਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਉਧਰ ਮਹੌਲ ਵਿਗੜਦਾ ਦੇਖ ਜ਼ਿਲ੍ਹਾ ਸੀਨੀਅਰ ਪੁਲਸ ਕਪਤਾਨ ਹਰਜੀਤ ਸਿੰਘ ਭਾਰੀ ਪੁਲਸ ਫੋਰਸ ਨਾਲ ਤਹਿਸੀਲ ਕੰਪਲੈਕਸ ਪਹੁੰਚੇ ਅਤੇ ਉਨ੍ਹਾਂ ਨੇ ਪੁਲਸ ਦੀ ਮੱਦਦ ਨਾਲ ਦੋਵਾਂ ਪਾਰਟੀਆਂ ਦੀ ਭੀੜ ਨੂੰ ਖਦੇੜਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ । ਇਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵਰਕਰਾਂ ਸਹਿਤ ਸ਼ਹੀਦ ਊਧਮ ਸਿੰਘ ਚੌਂਕ ਪਹੁੰਚੇ ਜਿੱਥੇ ਉਨ੍ਹਾਂ ਨੇ ਪੁਲਸ ਅਧਿਕਾਰੀਆਂ ਅਤੇ ਕਾਂਗਰਸੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਰੋਸ ਧਰਨਾ ਦਿੱਤਾ। ਇਸ ਮੌਕੇ ਉਨ੍ਹਾਂ ਨੇ ਕਾਂਗਰਸੀਆਂ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਵਲੋਂ ਜਾਣਬੁੱਝ ਕੇ ਮਾਹੌਲ ਖਰਾਬ ਕੀਤਾ ਗਿਆ ਹੈ । ਉਧਰ ਸ਼ਾਮ ਤੱਕ ਚੱਲੇ ਧਰਨੇ ਤੋਂ ਬਾਅਦ ਜ਼ਿਲ੍ਹਾ ਸੀਨੀਅਰ ਪੁਲਸ ਕਪਤਾਨ ਨੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਧਰਨੇ ਨੂੰ ਸਮਾਪਤ ਕਰਵਾ ਦਿੱਤਾ। 

PunjabKesariਦੂਜੇ ਪਾਸੇ ਇਸ ਘਟਨਾ ਕ੍ਰਮ ਤੋਂ ਬਾਅਦ ਵਿਧਾਇਕ ਕੁਲਬੀਰ ਸਿੰਘ ਜੀਰਾ, ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਘੁਬਾਇਆ, ਗੁਰੂਹਰਸਹਾਏ ਤੋਂ ਖੇਡ ਮੰਤਰੀ ਦੇ ਬੇਟੇ ਰਘੁਮੀਤ ਸਿੰਘ ਸੋਢੀ, ਕਾਂਗਰਸ ਦੇ ਜਿਲਾ ਪ੍ਰਧਾਨ ਰੰਜਮ ਕਾਮਰਾ ਨੇ ਸਾਂਝੇ ਤੌਰ ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਕ ਪਾਸੇ ਜਿੱਥੇ ਦਿੱਲੀ ’ਚ ਸ਼ੈਸਨ ਚੱਲ ਰਿਹਾ ਹੈ ਅਤੇ ਪੰਜਾਬ ਦੇ ਮੈਂਬਰ ਪਾਰਲੀਮੈਂਟਾਂ ਨੂੰ ਆਪਣੀ ਆਵਾਜ ਕਿਸਾਨੀ ਦੇ ਹੱਕਾਂ ’ਚ ਬੁਲੰਦ ਕਰਨੀ ਚਾਹੀਦੀ ਹੈ। ਪਰ ਸੁਖਬੀਰ ਸਿੰਘ ਬਾਦਲ ਰਾਤ ਨੂੰ ਚੱਲ ਕੇ ਬਾਦਲ ਪਿੰਡ ਪਹੁੰਚਦਾ ਹੈ ਅਤੇ ਸਵੇਰੇ ਗੁੰਡਿਆਂ ਦੀ ਫੌਜ ਲੈ ਕੇ ਜਲਾਲਾਬਾਦ ਦੇ ਤਹਿਸੀਲ ਕੰਪਲੈਕਸ ’ਚ ਪਹੁੰਚ ਜਾਂਦਾ ਹੈ ਅਤੇ ਇਨ੍ਹਾਂ ਕੋਲ ਪੂਰੀ ਤਰ੍ਹਾਂ ਅਸਲ੍ਹਾ, ਡਾਂਗਾਂ, ਦਸਤੇ ਤੋਂ ਇਲਾਵਾ ਟਰਾਲੀਆਂ ’ਚ ਇੱਟਾਂ ਰੋੜੇ ਅਤੇ ਪੱਥਰ ਮੌਜੂਦ ਸਨ।

