ਭੁੱਚੋ ਮੰਡੀ ’ਚ ਹਰ ਮਹੀਨੇ ਦੇ ਆਖ਼ਰੀ ਐਤਵਾਰ ਦੁਕਾਨਾਂ ਰਹਿਣਗੀਆਂ ਬੰਦ
Saturday, Jul 25, 2026 - 10:38 AM (IST)
ਭੁੱਚੋ ਮੰਡੀ (ਨਾਗਪਾਲ) : ਭੁੱਚੋ ਮੰਡੀ ਦੀਆਂ ਪ੍ਰਮੁੱਖ ਵਪਾਰਕ ਜੱਥੇਬੰਦੀਆਂ ਕਰਿਆਨਾ ਐਸੋਸੀਏਸ਼ਨ, ਰੈਡੀਮੇਡ ਐਂਡ ਜਨਰਲ ਸਟੋਰ ਐਸੋਸੀਏਸ਼ਨ ਅਤੇ ਕੱਪੜਾ ਐਸੋਸੀਏਸ਼ਨ ਵੱਲੋਂ ਵੱਖ-ਵੱਖ ਮੀਟਿੰਗਾਂ ਕਰ ਕੇ ਸਰਬ ਸੰਮਤੀ ਨਾਲ ਅਹਿਮ ਫੈਸਲਾ ਲਿਆ ਗਿਆ ਕਿ ਹੁਣ ਹਰ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਦੁਕਾਨਾਂ ਬੰਦ ਰੱਖੀਆਂ ਜਾਣਗੀਆਂ। ਮੀਟਿੰਗਾਂ ਦੌਰਾਨ ਵਪਾਰੀਆਂ ਨੇ ਕਿਹਾ ਕਿ ਲਗਾਤਾਰ ਵਪਾਰਕ ਰੁਝੇਵਿਆਂ ਕਾਰਨ ਦੁਕਾਨਦਾਰਾਂ ਅਤੇ ਕਰਮਚਾਰੀਆਂ ਨੂੰ ਆਰਾਮ ਅਤੇ ਪਰਿਵਾਰ ਨਾਲ ਸਮਾਂ ਬਤਾਉਣ ਦਾ ਮੌਕਾ ਨਹੀਂ ਮਿਲਦਾ। ਇਸ ਲਈ ਮਹੀਨੇ ਵਿਚ ਇਕ ਦਿਨ ਸਮੂਹਿਕ ਛੁੱਟੀ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਫ਼ੈਸਲੇ ਨਾਲ ਵਪਾਰੀਆਂ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਰਾਹਤ ਮਿਲੇਗੀ ਅਤੇ ਉਹ ਨਵੇਂ ਉਤਸ਼ਾਹ ਨਾਲ ਆਪਣੇ ਕਾਰੋਬਾਰ ਨੂੰ ਚਲਾ ਸਕਣਗੇ।
ਵਪਾਰਕ ਜੱਥੇਬੰਦੀਆਂ ਨੇ ਦੱਸਿਆ ਕਿ ਇਹ ਫ਼ੈਸਲਾ ਆਪਸੀ ਸਹਿਮਤੀ ਅਤੇ ਵਪਾਰੀਆਂ ਦੇ ਸਾਂਝੇ ਹਿੱਤਾਂ ਨੂੰ ਧਿਆਨ 'ਚ ਰੱਖਦਿਆ ਲਿਆ ਗਿਆ ਹੈ। ਉਨ੍ਹਾਂ ਮੰਡੀ ਦੇ ਸਮੂਹ ਦੁਕਾਨਦਾਰਾਂ ਨੂੰ ਇਸ ਫ਼ੈਸਲੇ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਸ ਨਾਲ ਮੰਡੀ ਵਿਚ ਏਕਤਾ ਅਤੇ ਆਪਸੀ ਭਾਈਚਾਰਾ ਹੋਰ ਮਜ਼ਬੂਤ ਹੋਵੇਗਾ। ਆਗੂਆਂ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਖਰੀਦਦਾਰੀ ਦੀ ਯੋਜਨਾ ਇਸ ਫ਼ੈਸਲੇ ਅਨੁਸਾਰ ਬਣਾਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।
