ਸ਼ਾਰਟ ਸਰਕਟ ਨਾਲ ਲੱਗੀ ਅੱਗ, ਦੋ ਏਕੜ ਕਣਕ ਦੀ ਫਸਲ ਸੜ ਕੇ ਸੁਆਹ
Saturday, Apr 24, 2021 - 06:12 PM (IST)
ਭੋਗਪੁਰ (ਰਾਣਾ ਭੋਗਪੁਰੀਆ) : ਅੱਜ ਦੁਪਹਿਰ ਨਜ਼ਦੀਕੀ ਪਿੰਡ ਚਾੜਕੇ (ਲੁਹਾਰਾ) ਵਿਖੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਅੱਗ ਨਾਲ ਇਕ ਕਿਸਾਨ ਦੀ ਦੋ ਏਕੜ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਲਸ਼ਕਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਚਾੜਕੇ ਦੇ ਖੇਤਾਂ ਉੱਪਰ ਦੀ ਲੰਘਦੀ ਬਿਜਲੀ ਦੀ ਸਪਲਾਈ ਲਾਈਨ ’ਚੋਂ ਨਿਕਲੇ ਚੰਗਿਆੜਿਆਂ ਕਾਰਨ ਉਸ ਦੀ ਖੜ੍ਹੀ ਫ਼ਸਲ ਨੂੰ ਅੱਗ ਲੱਗ ਗਈ ਤੇ ਦੇਖਦੇ ਹੀ ਦੇਖਦੇ 2 ਏਕੜ ਫਸਲ ਬੁਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ ।
ਮੌਕੇ ’ਤੇ ਹਾਜ਼ਰ ਪਿੰਡ ਵਾਸੀਆਂ ਨੇ ਦੱਸਿਆ ਕਿ ਖੇਤਾਂ ਉਪਰੋਂ ਦੀ ਲੰਘਦੀਆਂ ਬਿਜਲੀ ਦੀਆਂ ਤਾਰਾਂ ਕਾਫੀ ਸਮੇਂ ਤੋਂ ਢਿੱਲੀਆਂ ਹੋਈਆਂ ਪਈਆਂ ਸਨ । ਪਾਵਰਕਾਮ ਅਧਿਕਾਰੀਆਂ ਨੂੰ ਇਸ ਬਾਰੇ ਵਾਰ-ਵਾਰ ਸੂਚਿਤ ਕੀਤਾ ਗਿਆ ਪਰ ਕਿਸੇ ਦੇ ਵੀ ਕੰਨ ਤੇ ਜੂੰ ਤੱਕ ਨਹੀਂ ਸਰਕੀ ਅਤੇ ਸਿੱਟੇ ਵਜੋਂ ਅੱਜ ਬਿਜਲੀ ਦੀਆਂ ਤਾਰਾਂ ’ਚੋਂ ਹੋਈ ਸਪਾਰਕਿੰਗ ਅੱਗ ਲੱਗਣ ਕਾਰਨ ਇਹ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਉਨ੍ਹਾਂ ਇਸ ਹਾਦਸੇ ਲਈ ਪਾਵਰਕਾਮ ਅਧਿਕਾਰੀਆਂ ਨੂੰ ਜ਼ਿੰਮੇਵਾਰ ਦੱਸਦਿਆਂ ਪੀੜਤ ਕਿਸਾਨ ਨੂੰ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।