PunjabKesariਜਦਕਿ ਰਮਿੰਦਰ ਆਵਲਾ ਆਪਣੇ ਉਮੀਦਵਾਰਾਂ ਦੇ ਨਾਲ ਸ਼ਾਂਤੀਪੂਰਵਕ ਤਹਿਸੀਲ ’ਚ ਨਾਮਜਾਦਗੀ ਪੱਤਰ ਦਾਖਲ ਕਰਵਾਉਣ ਆਏ ਸਨ। ਇਸ ਦੌਰਾਨ ਅਕਾਲੀ ਦਲ ਦੇ ਗੁੰਡਿਆਂ ਨੇ ਗੋਲੀਆਂ ਚਲਾਈਆਂ ਅਤੇ ਕਾਂਗਰਸ ਦੇ ਦੋ ਵਰਕਰ ਬੁਰੀ ਤਰ੍ਹਾਂ ਜਖਮੀ ਹੋ ਗਏ ਅਤੇ ਜੋ ਅਕਾਲੀ ਦਲ ਦੇ ਵਰਕਰਾਂ ਨੂੰ ਗੋਲੀਆਂ ਲੱਗੀਆਂ ਉਹ ਸੁਖਬੀਰ ਸਿੰਘ ਬਾਦਲ ਦੇ ਗੁੰਡਿਆਂ ਵਲੋਂ ਹੀ ਚਲਾਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਅੱਜ ਮੁੱਖ ਮੰਤਰੀ ਪੰਜਾਬ ਵਲੋਂ ਸਰਬ ਪਾਰਟੀ ਮੀਟਿੰਗ ਬੁਲਾਈ ਗਈ ਸੀ ਪਰ ਸੁਖਬੀਰ ਸਿੰਘ ਬਾਦਲ ਇਕ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਆਪਣੇ ਗੁੰਡਿਆਂ ਨੂੰ ਲੈ ਕੇ ਪਹੁੰਚ ਜਾਂਦੇ ਹਨ। ਇਸ ਤੋਂ ਸਾਫ ਹੈ ਕਿ ਇਨ੍ਹਾਂ ਨੂੰ ਕਿਸਾਨੀ ਮੁੱਦਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੇ 15 ਸਾਲਾਂ ਤੋਂ ਅਕਾਲੀ ਦਲ ਵਲੋਂ ਕਾਂਗਰਸੀਆਂ ਦੀਆਂ ਫਾਇਲਾਂ ਜਬਰਦਸਤੀ ਚੁਕਵਾਈਆਂ ਜਾਂਦੀਆਂ ਸੀ ਅਤੇ ਮੁਕੱਦਮੇ ਦਰਜ ਕਰਵਾਏ ਜਾਂਦੇ ਸਨ ਅਤੇ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਹੁਣ ਸਰਕਾਰ ਕਾਂਗਰਸ ਪਾਰਟੀ ਦੀ ਹੈ ਅਤੇ ਅਕਾਲੀ ਦਲ ਦੀ ਗੁੰਡਾਗਰਦੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਨ੍ਹਾਂ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ।  


Bharat Thapa

Content Editor

Related News